ਇੰਝ ਬਣਾਓ ਚਟਪਟਾ ‘ਰਾਮ ਲੱਡੂ’, ਸੁਆਦ ਦੇ ਹੋ ਜਾਵੋਗੇ ਦੀਵਾਨੇ
Saturday, Aug 24, 2024 - 03:17 PM (IST)
ਜਲੰਧਰ- ਰਾਮ ਲੱਡੂ ਦਾ ਨਾਂ ਸੁਣਦੇ ਹੀ ਸਾਰਿਆਂ ਨੂੰ ਲਗਦਾ ਹੈ ਕਿ ਇਹ ਸਵੀਟ ਡਿਸ਼ ਹੈ ਪਰ ਨਹੀਂ, ਇਹ ਇਕ ਚਟਪਟੀ ਡਿਸ਼ ਹੈ, ਜਿਸ ਨੂੰ ਮੂੰਗ ਦਾਲ ਨਾਲ ਬਣਾਇਆ ਜਾਂਦਾ ਹੈ। ਇਹ ਡਿਸ਼ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਾਰਿਆਂ ਨੂੰ ਪਸੰਦ ਆਉਂਦੀ ਹੈ। ਇਸ ਦਾ ਸਵਾਦ ਧਨੀਆ-ਪੁਦੀਨੇ ਦੀ ਚਟਨੀ ਅਤੇ ਮੂਲੀ ਦੇ ਲੱਛਿਆਂ ਦੇ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਇਹ ਮੂੰਹ ’ਚ ਪਾਉਂਦੇ ਹੀ ਘੁਲ ਜਾਂਦਾ ਹੈ। ਇਸ ’ਚ ਮੌਜੂਦ ਮੂੰਗ ਦਾਲ ਅਤੇ ਮੂਲੀ ਦੋਵੇਂ ਪੇਟ ਲਈ ਬਿਹਤਰ ਹੁੰਦੇ ਹਨ, ਇਸ ਲਈ ਇਸ ਨੂੰ ਹੈਲਦੀ ਸਟ੍ਰੀਟ ਫੂਡ ਮੰਨਿਆ ਜਾਂਦਾ ਹੈ। ਦਿਨ ’ਚ ਕਿਸੇ ਵੀ ਸਮੇਂ ਇਸ ਦਾ ਮਜ਼ਾ ਲਿਆ ਜਾ ਸਕਦਾ ਹੈ। ਤੁਸੀਂ ਸਾਡੇ ਵੱਲੋਂ ਦੱਸੀ ਗਈ ਰੈਸਿਪੀ ਨਾਲ ਘਰ ’ਚ ਹੀ ਇਸ ਸਵਾਦੀ ਡਿਸ਼ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ।
ਸਮੱਗਰੀ
ਮੂੰਗ ਦਾਲ - 1 ਕੱਪ
ਛੋਲਿਆਂ ਦੀ ਦਾਲ - 1/2 ਕੱਪ
ਬਰੀਕ ਕੱਟਿਆ ਹਰਾ ਧਨੀਆ - 3-4 ਟੇਬਲ ਸਪੂਨ
ਬਰੀਕ ਕੱਟੀ ਅਦਰਕ -1 ਇਕ ਛੋਟਾ ਟੁਕੜਾ
ਬਰੀਕ ਕੱਟੀ ਹਰੀ ਮਿਰਚ -3
ਤਲਣ ਲਈ ਤੇਲ - ਅੰਦਾਜ਼ੇ ਅਨੁਸਾਰ
ਨਮਕ - ਸਵਾਦ ਅਨੁਸਾਰ
ਗਾਰਨਿਸ਼ ਕਰਨ ਲਈ
ਕੱਦੂਕਸ ਕੀਤੀਆਂ ਮੂਲੀਆਂ 2-3
ਧਨੀਆ ਚਟਨੀ - 1-2 ਕਟੋਰੀ
ਵਿਧੀ
ਸਭ ਤੋਂ ਪਹਿਲਾਂ ਮੂੰਗ ਦਾਲ ਅਤੇ ਛੋਲਿਆਂ ਦੀ ਦਾਲ ਲਵਾਂਗੇ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਦਾਲਾਂ ਨੂੰ ਸਾਰੀ ਰਾਤ ਭਿਓਂ ਕੇ ਸਵੇਰੇ ਪਾਣੀ ਸੁੱਟ ਦਿਓ।
ਹੁਣ ਦਾਲ ਨੂੰ ਬਲੈਂਡਰ ’ਚ ਪਾ ਕੇ ਦਰਦਰਾ ਪੀਸ ਲਓ। ਪੀਸੀ ਹੋਈ ਦਾਲ ਨੂੰ ਕਿਸੇ ਬਰਤਨ ’ਚ ਕੱਢ ਲਓ।
ਨਮਕ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ’ਚ ਲਾਲ ਮਿਰਚ, ਹਰੀ ਮਿਰਚ, ਧਨੀਆ ਅਤੇ ਹਿੰਗ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਇਸ ਦਾ ਟੈਕਸਚਰ ਦਹੀਂ-ਬੜੇ ਵਾਂਗ ਰਹੇਗਾ। ਇਸ ਤੋਂ ਬਾਅਦ ਗੈਸ ’ਤੇ ਕੜਾਹੀ ਰੱਖੋ ਅਤੇ ਇਸ ’ਚ ਤੇਲ ਪਾਓ।
ਜਦੋਂ ਤੇਲ ਇਕਦਮ ਗਰਮ ਹੋ ਜਾਏ ਤਾਂ ਤਿਆਰ ਰੱਖੀ ਸਮੱਗਰੀ ਨਾਲ ਥੋੜ੍ਹਾ-ਥੋੜ੍ਹਾ ਮਿਕਸਚਰ ਹੱਥ ’ਚ ਲੈ ਕੇ ਗੋਲ ਆਕਾਰ ਦਿਓ। ਹੁਣ ਇਸ ਨੂੰ ਗਰਮ ਹੋ ਚੁੱਕੇ ਤੇਲ ਦੀ ਕੜਾਹੀ ’ਚ ਪਾਓ। ਇਸੇ ਤਰ੍ਹਾਂ ਬਾਕੀ ਰਾਮ ਲੱਡੂ ਵੀ ਕੜਾਹੀ ’ਚ ਪਾਓ।
ਇਸ ਤੋਂ ਬਾਅਦ ਮੀਡੀਅਮ ਕਰਕੇ ਇਨ੍ਹਾਂ ਨੂੰ ਕੁਰਕੁਰਾ ਅਤੇ ਸੁਨਹਿਰਾ ਭੂਰਾ ਹੋਣ ਤੱਕ ਤਲ ਲਓ। ਬਾਕੀ ਦੇ ਰਾਮ ਲੱਡੂ ਵੀ ਇੰਝ ਹੀ ਤਲੇ ਜਾਣਗੇ।
ਇਸ ਤੋਂ ਬਾਅਦ ਬਣ ਚੁੱਕੇ ਰਾਮ ਲੱਡੂ ਨੂੰ ਕਿਸੇ ਸਰਵਿੰਗ ਪਲੇਟ ’ਚ ਕੱਢ ਲਓ। ਉੱਪਰੋਂ ਕੱਦੂਕਸ ਕੀਤੀ ਹੋਈ ਮੂਲੀ ਅਤੇ ਧਨੀਆ ਦੀ ਚਟਨੀ ਪਾ ਕੇ ਸਾਰਿਆਂ ਨੂੰ ਸਰਵ ਕਰ ਸਕਦੇ ਹੋ।