ਆਖਰੀ ਸਾਹ ਲੈ ਰਹੀ ਭਾਜਪਾ ਸਰਕਾਰ ਲੋਕਾਂ ਨੂੰ ਲਾਲੀਪੋਪ ਦੇ ਕੇ ਕਰ ਰਹੀ ਗੁੰਮਰਾਹ : ਗੋਲਡੀ
Saturday, Jan 12, 2019 - 11:56 AM (IST)

ਖੰਨਾ (ਸੁਖਵਿੰਦਰ ਕੌਰ)-ਆਖਰੀ ਸਾਹ ਲੈ ਰਹੀ ਦੇਸ਼ ਦੀ ਭਾਜਪਾ ਸਰਕਾਰ ਲੋਕਾਂ ਨੂੰ ਲਾਲੀਪੋਪ ਦੇ ਕੇ ਗੁੰਮਰਾਹ ਕਰ ਰਹੀ ਹੈ ਪਰ ਦੇਸ਼ ਦੀ ਜਨਤਾ ਭਾਜਪਾ ਦੀਆਂ ਜ਼ੁਮਲੇਬਾਜ਼ੀਆਂ ਵਿਚ ਨਹੀਂ ਆਵੇਗੀ। ਇਹ ਪ੍ਰਗਟਾਵਾ ਅੱਜ ਇੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪਾਲ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਗਿਆ ਹੈ, ਕਦੇ ਨੋਟਬੰਦੀ ਅਤੇ ਫਿਰ ਜੀ. ਐੱਸ. ਟੀ. ਰਾਹੀਂ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਹੁਣ ਜਦੋਂ ਇਸ ਸਰਕਾਰ ਤੋਂ ਦੁਖੀ ਦੇਸ਼ ਦੀ ਜਨਤਾ ਨੇ ਇਸ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ਤਾਂ ਤਰ੍ਹਾਂ-ਤਰ੍ਹਾਂ ਦੇ ਲਾਲੀਪੋਪ ਦੇ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਹੁਣ ਲੋਕ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਸੁਪਰੀਮੋ ਰਾਹੁਲ ਗਾਂਧੀ ਦੀ ਅਗਵਾਈ ਵਿਚ ਜਿਥੇ ਦੇਸ਼ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉਥੇ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਰਚੇਗੀ।