ਡਿਜੀਟਲ ਨਿਯਮਾਂ ਤੋਂ ਬਚਣ ਲਈ ''ਕਿਡਫਲੂਐਂਸਰਜ਼'' ਦੇ ਮਾਪਿਆਂ ਨੇ ਲੱਭੇ ਕਮਾਈ ਦੇ ਨਵੇਂ ਰਸਤੇ

Tuesday, Apr 21, 2026 - 09:40 AM (IST)

ਡਿਜੀਟਲ ਨਿਯਮਾਂ ਤੋਂ ਬਚਣ ਲਈ ''ਕਿਡਫਲੂਐਂਸਰਜ਼'' ਦੇ ਮਾਪਿਆਂ ਨੇ ਲੱਭੇ ਕਮਾਈ ਦੇ ਨਵੇਂ ਰਸਤੇ

ਨਵੀਂ ਦਿੱਲੀ - ਭਾਰਤ ਸਰਕਾਰ ਵੱਲੋਂ ਬੱਚਿਆਂ ਦੀ ਡਿਜੀਟਲ ਸੁਰੱਖਿਆ ਲਈ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਮਸ਼ਹੂਰ ਬੱਚਿਆਂ (ਕਿਡਫਲੂਐਂਸਰਜ਼) ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਖਾਤਿਆਂ ਨੂੰ ਬ੍ਰਾਂਡ-ਫਰੈਂਡਲੀ ਅਤੇ ਕਮਾਈ ਦੇ ਯੋਗ ਬਣਾਈ ਰੱਖਣ ਲਈ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ।

ਕੀ ਹਨ ਨਵੇਂ ਨਿਯਮ?
ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (DPDP) ਨਿਯਮ, 2025 ਦੇ ਤਹਿਤ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡੇਟਾ ਇਕੱਠਾ ਕਰਨ ਜਾਂ ਵਰਤਣ ਲਈ ਮਾਪਿਆਂ ਦੀ ਸਪੱਸ਼ਟ ਸਹਿਮਤੀ ਲਾਜ਼ਮੀ ਹੈ। ਇਨ੍ਹਾਂ ਨਿਯਮਾਂ ਨੇ ਕਈ ਵੱਡੇ ਬ੍ਰਾਂਡਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ ਪਰ ਮਾਪੇ ਅਜੇ ਵੀ ਕੁਝ ਅਸਪਸ਼ਟ ਕਾਨੂੰਨੀ ਖੇਤਰਾਂ ਦੀ ਵਰਤੋਂ ਕਰਕੇ ਆਪਣੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਚਲਾ ਰਹੇ ਹਨ।

ਮਾਪਿਆਂ ਵੱਲੋਂ ਅਪਣਾਏ ਜਾ ਰਹੇ ਨਵੇਂ ਹੱਥਕੰਡੇ :-

ਮਾਪਿਆਂ ਦੇ ਨਾਮ 'ਤੇ ਖਾਤੇ
- ਹੁਣ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੱਚਿਆਂ ਦੀ ਬਜਾਏ ਮਾਪਿਆਂ ਦੇ ਨਾਮ 'ਤੇ ਚਲਾਏ ਜਾ ਰਹੇ ਹਨ, ਜਿਨ੍ਹਾਂ ਦੇ Bio 'ਚ ਸਪੱਸ਼ਟ ਲਿਖਿਆ ਹੁੰਦਾ ਹੈ ਕਿ ਇਸ ਦਾ ਪ੍ਰਬੰਧਨ ਮਾਤਾ ਜਾਂ ਪਿਤਾ ਦੁਆਰਾ ਕੀਤਾ ਜਾ ਰਿਹਾ ਹੈ।

ਪਰਿਵਾਰਕ ਕੰਟੈਂਟ ਦਾ ਰੂਪ
- ਵੀਡੀਓਜ਼ ਨੂੰ ਹੁਣ ਸਿਰਫ਼ ਬੱਚੇ ਦੇ ਕੰਟੈਂਟ ਦੀ ਬਜਾਏ 'ਫੈਮਿਲੀ ਕੰਟੈਂਟ' ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸ 'ਚ ਮਾਪੇ ਵੀ ਬੱਚਿਆਂ ਦੇ ਨਾਲ ਨਜ਼ਰ ਆਉਂਦੇ ਹਨ।

