ਔਰਤਾਂ ’ਚ ਵਧਿਆ ਆਈ ਮੇਕਅੱਪ ਦਾ ਕ੍ਰੇਜ਼
Friday, Sep 18, 2026 - 09:33 AM (IST)
ਵੈੱਬ ਡੈਸਕ- ਔਰਤਾਂ ਅਤੇ ਮੁਟਿਆਰਾਂ ਨੂੰ ਸੁੰਦਰ ਬਣਾਉਣ ਵਿਚ ਡਿਜ਼ਾਈਨਰ ਡਰੈੱਸ, ਵਧੀਆ ਜਿਊਲਰੀ ਅਤੇ ਵਧੀਆ ਹੇਅਰ ਸਟਾਈਲ ਦੇ ਨਾਲ-ਨਾਲ ਮੇਕਅੱਪ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮੇਕਅੱਪ ਦੀ ਗੱਲ ਕਰੀਏ ਤਾਂ ਇਸ ਵਿਚ ਆਈ ਮੇਕਅੱਪ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ, ਕਿਉਂਕਿ ਆਈ ਮੇਕਅੱਪ ਤੋਂ ਬਿਨਾਂ ਚਿਹਰਾ ਅਧੂਰਾ ਜਿਹਾ ਲੱਗਦਾ ਹੈ ਅਤੇ ਮੇਕਅੱਪ ਕੰਪਲੀਟ ਵੀ ਨਹੀਂ ਲੱਗਦਾ। ਆਈ ਮੇਕਅੱਪ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਹਨ, ਜਿਵੇਂ ਕੱਜਲ ਜਿਸ ਤੋਂ ਬਿਨਾਂ ਅੱਖਾਂ ਸੁੰਨੀਆਂ ਲੱਗਦੀਆਂ ਹਨ, ਆਈ ਲਾਈਨਰ, ਮਸਕਾਰਾ, ਆਈ ਸ਼ੈਡੋ, ਆਈ ਲੈਸ਼ੇਜ਼ ਆਦਿ। ਇਹ ਚੀਜ਼ਾਂ ਨਾ ਸਿਰਫ ਅੱਖਾਂ ਨੂੰ ਸੁੰਦਰ ਬਣਾਉਂਦੀਆਂ ਹਨ, ਸਗੋਂ ਪੂਰੇ ਮੇਕਅੱਪ ਨੂੰ ਹੀ ਚਾਰ ਚੰਦ ਲਗਾ ਦਿੰਦੀਆਂ ਹਨ, ਜਿਸ ਨਾਲ ਮੁਟਿਆਰਾਂ ਅਤੇ ਔਰਤਾਂ ਦੀ ਲੁੱਕ ਬਹੁਤ ਆਕਰਸ਼ਕ ਲੱਗਦੀ ਹੈ।
ਅੱਜ ਹਰ ਮੁਟਿਆਰ ਅਤੇ ਔਰਤ ਆਈ ਮੇਕਅੱਪ ਦੀ ਦੀਵਾਨੀ ਹੈ। ਇਹੋ ਕਾਰਨ ਹੈ ਕਿ ਕੈਜ਼ੂਅਲ ਲੁੱਕ ਤੋਂ ਲੈ ਕੇ ਖ਼ਾਸ ਮੌਕਿਆਂ ਤੱਕ ਆਈ ਮੇਕਅੱਪ ਜ਼ਰੂਰ ਦੇਖਿਆ ਜਾ ਸਕਦਾ ਹੈ। ਆਮ ਦਿਨਾਂ ਵਿਚ ਵੀ ਮੁਟਿਆਰਾਂ ਨੂੰ ਆਈ ਮੇਕਅੱਪ ਵਿਚ ਕੱਜਲ ਅਤੇ ਆਈਲਾਈਨਰ ਲਗਾਉਂਦੇ ਦੇਖਿਆ ਜਾ ਸਕਦਾ ਹੈ। ਕੱਜਲ ਦੀ ਇਕ ਪਤਲੀ ਲਾਈਨ ਹੀ ਅੱਖਾਂ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਅੱਖਾਂ ਨੂੰ ਵੱਡਾ ਦਿਖਾਉਂਦੀ ਹੈ। ਕੁਝ ਮੁਟਿਆਰਾਂ ਕੱਜਲ ਦੀ ਜਗ੍ਹਾ ਆਈਲਾਈਨਰ ਲਗਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ।
