ਗੁਰਦਾਸਪੁਰ ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਚਾਲਕ ਦੀ ਮੌਕੇ 'ਤੇ ਹੋਈ ਮੌਤ
Thursday, Apr 20, 2023 - 05:44 PM (IST)
ਗੁਰਦਾਸਪੁਰ (ਅਵਤਾਰ ਸਿੰਘ)- ਅੰਮ੍ਰਿਤਸਰ ਤੋਂ ਜੰਮੂ ਜਾ ਰਹੇ ਇਕ ਕੇਲਿਆਂ ਦੇ ਭਰੇ ਟਰੱਕ ਦਾ ਸੰਤੁਲਨ ਵਿਗੜਨ ਕਰਕੇ ਗੁਰਦਾਸਪੁਰ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹਾਦਸਾ ਇੰਨਾ ਜ਼ਬਰਦਸਤੀ ਸੀ ਕਿ ਕੇਲਿਆਂ ਦਾ ਭਰਿਆ ਟਰੱਕ ਇਕ ਖੰਭੇ ਨਾਲ ਜਾ ਟਕਰਾਇਆ, ਜਿਸ ਕਾਰਨ ਟਰੱਕ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਬੜੀ ਮੁਸ਼ਕਲ ਦੇ ਨਾਲ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਟਰੱਕ 'ਚੋਂ ਬਾਹਰ ਕੱਢਿਆ ਅਤੇ ਪੁਲਸ ਨੂੰ ਫੋਨ ਕੀਤਾ ਪਰ ਹਾਦਸੇ ਵਾਲੀ ਜਗ੍ਹਾ ਕਿਹੜੇ ਏਰੀਏ 'ਚ ਆਉਂਦੀ ਹੈ, ਇਸ ਗੱਲ ਨੂੰ ਸਪੱਸ਼ਟ ਕਰਨ ਕਾਰਨ ਪੁਲਸ ਇੱਕ ਘੰਟਾ ਬੀਤ ਜਾਣ ਦੇ ਬਾਅਦ ਵੀ ਮੌਕੇ 'ਤੇ ਨਹੀਂ ਪਹੁੰਚੀ।
ਇਹ ਵੀ ਪੜ੍ਹੋ- ਕੈਨੇਡਾ ਤੋਂ ਵਿਆਹ ਕਰਵਾਉਣ ਆਇਆ ਅੰਮ੍ਰਿਤਸਰ ਦਾ ਨੌਜਵਾਨ ਅਗਵਾ
ਇਹ ਸਭ ਤੋਂ ਬਾਅਦ ਗੁੱਸੇ 'ਚ ਆਏ ਰਾਹਗੀਰਾਂ ਨੇ ਦੋਵੇਂ ਬੰਨੇ ਟਰੱਕ ਲਗਾ ਕੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ। ਅੱਧਾ ਘੰਟਾ ਹਾਈਵੇ ਬੰਦ ਰਹਿਣ ਤੋਂ ਬਾਅਦ ਮੌਕੇ 'ਤੇ ਪੁਲਸ ਅਧਿਕਾਰੀ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਭੇਜ ਕੇ ਜਾਂਚ ਪੜਤਾਲ ਸ਼ੁਰੂ ਕੀਤੀ।
ਇਹ ਵੀ ਪੜ੍ਹੋ- 70 ਲੋਕਾਂ ਨੂੰ ਠੱਗਣ ਵਾਲੇ ਏਜੰਟ ਨੂੰ ਕਾਬੂ ਕਰ ਥਾਣੇ ਲੈ ਕੇ ਗਏ ਨੌਜਵਾਨ, ਅੱਗਿਓਂ ਮਿਲਿਆ ਅਜੀਬ ਜਵਾਬ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੀ ਐੱਸ.ਐੱਚ.ਓ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨੈਸ਼ਨਲ ਹਾਈਵੇ ਤੇ ਇਕ ਟਰੱਕ ਹਾਦਸਾਗ੍ਰਸਤ ਹੋਇਆ ਹੈ ਅਤੇ ਟਰੱਕ ਚਾਲਕ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਪੈਂਦੀ, ਜਿਸ ਕਰਕੇ ਉਨ੍ਹਾਂ ਨੂੰ ਆਉਣ 'ਚ ਦੇਰੀ ਹੋਈ ਹੈ। ਪੁਲਸ ਵੱਲੋਂ ਮ੍ਰਿਤਕ ਦੇਹ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਲਗਾਏ ਗਏ ਜਾਮ ਨੂੰ ਬਾਅਦ 'ਚ ਖੁੱਲ੍ਹਵਾ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।