ਅਕਾਲੀਆਂ ਦੇ ਦੱਸ ਸਾਲ ਤੇ ਕਾਂਗਰਸ ਦੇ ਪੰਜ ਸਾਲ ਦੋਵੇਂ ਲੋਕ ਮਾਰੂ: ਸਿਮਰਜੀਤ ਸਿੰਘ ਬੈਂਸ

03/07/2021 11:40:36 AM

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਦੀ ਅਗਵਾਈ ’ਚ ਅੰਮ੍ਰਿਤਸਰ ਦੇ ਭਗਤੂਆਣਾ, ਝੀਤਾ ਕਲਾਂ ਤੇ ਮਾਹਲਾਂ ਪਿੰਡ ਵਿੱਚ 2022 ਦੀਆਂ ਚੌਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ। ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਝੀਤਾ ਕਲਾਂ ਦੇ ਕੁਲਦੀਪ ਸਿੰਘ ਸਾਬਕਾ ਸਰਪੰਚ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ। ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਕਾਂਗਰਸ ਛੱਡ ਕੇ ਸੁਖਜਿੰਦਰ ਸਿੰਘ ਮਾਹੂ ਨੇ ਵੀ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਲਿਪ ਦਾ ਪੱਲਾ ਫੜ੍ਹਿਆ। ਪਿੰਡ ਮਾਹਲਾਂ ਚੋਂ ਡਾ: ਸਰਪ੍ਰੀਤ ਸਿੰਘ ਗਿੱਲ ਵੀ ਆਪਣੇ ਪਰਿਵਾਰ ਸਮੇਤ ਲੋਕ ਇਨਸਾਫ਼ ਪਾਰਟੀ ’ਚ ਸ਼ਾਮਲ ਹੋਏ।

ਇਕ ਸਮਾਗਮ ਵਿੱਚ ਪਿੰਡ ਮਾਹਲਾਂ ਵਿਖੇ ਕਿਸਾਨੀ ਸੰਘਰਸ਼ ’ਤੇ ਨਾਟਕ ਦਾ ਵੀ ਆਯੋਜਨ ਕੀਤਾ ਗਿਆ। ਜਿਸ ਰਾਹੀਂ ਪੰਜਾਬ ਦੇ ਕਿਸਾਨ ਦੀ ਦੁਰਦਸ਼ਾ ਦਾ ਨਕਸ਼ਾ ਉੱਕਰਿਆ ਗਿਆ ਤੇ ਸਰਕਾਰ ਦੀਆਂ ਵਧੀਕੀਆਂ ਦਾ ਪਰਦਾਫਾਸ਼ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀਆਂ ਤੇ ਕਾਂਗਰਸੀਆਂ ਨੇ ਦੇਸ਼ ਨੂੰ ਬੇਰੋਜ਼ਗਾਰੀ, ਭਿ੍ਰਸ਼ਟਾਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗਰੀਬੀ, ਮਹਿੰਗਾਈ ਤੇ ਅਨਪੜ੍ਹਤਾ ਦੇ ਸਿਵਾ ਹੋਰ ਕੁਝ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ 10 ਸਾਲ ਤੇ ਕਾਂਗਰਸ ਦੇ 5 ਸਾਲ ਦੋਵੇਂ ਲੋਕ ਮਾਰੂ ਨੀਤੀਆਂ ’ਤੇ ਭਾਰੂ ਰਹੇ। ਕਿਸਾਨਾ ਦੇ ਮੁੱਦਿਆਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਦੇ ਨੌਜਵਾਨਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਜਾਣਬੁੱਝ ਕੇ ਘਿਨਾਉਣੀ ਖੇਡ ਖੇਡੀ ਤੇ ਬਾਅਦ ਵਿੱਚ ਉਨ੍ਹਾਂ ’ਤੇ ਦੇਸ਼ ਧਰੋਹੀਆਂ ਦੇ ਪਰਚੇ ਕੱਟੇ ਗਏ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਬਹੁਤ ਹੀ ਸਤਿਕਾਰ ਯੋਗ ਹੈ ਤੇ ਇਹ ਗੁਰਦੁਆਰਾ ਸਾਹਿਬ ਵਿੱਚ ਹੀ ਸੁਸ਼ੋਭਿਤ ਹੋਣਾ ਠੀਕ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਇਸ ਆਖਰੀ ਬਜਟ ਵਿੱਚ ਦੇਖਣਾ ਹੈ ਕਿ ਸਰਕਾਰ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਕਿਸ ਕਦਰ ਨਿਭਾਉਂਦੀ ਹੈ। ਜੇਕਰ ਸਰਕਾਰ ਨੇ ਹੁਣ ਵੀ ਦੇਸ਼ ਦੇ ਬੇਰੋਜ਼ਗਾਰਾਂ ਸਮੇਤ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਨਾ ਨਿਭਾਇਆ ਤਾਂ ਇਹ ਪੰਜਾਬ ਵਾਸੀਆਂ ਨਾਲ ਇਕ ਕੋਝਾ ਮਜ਼ਾਕ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਾ ਗਰੀਬੀ ਦੀ ਮਾਰ ਨਾਲ ਪੀਸੀ ਜਾ ਰਹੀ ਹੈ ਤੇ ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਸਟੇਟ ਦੀ ਦਿਨੋਂ-ਦਿਨ ਜਨਤਾ ਦੀ ਲੁੱਟ ਖਸੁੱਟ ਕਰ ਰਹੀ ਹੈ। 

