ਬੰਧੂਆ ਮਜ਼ਦੂਰੀ ਦੀਆਂ ਮਿਲੀਆਂ 25 ਸ਼ਿਕਾਇਤਾਂ, ਸਾਰੀਆਂ ਜਾਅਲੀ

11/21/2020 3:05:02 PM

ਅੰਮ੍ਰਿਤਸਰ (ਨੀਰਜ) : ਕੇਂਦਰ ਅਤੇ ਸੂਬਾ ਸਰਕਾਰ ਤੋਂ ਇਲਾਵਾ ਅਦਾਲਤ ਅਤੇ ਕਿਰਤ ਵਿਭਾਗ ਵੱਲੋਂ ਦੇਸ਼ ਵਿਚ ਬੰਧੂਆ ਮਜ਼ਦੂਰੀ ਖਤਮ ਕਰਨ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਲਈ ਸਖ਼ਤ ਕਨੂੰਨ ਵੀ ਬਣਾਏ ਜਾ ਚੁੱਕੇ ਹਨ ਪਰ ਇੱਟ ਭੱਠਿਆਂ ਦੇ ਮਾਮਲਿਆਂ 'ਚ ਬੰਧੂਆਂ ਮਜ਼ਦੂਰੀ ਕਾਨੂੰਨ ਦੀ ਆੜ ਵਿਚ ਇੱਟ ਭੱਠਾ ਮਾਲਕਾਂ ਨੂੰ ਕੁਝ ਲੋਕਾਂ ਵਲੋਂ ਬਲੈਕਮੇਲ ਕੀਤਾ ਜਾ ਰਿਹਾ ਹੈ । ਆਲਮ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜ਼ਿਲਾ ਪ੍ਰਸ਼ਾਸਨ ਨੂੰ ਬੰਧੂਆ ਮਜ਼ਦੂਰੀ ਸਬੰਧੀ ਮਿਲੀਆਂ 25 ਸ਼ਿਕਾਇਤਾਂ ਵਿਚੋਂ ਸਾਰੀਆਂ ਹੀ ਜਾਅਲੀ ਪਾਈਆਂ ਗਈਆਂ ਹਨ ਪਰ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਦੌਰਾਨ ਇੱਟ ਭੱਠਾ ਮਾਲਕਾਂ ਨੂੰ ਭਾਰੀ ਆਰਥਿਕ ਨੁਕਸਾਨ ਚੁੱਕਣਾ ਪੈ ਰਿਹਾ ਹੈ ਅਤੇ ਉੱਪਰੋਂ ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਹੋਣ ਨਾਲ ਇੱਟ ਭੱਠਾ ਮਾਲਕਾਂ ਦੇ ਹਾਲਾਤ ਹੋਰ ਜ਼ਿਆਦਾ ਚਿੰਤਾਜਨਕ ਬਣ ਗਏ ਹਨ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਵੀ ਪ੍ਰਸ਼ਾਸਨ ਦੀ ਇਕ ਟੀਮ ਵਰਪਾਲ ਸਥਿੱਤ ਇਕ ਭੱਠੇ 'ਤੇ ਬੰਧੂਆਂ ਮਜ਼ਦੂਰੀ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਗਈ ਪਰ ਮੌਕੇ 'ਤੇ ਨਾ ਤਾਂ ਕੋਈ ਬੰਧੂਆ ਮਜ਼ਦੂਰ ਮਿਲਿਆ, ਨਾ ਹੀ ਸ਼ਿਕਾਇਤ ਵਿਚ ਕੋਈ ਸੱਚਾਈ ਪਾਈ ਗਈ। ਉਲਟਾ ਇੱਟ ਭੱਠਾ ਮਾਲਕ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਲੇਬਰ ਉਸਨੂੰ 6 ਲੱਖ ਰੁਪਏ ਦਾ ਚੂਨਾ ਲਾ ਕੇ ਚਲੀ ਗਈ ਹੈ ।

