ਮੁਝਕੋ ਮੇਰੇ ਬਾਅਦ ਜ਼ਮਾਨਾ ਢੂੰਢੇਗਾ

Friday, Jul 31, 2015 - 08:23 AM (IST)

ਮੁਝਕੋ ਮੇਰੇ ਬਾਅਦ ਜ਼ਮਾਨਾ ਢੂੰਢੇਗਾ

24  ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ (ਮਜੀਠਾ) ਜ਼ਿਲਾ ਅੰਮ੍ਰਿਤਸਰ ''ਚ ਜਨਮੇ ਮੁਹੰਮਦ ਰਫੀ ਆਪਣੇ ਸਾਰੇ ਭੈਣ-ਭਰਾਵਾਂ ''ਚ ਸਭ ਤੋਂ ਛੋਟੇ ਸਨ। ਰਫੀ ਦੇ ਸਭ ਤੋਂ ਵੱਡੇ ਭਰਾ ਮੁਹੰਮਦ ਦੀਨ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਨੂੰ ਦੇਖ ਕੇ ਰਫੀ ਦੇ ਮਨ ''ਚ ਵੀ ਗਾਉਣ ਦਾ ਸ਼ੌਕ ਜਾਗਿਆ।
ਸੰਨ 1939 ''ਚ  ਉਹ ਆਪਣੇ ਵੱਡੇ ਭਰਾ ਕੋਲ ਲਾਹੌਰ ਚਲੇ ਗਏ। ਉਹ ਅਕਸਰ ਭਰਾ ਦੇ ਨਾਲ ਉਥੇ ਸੰਗੀਤ ਸੰਮੇਲਨਾਂ ''ਚ  ਸ਼ਾਸਤਰੀ ਗਾਇਕਾਂ ਨੂੰ ਸੁਣਨ ਜਾਇਆ ਕਰਦੇ। ਇਕ ਸੰਗੀਤ ਸਭਾ ''ਚ ਕੁੰਦਨ ਲਾਲ ਸਹਿਗਲ, ਸੰਗੀਤਕਾਰ ਸ਼ਿਆਮ ਸੁੰਦਰ ਤੇ ਬਰਕਤ ਅਲੀ ਖਾਂ ਵਰਗੀਆਂ ਹਸਤੀਆਂ ਹਾਜ਼ਰ ਸਨ ਪਰ ਅਚਾਨਕ ਲਾਈਟ ਚਲੀ ਜਾਣ ''ਤੇ ਰਫੀ ਨੂੰ ਸਟੇਜ ''ਤੇ ਲਿਆ ਕੇ ਖੜ੍ਹਾ ਕਰ ਦਿੱਤਾ, ਫਿਰ ਕੀ ਸੀ? ਬਿਨਾਂ ਮਾਈਕ ਦੇ ਰਫੀ ਦੀ ਆਵਾਜ਼ ਸਭਾ ''ਚ ਗੂੰਜ ਉੱਠੀ ਅਤੇ ਹਰ ਕੋਈ ਉਨ੍ਹਾਂ ਦੀ ਗਾਇਕੀ ਦਾ ਦੀਵਾਨਾ ਹੋ ਗਿਆ।
ਰਫੀ ਨੂੰ ਮਹਾਨ ਗਾਇਕ ਗੁਲਾਮ ਅਲੀ ਖਾਂ ਦੇ ਭਰਾ ਬਰਕਤ ਅਲੀ ਖਾਂ ਪਾਸੋਂ ਸੁਰ ਸੰਗੀਤ ਸਿੱਖਣ ਦਾ ਮੌਕਾ ਮਿਲਿਆ। 