ਮੰਦਰਾਂ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਨੌਜਵਾਨ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ
Friday, Jan 06, 2023 - 04:28 PM (IST)

ਗੁਰਦਾਸਪੁਰ (ਅਵਤਾਰ ਸਿੰਘ, ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਖੇ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਸਮੇਂ ਹਿੰਦੂ ਸਿੱਖਾਂ ਵਿਚ ਵਿਵਾਦ ਪੈਂਦਾ ਕਰਨ ਵਾਲੀ ਸ਼ਬਦਾਵਲੀ ਵਰਤੀ ਗਈ ਸੀ। ਜਿਸਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਇਸ ਨੌਜਵਾਨ ਖ਼ਿਲਾਫ਼ ਪੁਲਸ ਮਾਮਲਾ ਦਰਜ ਕਰਕੇ ਉਸਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਅਦਾਲਤ ਵੱਲੋਂ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਦਾਲਤ 'ਚ ਪੇਸ਼ ਕਰਨ ਪਹੁੰਚੇ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਖੇ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਸਮੇਂ ਇਕ ਨੌਜਵਾਨ ਨੇ ਕਿਹਾ ਕਿ 'ਮੰਦਰ ਢਾਹ ਕੇ ਗੁਰਦੁਆਰੇ ਬਣਾਵਾਂਗੇ ,ਖਾਕੀ (ਪੁਲਸ ਵਰਦੀ) ਉਤਰਵਾ ਕੇ ਬਾਨਾ ਪਹਿਨਾਵਾਂਗੇ।' ਜਿਸਦੀ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਤੋਂ ਬਾਅਦ ਇਸ ਨੌਜਵਾਨ ਨੇ ਆਪਣੀ ਗ਼ਲਤੀ ਮੰਨਦੇ ਹੋਏ ਮੁਆਫ਼ੀ ਮੰਗੀ ਸੀ। ਵੀਡਿਓ ਵਾਇਰਲ ਹੋਣ ਕਾਰਨ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਹਿੰਦੂ ਸਿੱਖਾਂ 'ਚ ਮਤਭੇਦ ਪੈਦਾ ਕਰਨ ਵਾਲੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਨੌਜਵਾਨ ਗੁਵਿੰਦਰ ਸਿੰਘ ਗੋਪੀ ਦੇ ਖ਼ਿਲ਼ਾਫ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਇਸਨੂੰ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ; SYL ਨੂੰ ਲੈ ਕੇ ਕਹੀ ਅਹਿਮ ਗੱਲ
ਜ਼ਿਕਰਯੋਗ ਇਹ ਹੈ ਕਿ ਨਗਰ ਕੀਰਤਨ ’ਚ ਦੌਰਾਨ ਨਿਹੰਗ ਬਾਣਾ ਪਾ ਕੇ ਗੱਤਕਾ ਖੇਡਦੇ ਹੋਏ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਮੰਦਰਾਂ ਨੂੰ ਢਾਹ ਕੇ ਗੁਰਦੁਆਰੇ ਬਣਾਵਾਂਗੇ ਅਤੇ ਖਾਕੀ (ਪੁਲਸ ਵਰਦੀ) ਉਤਰਵਾ ਕੇ ਬਾਨਾ ਪਹਿਨਾਵਾਂਗੇ। ਇਸ ਸਬੰਧੀ ਵੀਡਿਓ ਵਾਇਰਲ ਹੋਣ 'ਤੇ ਸ਼ਿਵ ਸੈਨਾ ਬਾਲ ਠਾਕਰੇ ਜ਼ਿਲ੍ਹਾ ਪ੍ਰਧਾਨ ਰਾਮ ਪਾਲ ਨੇ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਦੋਸ਼ੀ ਨੌਜਵਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਧਾਰਾ 295ਏ ਅਧੀਨ ਕੇਸ ਦਰਜ ਕੀਤਾ ਗਿਆ ਸੀ, ਪਰ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।