ਲੇਬਰ ਵਿਭਾਗ ਦੀ ਲਾਪ੍ਰਵਾਹੀ ਕਾਰਣ ਮਜ਼ਦੂਰਾਂ 'ਤੇ ਹੁੰਦੇ ਹਨ ਜ਼ੁਲਮ 
ਇੱਟ ਭੱਠਿਆਂ ਦੇ ਮਾਮਲੇ ਵਿਚ ਇਹ ਵੀ ਵੇਖਿਆ ਗਿਆ ਹੈ ਕਿ ਕੁਝ ਇੱਟ ਭੱਠਿਆਂ ਜਾਂ ਮਿਹਨਤ ਕਰਨ ਵਾਲੇ ਅਦਾਰਿਆਂ ਵਿਚ ਜਿੱਥੇ ਕੁਝ ਬੰਧੂਆ ਮਜ਼ਦੂਰੀ ਦੇ ਕੇਸ ਫੜੇ ਗਏ ਹਨ, ਉਹ ਲੇਬਰ ਵਿਭਾਗ ਦੀ ਲਾਪ੍ਰਵਾਹੀ ਕਾਰਣ ਹੁੰਦੇ ਹਨ ਕਿਉਂਕਿ ਲੇਬਰ ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ 'ਤੇ ਇੱਟ ਭੱਠਿਆਂ ਦੀ ਚੈਕਿੰਗ ਨਹੀਂ ਕਰਦੀਆਂ ਹਨ, ਜਿਸ ਕਾਰਣ ਕੁਝ ਕੇਸਾਂ ਵਿਚ ਬੰਧੂਆਂ ਮਜ਼ਦੂਰੀ ਸਾਹਮਣੇ ਆਉਂਦੀ ਹੈ। ਹਾਲਾਂਕਿ ਸਰਹੱਦੀ ਇਲਾਕਿਆਂ ਵਿਚ ਇਹ ਵੇਖਿਆ ਗਿਆ ਹੈ ਕਿ ਬੰਗਲਾਦੇਸ਼ ਤੋਂ ਪਲਾਇਨ ਕਰ ਕੇ ਅੰਮ੍ਰਿਤਸਰ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਕੁਝ ਕਿਸਾਨ ਬੰਧੂਆ ਮਜ਼ਦੂਰ ਬਣਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਖੇਤਾਂ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ । ਜ਼ਿਆਦਾਤਰ ਬੰਗਲਾਦੇਸ਼ੀ ਮਜ਼ਦੂਰ ਗ਼ੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ ਜਾਣ ਦੀ ਫਿਰਾਕ 'ਚ ਹੁੰਦੇ ਹਨ ਅਤੇ ਕਈ ਵਾਰ ਫੈਂਸਿੰਗ ਪਾਰ ਕਰਦੇ ਹੋਏ ਬੀ. ਐੱਸ. ਐੱਫ. ਦੀ ਗੋਲੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: 7 ਮਹੀਨਿਆਂ ਬਾਅਦ ਮੁੜ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਲਾਕਡਾਊਨ ਦੌਰਾਨ ਅੰਮ੍ਰਿਤਸਰ ਤੋਂ ਪਲਾਇਨ ਕਰ ਚੁੱਕੇ ਹਨ 50 ਹਜ਼ਾਰ ਤੋਂ ਵੱਧ ਮਜ਼ਦੂਰ 
ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਹੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਕਾਲ ਵਿਚ ਜਾਰੀ ਲਾਕਡਾਊਨ ਦੌਰਾਨ ਉਤਰ ਪ੍ਰਦੇਸ਼ , ਬਿਹਾਰ, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਵਰਗੇ ਸੂਬਿਆਂ ਦੇ 50 ਹਜ਼ਾਰ ਤੋਂ ਵੱਧ ਪ੍ਰਵਾਸੀ ਮਜ਼ਦੂਰ ਅੰਮ੍ਰਿਤਸਰ ਤੋਂ ਪਲਾਇਨ ਕਰ ਚੁੱਕੇ ਹਨ, ਜਿਸ ਕਾਰਣ ਕਾਰਖਾਨਿਆਂ, ਖੇਤਾਂ , ਮਕਾਨ ਉਸਾਰੀ ਅਤੇ ਇੱਟ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਭਾਰੀ ਘਾਟ ਆਈ ਹੈ ਅਤੇ ਇਸ ਦਾ ਅਸਰ ਡਿਮਾਂਡ ਅਤੇ ਸਪਲਾਈ 'ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