1940 ਵਿਚ ਲਾਹੌਰ ''ਚ ਬਣੀ ਪੰਜਾਬੀ ਫਿਲਮ ''ਗੁਲਬਲੋਚ'' ਲਈ ਰਫੀ ਨੇ ਪਹਿਲੀ ਵਾਰ ਗੀਤ ''ਸੋਣੀਏ ਨੀ ਹੀਰੀਏ ਨੀ...'' ਗਾਇਆ। ਸੰਨ 1941 ''ਚ ਉਹ ਮੁੰਬਈ ਚਲੇ ਗਏ, ਜਿਥੇ ਉਨ੍ਹਾਂ ਨੂੰ ਦੋਸਤ ਮੁਹੰਮਦ ਹਮੀਰ ਨਾਲ ਆਪਣੇ ਪੈਰ ਜਮਾਉਣ ਲਈ ਸਖਤ ਸੰਘਰਸ਼ ਕਰਨਾ ਪਿਆ। ਉਹ ਵੀ ਸਮਾਂ ਆਇਆ, ਜਦੋਂ ਰਫੀ ਨੂੰ ਸੰਗੀਤਕਾਰ ਨੌਸ਼ਾਦ ਨਾਲ ਫਿਲਮ ''ਗਾਂਵ ਕੀ ਗੋਰੀ'' ਵਿਚ ਗਾਉਣ ਦਾ ਮੌਕਾ ਮਿਲਿਆ, ਜਿਸ ਦੇ ਗੀਤ ਕਾਫੀ ਪ੍ਰਸਿੱਧ ਹੋਏ। ਉਨ੍ਹਾਂ ਨੇ ਮਜਬੂਰੀ ''ਚ ਫਿਲਮ ''ਜੁਗਨੂੰ'', ''ਲੈਲਾ ਮਜਨੂੰ'' ਅਤੇ ''ਸਮਾਜ ਕੋ ਬਦਲ ਡਾਲੋ'' ਵਿਚ ਛੋਟੀਆਂ-ਛੋਟੀਆਂ ਭੂਮਿਕਾਵਾਂ ਵੀ ਕੀਤੀਆਂ ਪਰ ਅੱਗੇ ਚੱਲ ਕੇ ਉਨ੍ਹਾਂ ਨੇ ਹਰ ਗੀਤਕਾਰ ਅਤੇ ਸੰਗੀਤਕਾਰ ਲਈ ਗੀਤ ਗਾਏ ਤੇ ਸਫਲਤਾ ਦੇ ਸਿਖਰ ਨੂੰ ਛੂਹਿਆ।
ਸੰਨ 1965 ''ਚ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਣਨ ਨੇ ਗਾਇਕੀ ਦੇ ਖੇਤਰ ''ਚ ਸੇਵਾਵਾਂ ਲਈ ਮੁਹੰਮਦ ਰਫੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ 1977 ''ਚ ਸਿਲਵਰ-ਕਮਲ ਦੇ ਖਿਤਾਬ ਨਾਲ ਨਿਵਾਜਿਆ ਗਿਆ। 6 ਵਾਰ ਫਿਲਮ ਫੇਅਰ ਐਵਾਰਡ ਜਿੱਤ ਕੇ ਭਾਰਤ ਦੀ ਜਨਤਾ ਦੇ ਹਰਮਨਪਿਆਰੇ ਗਾਇਕ ਬਣ ਗਏ। 1948 ''ਚ ਐੱਚ. ਐੱਮ. ਵੀ. ਕੰਪਨੀ ਵਲੋਂ ਰਿਕਾਰਡ ਕੀਤਾ ਗਿਆ ਗਾਣਾ ''ਸੁਨੋ ਸੁਨੋ ਐ ਦੁਨੀਆ ਵਾਲੋ ਬਾਪੂ ਕੀ ਯੇ ਅਮਰ ਕਹਾਨੀ'' ਨੂੰ ਤਤਕਾਲੀਨ ਰਾਸ਼ਟਰਪਤੀ ਸਵ. ਜ਼ਾਕਿਰ ਹੁਸੈਨ ਨੇ ਬਹੁਤ ਪਸੰਦ ਕੀਤਾ ਤੇ ਰਫੀ ਨੂੰ ਆਪਣੇ ਗਲੇ ਨਾਲ ਲਗਾ ਲਿਆ।
