''ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ ਪਟੀਸ਼ਨ ਸਪੀਕਰ ਨੂੰ ਸੌਂਪੀ''
Saturday, Nov 21, 2020 - 01:33 PM (IST)

ਅੰਮ੍ਰਿਤਸਰ (ਅਨਜਾਣ): ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਮੀਟਿੰਗ ਹੋਈ। ਇਸ 'ਚ ਉਚੇਚੇ ਤੌਰ 'ਤੇ ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਨੇਤਾਵਾਂ ਨੇ ਕਿਹਾ ਕਿ ਪੰਜਾਬ ਅਧਿਕਾਰ ਯਾਤਰਾ ਦੇ ਆਖ਼ਰੀ ਦਿਨ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਪਟੀਸ਼ਨ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਨਾਲ ਵੱਡੀ ਗਿਣਤੀ 'ਚ ਪਾਰਟੀ ਅਹੁਦੇਦਾਰ ਤੇ ਵਰਕਰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਬਹਾਦਰਗੜ੍ਹ, ਰਾਜਪੁਰਾ, ਬਨੂੜ, ਮੁਹਾਲੀ ਤੱਕ ਵੱਡੀ ਗਿਣਤੀ 'ਚ ਪੁੱਜੇ। ਪਾਰਟੀ ਪ੍ਰਧਾਨ ਵਲੋਂ ਸਪੀਕਰ ਨੂੰ ਤਿੰਨ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਪਾਣੀ ਦੇ ਬਿੱਲ ਨਹੀਂ ਭੇਜੇ ਜਾਂਦੇ ਤਾਂ ਜਿੱਥੋਂ ਨਹਿਰਾਂ ਰਾਹੀਂ ਰਾਜਥਾਨ ਨੂੰ ਪਾਣੀ ਜਾਂਦਾ ਹੈ ਉਥੋਂ ਮੋਘੇ ਬਣਾ ਕੇ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਖੇਤਾਂ ਨੂੰ ਪਾਣੀ ਦੇਵੇਗੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਇਸ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾ ਕੇ ਰਹਾਂਗੇ। ਉਨ੍ਹਾਂ ਬੈਂਸ ਨੂੰ ਸੂਬੇ ਦੇ ਪਾਣੀਆਂ ਦਾ ਰਾਖਾ ਐਲਾਨਦਿਆਂ ਕਿਹਾ ਕਿ ਬੈਂਸ ਨੇ ਸੂਬੇ ਦੇ ਹੱਕਾਂ ਦੀ ਲੜਾਈ ਲਈ ਨਵੀਂ ਪਿਰਤ ਪਾਈ ਹੈ ਤੇ ਜਿੰਨੀ ਦੇਰ ਤੱਕ ਸਾਡੇ ਪਾਣੀਆਂ ਦਾ ਮੁੱਲ ਨਹੀਂ ਮਿਲ ਜਾਂਦਾ ਉਨਾਂ ਸਮਾਂ ਚੈਨ ਨਾਲ ਨਾ ਤਾਂ ਖੁਦ ਬੈਠਾਂਗੇ ਤੇ ਨਾ ਹੀ ਸਰਕਾਰਾਂ ਨੂੰ ਬੈਠਣ ਦੇਵਾਂਗੇ।
ਇਹ ਵੀ ਪੜ੍ਹੋ : ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲਵੱਕੜੀ 'ਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ 'ਚ ਅਸਫ਼ਲ: ਹਵਾਰਾ ਕਮੇਟੀ