ਅੱਜਕੱਲ ਵਿੰਗਡ ਲਾਈਨਰ, ਸਕੈਚ ਲਾਈਨਰ ਅਤੇ ਸਿੰਪਲ ਲਾਈਨਰ ਵਰਗੇ ਕਈ ਤਰ੍ਹਾਂ ਦੇ ਆਈ ਲਾਈਨਰ ਟ੍ਰੈਂਡ ਵਿਚ ਹਨ। ਮੁਟਿਆਰਾਂ ਆਪਣੀਆਂ ਅੱਖਾਂ ਦੇ ਸ਼ੇਪ ਦੇ ਹਿਸਾਬ ਨਾਲ ਲਾਈਨਰ ਲਗਾਉਣਾ ਪਸੰਦ ਕਰਦੀਆਂ ਹਨ। ਕੁਝ ਨੂੰ ਆਈਲਾਈਨਰ ਦੇ ਨਾਲ ਮਸਕਾਰਾ ਲਗਾਉਣਾ ਵੀ ਪਸੰਦ ਹੁੰਦਾ ਹੈ। ਮਸਕਾਰਾ ਪਲਕਾਂ ਨੂੰ ਮੋਟਾ ਅਤੇ ਸੰਘਣਾ ਦਿਖਾਉਂਦਾ ਹੈ, ਜਿਸ ਨਾਲ ਅੱਖਾਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀਆਂ ਹਨ। ਉੱਥੇ ਹੀ ਕਈ ਮੁਟਿਆਰਾਂ ਆਈਲੈਸ਼ ਕਰਲਰ ਅਤੇ ਫਾਲਸ ਆਈਲੈਸ਼ੇਜ਼ ਦਾ ਵੀ ਇਸਤੇਮਾਲ ਕਰਦੀਆਂ ਹਨ, ਜਿਸ ਨਾਲ ਪਲਕਾਂ ਸੰਘਣੀਆਂ ਅਤੇ ਮੁੜੀਆਂ ਹੋਈਆਂ ਲੱਗਦੀਆਂ ਹਨ।
ਫੁੱਲ ਆਈ ਮੇਕਅੱਪ ਦੀ ਗੱਲ ਕਰੀਏ ਤਾਂ ਉਸ ਵਿਚ ਕੱਜਲ, ਲਾਈਨਰ, ਮਸਕਾਰਾ ਤੋਂ ਲੈ ਕੇ ਆਈਸ਼ੈਡੋ ਤੱਕ ਸਭ ਕੁਝ ਸ਼ਾਮਲ ਹੁੰਦਾ ਹੈ। ਇਸ ਵਿਚ ਕਈ ਵੈਰਾਇਟੀ ਦੇਖਣ ਨੂੰ ਮਿਲਦੀ ਹੈ। ਕਿਸੇ ਨੂੰ ਸਮੋਕੀ ਆਈਜ਼ ਪਸੰਦ ਹਨ ਤਾਂ ਕਿਸੇ ਨੂੰ ਗਲਿਟਰੀ ਆਈਜ਼। ਕੋਈ ਗ੍ਰੀਨ ਜਾਂ ਬਲੂ ਕਲਰ ਦਾ ਆਈਲਾਈਨਰ ਲਗਾਉਣਾ ਪਸੰਦ ਕਰਦਾ ਹੈ ਤਾਂ ਕੋਈ ਕਲਾਸਿਕ ਬਲੈਕ। ਇਸੇ ਤਰ੍ਹਾਂ ਆਈਸ਼ੈਡੋ ਵਿਚ ਵੀ ਹੈਲੋ ਆਈਜ਼, ਸ਼ਿਮਰੀ ਆਈਜ਼ ਅਤੇ ਮੈਟ ਆਈਸ਼ੈਡੋ ਵਰਗੇ ਕਈ ਟ੍ਰੈਂਡ ਦੇਖੇ ਜਾ ਰਹੇ ਹਨ।
ਆਈ ਮੇਕਅੱਪ ਹੁਣ ਸਿਰਫ਼ ਇੰਡੀਅਨ ਡਰੈੱਸ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵੈਸਟਰਨ ਵੀਅਰ ’ਤੇ ਵੀ ਮੁਟਿਆਰਾਂ ਇਸ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ। ਪਾਰਟੀ ਵਿਚ ਉਨ੍ਹਾਂ ਨੂੰ ਪਾਰਟੀ ਵੀਅਰ ਡਰੈੱਸ ਦੇ ਨਾਲ ਸਮੋਕੀ ਆਈਜ਼ ਸਟਾਈਲ ਵਿਚ ਦੇਖਿਆ ਜਾ ਸਕਦਾ ਹੈ, ਜੋ ਬਹੁਤ ਸੁੰਦਰ ਲੱਗਦਾ ਹੈ। ਉੱਥੇ ਹੀ ਸਾੜ੍ਹੀ, ਲਹਿੰਗਾ-ਚੋਲੀ ਅਤੇ ਗਾਊਨ ਦੇ ਨਾਲ ਹੈਲੋ ਆਈਜ਼ ਅਤੇ ਸ਼ਿਮਰੀ ਆਈ ਮੇਕਅੱਪ ਬਹੁਤ ਟ੍ਰੈਂਡ ਵਿਚ ਹੈ। ਕੁੱਲ ਮਿਲਾ ਕੇ ਆਈ ਮੇਕਅੱਪ ਪੂਰੀ ਲੁੱਕ ਨੂੰ ਨਿਖਾਰਦਾ ਹੀ ਹੈ, ਨਾਲ ਹੀ ਅੱਖਾਂ ਨੂੰ ਵੱਡਾ, ਆਕਰਸ਼ਕ ਅਤੇ ਐਕਸਪ੍ਰੈਸਿਵ ਵੀ ਬਣਾਉਂਦਾ ਹੈ। ਇਹੀ ਵਜ੍ਹਾ ਹੈ ਕਿ ਅੱਜ ਦੇ ਸਮੇਂ ਵਿਚ ਆਈ ਮੇਕਅੱਪ ਹਰ ਔਰਤ ਦੀ ਪਹਿਲੀ ਪਸੰਦ ਬਣ ਗਿਆ ਹੈ।