ਸ਼ਾਸਤਰੀ ਸੰਗੀਤ ਦੇ ਮੁਸ਼ਕਿਲ ਸੁਰ ਹੋਣ ਜਾਂ ਪ੍ਰੇਮ ਗੀਤ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਗੀਤਾਂ ਜਿਵੇਂ ਭਜਨ, ਦੇਸ਼ ਪ੍ਰੇਮ ਦੇ ਗੀਤ, ਸੰਜੀਦਾ ਗ਼ਜ਼ਲਾਂ, ਵਿਛੋੜੇ ਦੇ ਗੀਤ ਤੇ ਲੋਕ ਗੀਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਰਦਾਰਾਂ ਦੀ ਭੂਮਿਕਾ ਅਨੁਸਾਰ ਗਾਉਣ ''ਚ ਮੁਹਾਰਤ ਹਾਸਲ ਸੀ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ, ਉਰਦੂ, ਤੇਲਗੂ, ਕੰਨੜ, ਬੰਗਾਲੀ, ਅਸਮੀ, ਉੜੀਆ, ਸਿੰਧੀ ਤੇ ਭੋਜਪੁਰੀ ਭਾਸ਼ਾਵਾਂ ਤੋਂ ਇਲਾਵਾ ਵਿਦੇਸ਼ੀ ਭਾਸ਼ਾ ''ਚ ਗੀਤ ਗਾਏ। ਸੰਗੀਤਕਾਰ ਨੌਸ਼ਾਦ ਨਾਲ ਰਫੀ ਦੀ ਡੂੰਘੀ ਮਿੱਤਰਤਾ ਸੀ। ਇਸ ਜੋੜੀ ਨੇ ''ਅੰਦਾਜ਼'', ''ਮੇਲਾ'', ''ਬੈਜੂਬਾਵਰਾ'', ''ਆਨ'', ''ਮੁਗਲੇ ਆਜ਼ਮ'', ''ਮਦਰ ਇੰਡੀਆ'', ''ਮੇਰੇ ਮਹਿਬੂਬ'' ਆਦਿ ਬੇਹੱਦ ਸਫਲ ਫਿਲਮਾਂ ਦਿੱਤੀਆਂ। ਰਫੀ ਹਮੇਸ਼ਾ ਫਿਲਮੀ ਚਕਾਚੌਂਧ ਤੋਂ ਦੂਰ ਰਹੇ। ਇਸ ਮਾਹੌਲ ''ਚ ਵੀ ਉਨ੍ਹਾਂ ਨੇ ਸਿਗਰਟ-ਸ਼ਰਾਬ ਨੂੰ ਨਹੀਂ ਛੂਹਿਆ। ਉਨ੍ਹਾਂ ਨੂੰ ਸਾਦਗੀ ਭਰਿਆ ਜੀਵਨ ਜਿਊਣ ਦਾ ਸ਼ੌਕ ਸੀ। ਪਰਿਵਾਰ ''ਚ ਪਤਨੀ ਬਿਲਕਸ਼ ਤੋਂ ਇਲਾਵਾ 3 ਕੁੜੀਆਂ ਤੇ ਚਾਰ ਲੜਕੇ ਸਨ। ਇਨ੍ਹਾਂ ''ਚੋਂ 2 ਲੜਕਿਆਂ ਦੀ ਅਚਾਨਕ ਮੌਤ ਹੋ ਗਈ ਸੀ।
31 ਜੁਲਾਈ 1980 ਦੇ ਦਿਨ ਅਚਾਨਕ ਰਫੀ ਸਾਹਿਬ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਮੁੰਬਈ ਹਸਪਤਾਲ ''ਚ ਦਾਖਲ ਕਰਵਾਇਆ ਗਿਆ, ਜਿਥੇ ਗੰਭੀਰ ਸਥਿਤੀ ਹੋਣ ਕਾਰਨ ਉਨ੍ਹਾਂ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
- ਮੁਹੰਮਦ ਅਜ਼ੀਜ਼ ਰਫੀ, ਪੇਸ਼ਕਸ਼ : ਰਾਜ ਪੁਰੀ


Related News