ਕੋ-ਪੋਸਟਿੰਗ ਵਿਕਲਪ
- ਪਲੇਟਫਾਰਮਾਂ ਦੇ ਕੋ-ਪੋਸਟਿੰਗ ਵਿਕਲਪਾਂ ਦੀ ਵਰਤੋਂ ਕਰਕੇ ਮਾਲਕੀ ਦੇ ਨਿਯਮਾਂ ਨੂੰ ਉਲਝਾ ਦਿੱਤਾ ਜਾਂਦਾ ਹੈ।

ਉਦਾਹਰਨ ਵਜੋਂ ਦੇਖਿਆ ਜਾਵੇ ਤਾਂ ਇਕ ਛੇ ਸਾਲਾ ਇਰਾ ਸਿਨ੍ਹਾ, ਜਿਸ ਦੇ ਵੀਡੀਓਜ਼ ਨੂੰ ਕਰੋੜਾਂ ਲੋਕ ਦੇਖਦੇ ਹਨ, ਉਸਦਾ ਖਾਤਾ ਉਸਦੀ ਮਾਂ ਸਨਾਇਆ ਰੰਜਨ ਵੱਲੋਂ ਚਲਾਇਆ ਜਾਂਦਾ ਹੈ। ਮਾਪਿਆਂ ਦਾ ਤਰਕ ਹੈ ਕਿ ਜੇਕਰ ਬੱਚਿਆਂ ਨੂੰ ਫਿਲਮਾਂ ਜਾਂ ਇਸ਼ਤਿਹਾਰਾਂ 'ਚ ਕੰਮ ਕਰਨ ਤੋਂ ਨਹੀਂ ਰੋਕਿਆ ਜਾਂਦਾ, ਤਾਂ ਸੋਸ਼ਲ ਮੀਡੀਆ 'ਤੇ ਇੰਨੀ ਸਖ਼ਤੀ ਕਿਉਂ ਕੀਤੀ ਜਾ ਰਹੀ ਹੈ?

ਕਾਨੂੰਨੀ ਅਤੇ ਨੈਤਿਕ ਸਵਾਲ :-
ਮਾਹਿਰਾਂ ਦਾ ਕਹਿਣਾ ਹੈ ਕਿ ਮਾਪੇ ਅਕਸਰ ਬੱਚਿਆਂ ਦੇ ਨਾਮ 'ਤੇ ਖੁਦ ਖਾਤੇ ਚਲਾ ਕੇ ਨਿਯਮਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਭ ਤੋਂ ਵੱਡਾ ਸਵਾਲ ਬੱਚੇ ਦੀ ਸਹਿਮਤੀ ਦਾ ਹੈ, ਕਿਉਂਕਿ ਬਹੁਤ ਸਾਰੇ ਮਾਮਲਿਆਂ 'ਚ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ 'ਇਨਫਲੂਐਂਸਰ' ਹਨ। ਹਾਲਾਂਕਿ, ਜਦੋਂ ਤੱਕ ਵੀਡੀਓ 'ਚ ਸਰੀਰਕ ਮਿਹਨਤ ਨਹੀਂ ਦਿਖਾਈ ਜਾਂਦੀ, ਇਸ ਨੂੰ 'ਬਾਲ ਮਜ਼ਦੂਰੀ' ਦੇ ਦਾਇਰੇ 'ਚ ਨਹੀਂ ਲਿਆਂਦਾ ਜਾ ਸਕਦਾ।

ਵਿਸ਼ਵ ਪੱਧਰ 'ਤੇ ਸਥਿਤੀ :-
ਸਿਰਫ਼ ਭਾਰਤ ਹੀ ਨਹੀਂ, ਸਗੋਂ ਆਸਟ੍ਰੇਲੀਆ ਅਤੇ ਫਰਾਂਸ ਵਰਗੇ ਦੇਸ਼ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਉਮਰ ਦੇ ਆਧਾਰ 'ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਬ੍ਰਾਂਡ ਹੁਣ ਸਿਰਫ਼ ਉਨ੍ਹਾਂ ਖਾਤਿਆਂ ਨਾਲ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਜੋ ਸਪੱਸ਼ਟ ਤੌਰ 'ਤੇ ਮਾਪਿਆਂ ਦੀ ਨਿਗਰਾਨੀ ਹੇਠ ਹਨ।


author

Sunaina

Content Editor

Related News