ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ 27 ਤੋਂ

Tuesday, Jan 24, 2023 - 12:16 PM (IST)

ਅੰਮ੍ਰਿਤਸਰ (ਦੀਪਕ)- ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਨਿਹੰਗ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਐਡੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਖ-ਵੱਖ ਅਸਥਾਨਾਂਪੁਰ ਗੁਰਮਤਿ ਸਾਮਗਮ ਕੀਤੇ ਜਾ ਰਹੇ ਹਨ। ਇਹ ਸਮਾਗਮ ਸਾਲ ਭਰ ਦੇਸ਼ ਵਿਦੇਸ਼ ਵਿੱਚ ਏਵੇਂ ਹੀ ਚੱਲਦੇ ਰਹਿਣਗੇ।

ਬੇਦੀ ਨੇ ਦੱਸਿਆ ਕਿ ਦਸ਼ਮ ਪਾਤਸ਼ਾਹ ਦੇ ਪ੍ਰਗਟ ਅਸਥਾਨ ਪਟਨਾ ਸਾਹਿਬ ਵਿਖੇ 27 ਤੋਂ 29 ਜਨਵਰੀ ਨੂੰ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਹੋਣਗੇ। 27 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋ ਜਾਣਗੇ ਅਤੇ 29 ਨੂੰ ਭੋਗ ਪੈਣਗੇ ਉਪਰੰਤ ਗੁਰਬਾਣੀ ਕੀਰਤਨ, ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਗੁਰਮਤਿ ਦੇ ਵਿਦਵਾਨ ਆਪੋ ਆਪਣੇ ਵਿਖਿਆਨਾਂ ਰਾਹੀਂ ਅਕਾਲੀ ਬਾਬਾ ਫੂਲਾ ਜੀ ਦੇ ਜੀਵਨ ਦੇ ਫਲਸਫੇ ਨੂੰ ਸੰਗਤਾਂ ਨਾਲ ਸਾਂਝਾ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ, ਮਹਾਂਨਗਰ ਇੰਦੋਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਸ ਸਬੰਧੀ ਮਹਾਨ ਗੁਰਮਤਿ ਸਮਾਗਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਨੰਦਾਂ ਦੀ ਪੁਰੀ ਖ਼ਾਲਸੇ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫਰਵਰੀ ਵਿਚ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਹੋਵੇਗਾ। ਇਵੇਂ ਹੀ ਬੁੱਢਾ ਦਲ ਦੀ ਅਗਵਾਈ ਵਿੱਚ 4 ਫਰਵਰੀ ਨੂੰ ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਧਰਮਪੁਰਾ ਪਟਿਆਲਾ ਵਿਖੇ ਮਹਾਨ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਜਥਾ, ਭਾਈ ਲਖਵਿੰਦਰ ਸਿੰਘ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਤਜਿੰਦਰ ਸਿੰਘ ਯੂ. ਐੱਸ. ਏ. ਵਾਲੇ, ਭਾਈ ਅਮਰਜੀਤ ਸਿੰਘ ਤਾਨ ਪਟਿਆਲੇ ਵਾਲੇ, ਭਾਈ ਰਜਿੰਦਰ ਸਿੰਘ ਲੁਧਿਆਣੇ ਵਾਲੇ, ਗਿਆਨੀ ਜਸਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਪ੍ਰਿਤਪਾਲ ਸਿੰਘ ਹੈਡ ਗ੍ਰੰਥੀ ਗੁ: ਦੁਖ ਨਿਵਾਰਨ ਸਾਹਿਬ ਵਾਲੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।


Shivani Bassan

Content Editor

Related News