ਚਾਰ ਭੱਠਿਆਂ ਸਬੰਧੀ ਇਕ ਹੀ ਵਿਅਕਤੀ ਦੀ ਸ਼ਿਕਾਇਤ 'ਤੇ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ : ਇੱਟ ਭੱਠਾ ਮਾਲਕਾਂ ਨੂੰ ਕੁਝ ਲੋਕਾਂ ਵੱਲੋਂ ਬਲੈਕਮੇਲ ਕੀਤੇ ਜਾਣ ਸਬੰਧੀ ਹਾਈ ਕੋਰਟ ਦੀ ਇਕ ਕਾਰਵਾਈ ਵੀ ਸਾਹਮਣੇ ਆਈ ਹੈ । ਇਕ ਮਾਮਲੇ ਵਿਚ ਚਾਰ ਇੱਟ ਭੱਠਿਆਂ ਸਬੰਧੀ ਇਕ ਹੀ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਸ਼ਿਕਾਇਤ ਕਰਨ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਅਤੇ ਜੁਰਮਾਨਾ ਵੀ ਕੀਤਾ । ਮਾਲੀਆ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਵੀ ਇੰਝ ਹੀ ਇਕ ਵਿਅਕਤੀ ਵੱਲੋਂ ਕਈ ਵਾਰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਹੋ ਮੋਟੇ ਢਿੱਡ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਇੱਟ ਭੱਠਾ ਮਾਲਕਾਂ ਦੀ ਵੀ ਸੁਣਵਾਈ ਕਰੇ ਸਰਕਾਰ
ਕੇਂਦਰ, ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇੱਟ ਭੱਠਾ ਮਾਲਕਾਂ ਦੀ ਵੀ ਸੁਣਵਾਈ ਕਰਨੀ ਚਾਹੀਦੀ ਹੈ। ਭੱਠਾ ਮਾਲਕ ਸਰਕਾਰ ਨੂੰ ਹਰ ਤਰ੍ਹਾਂ ਦਾ ਟੈਕਸ ਦਿੰਦੇ ਹਨ ਅਤੇ ਭੱਠਿਆਂ 'ਤੇ ਕੰਮ ਕਰਨ ਵਾਲੀ ਲੇਬਰ ਨੂੰ ਐਡਵਾਂਸ ਵਿਚ ਭੁਗਤਾਨ ਕਰਨਾ ਪੈਂਦਾ ਹੈ। ਕੋਈ ਵੀ ਭੱਠਾ ਮਾਲਕ ਬੰਧੂਆਂ ਮਜ਼ਦੂਰੀ ਨਹੀਂ ਕਰਵਾਉਂਦਾ ਹੈ। ਜਿਹੜੇ ਭੱਠਾ ਮਾਲਕ ਅਜਿਹਾ ਕੰਮ ਕਰਦੇ ਹਨ ਐਸੋਸੀਏਸ਼ਨ ਉਨ੍ਹਾਂ ਦਾ ਵਿਰੋਧ ਕਰਦੀ ਹੈ। ਇੱਟ ਭੱਠਾ ਮਾਲਕਾਂ ਦੀਆਂ ਵੀ ਲੰਬੇ ਸਮੇਂ ਤੋਂ ਕੁਝ ਸਮੱਸਿਆਵਾਂ ਚਲਦੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਨੇ ਅੱਜ ਤਕ ਹੱਲ ਨਹੀਂ ਕੀਤਾ ਹੈ । -ਮੁਕੇਸ਼ ਨੰਦਾ, ਜਨਰਲ ਸਕੱਤਰ ਬਰਿਕ ਕਲਿਨ ਆਨਰਸ ਐਸੋਸੀਏਸ਼ਨ ਪੰਜਾਬ ।

 


Baljeet Kaur

Content Editor

Related News