ਪਾਰਟੀ ਵਿੱਚ ਨਵੇਂ ਸ਼ਾਮਲ ਹੋਏ ਮੈਂਬਰਾਂ ਭਗਤੂਪੁਰਾ ਦੇ ਸੁਖਜਿੰਦਰ ਸਿੰਘ ਮਾਹੂ, ਮਾਹਲਾਂ ਦੇ ਡਾ: ਸਰਪ੍ਰੀਤ ਸਿੰਘ ਗਿੱਲ ਤੇ ਝੀਤੇ ਕਲਾਂ ਦੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਣਾ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਇਕ ਨੇਤਾ ਨਾ ਹੋ ਕੇ ਸੱਚੇ ਸਮਾਜ ਸੇਵਕ ਨੇ ਜੋ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ। ਸੁਖਜਿੰਦਰ ਸਿੰਘ ਮਾਹੂ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਹੈ ਪਰ ਕਾਂਗਰਸ ਆਪਣੇ ਵਾਅਦਿਆਂ ਤੋਂ ਮੁੱਕਰੀ ਹੈ ਤੇ ਇਸ ਵਿੱਚ ਵਰਕਰ ਦੀ ਕੋਈ ਕਦਰ ਨਹੀਂ ਤੇ ਨਾ ਹੀ ਉਸਦੇ ਇਲਾਕਾ ਨਿਵਾਸੀਆਂ ਦੇ ਕੰਮ ਹੁੰਦੇ ਨੇ। ਉਕਤ ਬੁਲਾਰਿਆਂ ਤੋਂ ਇਲਾਵਾ ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ ਤੇ ਪ੍ਰਕਾਸ਼ ਸਿੰਘ ਮਾਹਲ ਨੇ ਵੀ ਸੰਬੋਧਨ ਕੀਤਾ। ਹਰ ਮੀਟਿੰਗ ਦੌਰਾਨ ਸ: ਬੈਂਸ ਨੂੰ ਪਾਰਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਜਥੇਬੰਧਕ ਸਕੱਤਰ ਪੰਜਾਬ ਭਰਪੂਰ ਸਿੰਘ ਮੈਣੀਆ, ਸੰਨੀ ਕੈਂਥ ਪੰਜਾਬ ਪ੍ਰਧਾਨ ਯੂਥਵਿੰਗ, ਰੇਸ਼ਮ ਸਿੰਘ ਇੰਚਾਰਜ ਹਲਕਾ ਅਟਾਰੀ, ਮਨਜੀਤ ਸਿੰਘ ਫੌਜੀ, ਸ਼ਲਿੰਦਰ ਸਿੰਘ ਸ਼ੈਲੀ, ਲਖਬੀਰ ਸਿੰਘ, ਅਜਾਇਬ ਸਿੰਘ, ਬਲਜਿੰਦਰ ਸਿੰਘ, ਦਲਬੀਰ ਸਿੰਘ, ਹਰਦੇਵ ਸਿੰਘ, ਸਦਾ ਸਿੰਘ, ਸਾਹਿਬ ਸਿੰਘ, ਸਵਿੰਦਰ ਸਿੰਘ, ਨਰਿੰਜਨ ਸਿੰਘ, ਸੁਰਿੰਦਰ ਸਿੰਘ ਤੇ ਪਾਰਟੀ ਦੇ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਸਨ।


Shyna

Content Editor

Related News