ਬਾਦਲ ਦਾ ਬਿਆਨ ਅਫ਼ਸੋਸਨਾਕ ਤੇ ਗ਼ੈਰ-ਜ਼ਿੰਮੇਵਰਾਨਾ : ਦਾਖਾ

09/04/2018 12:07:05 PM

ਜਗਰਾਓਂ (ਸ਼ੇਤਰਾ) : ਅਾਗਾਮੀ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਤਿਆਰੀ ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਇਥੇ ਇਕ ਹੋਟਲ ’ਚ ਹੋਈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪਾਰਟੀ ਦੇ ਪ੍ਰਮੁੱਖ ਆਗੂ ਤੇ ਵੱਡੀ ਗਿਣਤੀ ’ਚ ਵਰਕਰ ਪਹੁੰਚੇ ਹੋਏ ਸਨ। ਇਸ ਸਮੇਂ ਦਾਖਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹਿਬਲ ਕਲਾਂ ’ਚ ਗੋਲੀ ਚਲਾਉਣ ਦੇ ਹੁਕਮ ਨਾ ਦੇਣ ਬਾਰੇ ਦਿੱਤੇ ਬਿਆਨ ਨੂੰ ਅਫ਼ਸੋਸਨਾਕ ਅਤੇ ਗੈਰ-ਜ਼ਿੰਮੇਵਰਾਨਾ ਕਰਾਰ ਦਿੱਤਾ। ਇਸ ਬਿਆਨ ਨੂੰ ਕਿਸੇ ਅਧਿਕਾਰੀ ਦਾ ਤਿਆਰ ਕੀਤਾ ਹੋਇਆ ਤੇ ਬਾਦਲ ਵੱਲੋਂ ਆਪਣੇ ਨਾਂ ਹੇਠ ਕਰ ਦਿੱਤੇ ਜਾਣ ਦਾ ਦਾਅਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨੇ ਇਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵਰਤੀ ਸ਼ਬਦਾਵਲੀ ਦਾ ਸਖ਼ਤ ਨੋਟਿਸ ਲੈਂਦਿਆਂ ਬਾਦਲਕਿਆਂ ਨੂੰ ਆਪਣੀ ਪੀਡ਼੍ਹੀ ਹੇਠਾਂ ਸੋਟਾ ਫੇਰਨ ਦੀ ਸਲਾਹ ਦਿੱਤੀ।

ਉਨ੍ਹਾਂ ਕਿਹਾ ਕਿ ਜੇ ਗੋਲੀ ਚਲਾਉਣ ਦੇ ਹੁਕਮ ਨਹੀਂ ਸਨ ਦਿੱਤੇ ਤਾਂ ਗੋਲੀ ਚਲਾਉਣ ਵਾਲਿਆਂ ਨੂੰ ਫਡ਼ਿਆ ਕਿਉਂ ਨਹੀਂ? ਕਿਉਂ ਨਹੀਂ ਬੇਅਦਬੀ ਦੇ ਦੋਸ਼ੀ ਭਾਲ ਕੇ ਸਜ਼ਾਵਾਂ ਦਿਵਾਈਆਂ? ਦਾਖਾ ਨੇ ਆਖਿਆ ਕਿ ਸਮੁੱਚਾ ਪੰਜਾਬ ਜਾਣਦਾ ਹੈ ਕਿ ਭ੍ਰਿਸ਼ਟ ਬੁੱਧੀ ਵਾਲਾ ਅਤੇ ਮੌਕਾਪ੍ਰਸਤ ਕਿਹਡ਼ਾ ਲੀਡਰ ਹੈ। ਦਾਖਾ ਨੇ ਕਿਹਾ ਕਿ ਹੁਣ ਤੱਕ ਬਾਦਲਕੇ ਸਿਆਸੀ ਸੰਕਟਾਂ ’ਚੋਂ ਉਭਰਦੇ ਰਹੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਧੱਬਾ ਨਾ ਤਾਂ ਇਨ੍ਹਾਂ ਤੋਂ ਧੋਹਿਆ ਜਾਣਾ ਹੈ ਤੇ ਨਾ ਹੀ ਇਸ ਵਾਰੀ ਇਨ੍ਹਾਂ ਤੋਂ ਉਭਰ ਹੋਣਾ ਹੈ। ਉਨ੍ਹਾਂ ਜਾਗਦੀ ਜ਼ਮੀਰ ਵਾਲੇ ਟਕਸਾਲੀ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁਡ਼ੀਆਂ ਘਟਨਾਵਾਂ ਦੇ ਮਾਮਲੇ ’ਚ ‘ਝੂਠ’ ਦੇ ਭਾਗੀਦਾਰ ਬਣਨ ਤੋਂ ਬਚਣ।

ਦਾਖਾ ਨੇ ਕਿਹਾ ਕਿ ਚੋਣਾਂ ਸਬੰਧੀ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ ਤੇ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਬਾਅਦ ਇਕ-ਦੋ ਦਿਨਾਂ ’ਚ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਮੀਟਿੰਗ ’ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕਰਨਜੀਤ ਸਿੰਘ ਸੋਨੀ ਗਾਲਿਬ, ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਤੋਂ ਇਲਾਵਾ ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਦਰਸ਼ਨ ਸਿੰਘ ਲੱਖਾ, ਸੁਰੇਸ਼ ਗਰਗ, ਭਜਨ ਸਿੰਘ ਸਵੱਦੀ, ਯੂਥ ਆਗੂ ਮਨੀ ਗਰਗ, ਬਚਿੱਤਰ ਸਿੰਘ ਚਿੱਤਾ, ਗੁਰਸਿਮਰਨ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਪੋਨਾ, ਸਵਰਨ ਸਿੰਘ ਭੁੱਲਰ, ਨਵਦੀਪ ਗਰੇਵਾਲ, ਬੌਬੀ ਕਪੂਰ ਆਦਿ ਮੌਜੂਦ ਸਨ।


Related News