Beauty Tips: ਗਰਮੀਆਂ ’ਚ ਚਿਹਰੇ ਨੂੰ ਠੰਡਕ ਪਹੁੰਚਾਉਣ ਲਈ ਇਨ੍ਹਾਂ ਫੇਸ ਮਾਸਕ ਦੀ ਕਰੋ ਵਰਤੋਂ, ਹੋਵਗਾ ਫ਼ਾਇਦਾ
Thursday, Jun 02, 2022 - 04:43 PM (IST)

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ 'ਚ ਚਿਹਰੇ ਅਤੇ ਚਮੜੀ ’ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖੁਜਲੀ, ਰੈੱਡਨੈੱਸ, ਦਾਗ-ਧੱਬੇ, ਮੁਹਾਸੇ ਵਰਗੀਆਂ ਕਈ ਸਮੱਸਿਆਵਾਂ ਤੁਹਾਡੀ ਚਮੜੀ ਦਾ ਨਿਖ਼ਾਰ ਘੱਟ ਕਰ ਦਿੰਦੀਆਂ ਹਨ। ਇਨ੍ਹਾਂ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਚਿਹਰੇ ਨੂੰ ਠੰਡਕ ਪਹੁੰਚਾਉਣ ਵਾਲੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਚਿਹਰੇ ਨੂੰ ਗਰਮੀ ਤੋਂ ਰਾਹਤ ਮਿਲ ਜਾਵੇਗੀ.....
ਦੁੱਧ ਅਤੇ ਖੀਰੇ ਦਾ ਫੇਸ ਮਾਸਕ
ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਚਿਹਰੇ ’ਤੇ ਦੁੱਧ ਅਤੇ ਖੀਰੇ ਨਾਲ ਬਣੇ ਫੇਸ ਮਾਸਕ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਚਮੜੀ ਨੂੰ ਠੰਡਕ ਮਹਿਸੂਸ ਹੋਵੇਗੀ ਅਤੇ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ। ਦੁੱਧ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ।
ਇੰਝ ਕਰੋ ਵਰਤੋਂ
ਫੇਸ ਪੈਕ ਲਈ ਸਭ ਤੋਂ ਪਹਿਲਾਂ ਖੀਰੇ ਨੂੰ ਕੱਟ ਕੇ ਪੀਸ ਲਓ ਅਤੇ ਇਸ ’ਚ 3 ਚਮਚ ਠੰਡਾ ਦੁੱਧ ਮਿਲਾ ਲਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਮੜੀ 'ਤੇ ਲਗਾਓ। 15 ਮਿੰਟ ਲਈ ਇਹ ਮਾਸਕ ਲਗਾਉਣ ਤੋਂ ਬਾਅਦ ਆਪਣਾ ਚਿਹਰਾ ਧੋ ਲਓ।
ਫਲਾਂ ਦਾ ਫੇਸ ਮਾਸਕ
ਫਲ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਚਿਹਰੇ 'ਤੇ ਆਪਣੀ ਪਸੰਦ ਦੇ ਕਿਸੇ ਵੀ ਫਲ ਦਾ ਫੇਸ ਮਾਸਕ ਲਗਾ ਸਕਦੇ ਹੋ। ਇਹ ਤੁਹਾਡੇ ਚਿਹਰੇ ਨੂੰ ਠੰਡਾ ਕਰਨ ਵਿੱਚ ਮਦਦ ਕਰੇਗਾ।
ਇੰਝ ਕਰੋ ਵਰਤੋਂ
ਫੇਸ ਮਾਸਕ ਲਈ ਸਭ ਤੋਂ ਪਹਿਲਾਂ ਤੁਸੀਂ ਕੋਈ ਦੋ ਫਲ ਲੈ ਲਓ। ਦੋਵਾਂ ਨੂੰ ਧੋ ਕੇ ਚੰਗੀ ਤਰ੍ਹਾਂ ਪੀਸ ਕੇ ਇਕ ਪੇਸਟ ਤਿਆਰ ਕਰ ਲਓ। ਪੇਸਟ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ ਫਿਰ ਆਪਣਾ ਚਿਹਰਾ ਧੋ ਲਓ।
ਪੁਦੀਨੇ ਦੀਆਂ ਪੱਤੀਆਂ ਅਤੇ ਨਿੰਬੂ ਦਾ ਫੇਸ ਮਾਸਕ
ਪੁਦੀਨਾ ਤੁਹਾਡੀ ਚਮੜੀ ਨੂੰ ਠੰਡਾ ਕਰਨ ਵਿਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਚਮੜੀ ਦੇ ਮੁਹਾਸੇ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ।
ਇੰਝ ਕਰੋ ਵਰਤੋਂ
ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਪੁਦੀਨੇ ਨੂੰ ਧੋ ਕੇ ਕੱਟ ਲਓ ਅਤੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। 10 ਮਿੰਟ ਲਗਾਉਣ ਤੋਂ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਚਮੜੀ ਨੂੰ ਠੰਡਕ ਦਾ ਅਹਿਸਾਸ ਹੋਵੇਗਾ।
ਸੰਤਰੇ ਅਤੇ ਸ਼ਹਿਦ ਦਾ ਫੇਸ ਮਾਸਕ
ਸੰਤਰੇ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਤੁਹਾਡੀ ਚਮੜੀ ਦੀ ਚਮਕ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਸ਼ਹਿਦ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਇੰਝ ਕਰੋ ਇਸਤੇਮਾਲ
ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਸੰਤਰੇ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ। ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਮੜੀ 'ਤੇ ਲਗਾਓ ਅਤੇ 15 ਮਿੰਟ ਬਾਅਦ ਚਮੜੀ ਨੂੰ ਧੋ ਲਓ।