ਮਾਂ ਦੀ ਦਿੱਤੀ ਸਿੱਖਿਆ ਕੋਰੋਨਾ ਦੇ ਇਸ ਸਫਰ ’ਚ ਆ ਰਹੀ ਹੈ ਬੱਚਿਆ ਦੇ ਕੰਮ

Saturday, May 09, 2020 - 12:13 PM (IST)

ਮਾਂ ਦੀ ਦਿੱਤੀ ਸਿੱਖਿਆ ਕੋਰੋਨਾ ਦੇ ਇਸ ਸਫਰ ’ਚ ਆ ਰਹੀ ਹੈ ਬੱਚਿਆ ਦੇ ਕੰਮ

ਕੋਰੋਨਾ ਦਾ ਸਮਾਂ

ਭਾਰਤ ਦੇਸ਼ ਵਿਚ ਅਸੀਂ ਆਪਣੇ ਬੱਚਿਆਂ ਨਾਲ ਬਹੁਤ ਮੋਹ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਤੱਤੀ ਵਾਅ ਨਾ ਲੱਗੇ। ਖਾਸ ਕਰਕੇ ਲੜਕਿਆਂ ਦਾ ਧਿਆਨ ਜ਼ਿਆਦਾ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਰਸੋਈ ਜਾਂ ਘਰ ਦੇ ਕੰਮ ਦੇ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ। ਹੁਣ ਉਸ ਮਾਂ ਦੀ ਹਾਲਤ ਸੋਚੋ, ਜਿਸ ਦਾ ਪੁੱਤਰ ਕਾਲਜ ਖਤਮ ਹੋਣ ਤੋਂ ਬਾਅਦ ਦੂਰ-ਦੁਰਾਡੇ ਸ਼ਹਿਰ ਵਿਚ ਨੌਕਰੀ ਲਈ ਜਾ ਰਿਹਾ ਹੋਵੇ। ਮੇਰੀ ਪਤਨੀ ਦੀ ਵੀ ਕੁਝ ਅਜਿਹੀ ਹਾਲਤ ਹੋਈ, ਜਦੋਂ ਸਾਨੂੰ ਖਬਰ ਮਿਲੀ ਕਿ ਸਾਡਾ ਬੇਟਾ ਪੜਾਈ ਖਤਮ ਕਰਨ ਤੋਂ ਬਾਅਦ ਬੈਂਗਲੋਰ ਵਿਖੇ ਇਕ ਕੰਪਨੀ ਵਿੱਚ ਨੌਕਰੀ ਕਰਨ ਜਾ ਰਿਹਾ ਹੈ। ਸਕੂਲ ਸਮੇਂ ਉਹ ਸਾਡੇ ਨਾਲ ਹੀ ਰਿਹਾ ਸੀ। ਕਾਲਜ ਨੇੜੇ ਹੀ ਸੀ ਹਰ ਹਫ਼ਤੇ ਘਰ ਆ ਜਾਂਦਾ ਸੀ ।

ਘਰ ਵਿਚ ਤਾਂ ਮਨਪਸੰਦ ਖਾਣਾ ਮਿਲਦਾ ਹੀ ਸੀ, ਹੋਸਟਲ ਵਿਚ ਵੀ ਖਾਣੇ ਦਾ ਚੰਗਾ ਪ੍ਰਬੰਧ ਸੀ। ਕਾਲਜ ਖਤਮ ਹੋਣ ’ਤੇ ਨੌਕਰੀ ਵਿਚਾਲੇ ਦੋ ਕੁ ਮਹੀਨੇ ਦਾ ਸਮਾਂ ਸੀ। ਮੇਰੀ ਪਤਨੀ ਨੇ ਬੇਟੇ ਨੂੰ ਪੁੱਛਿਆ “ਤੈਨੂੰ ਕਿਹੜੇ ਖਾਣੇ ਪਸੰਦ ਹਨ”। ਇਕ ਲਿਸਟ ਬਣਾਈ ਗਈ ਇਸ ਹਿਸਾਬ ਨਾਲ ਕਿ ਬੈਂਗਲੋਰ ਵਿਚ ਕੀ ਚੀਜ਼ਾਂ ਮਿਲ ਜਾਣਗੀਆਂ ਅਤੇ ਇਨ੍ਹਾਂ ਪਕਵਾਨਾਂ ਨੂੰ ਬਣਾਉਣ ਵਿਚ ਕਿੰਨਾ ਵਕਤ ਲੱਗੇਗਾ। ਇਸ ਤੋਂ ਬਾਅਦ ਸਿਖਲਾਈ ਸ਼ੁਰੂ ਹੋਈ। ਇਕ ਕਾਪੀ ਵਿਚ ਸਾਰੇ ਪਕਵਾਨਾਂ ਦੀਆ ਵਿਧੀਆ ਲਿਖ ਦਿੱਤੀਆਂ ਗਈਆਂ। ਅੱਧੇ ਘੰਟੇ ਵਿਚ ਹੀ ਸੌਖੇ ਤਰੀਕੇ ਨਾਲ ਸਬਜ਼ੀਆਂ ਬਣਾਉਣ ਦੇ ਢੰਗ ਸਿਖਾਏ ਗਏ। ਮੇਰੇ ਬੇਟੇ ਦੇ ਮਨ ਵਿਚ ਆਪਣੀ ਮਾਂ ਪ੍ਰਤੀ ਇੱਜ਼ਤ ਹੋਰ ਵਧ ਗਈ। ਉਸ ਨੇ ਕਿਹਾ “ਮੰਮੀ ਤੁਸੀਂ ਆਸਾਨ ਖਾਣਾ ਅੱਧੇ ਘੰਟੇ ਵਿਚ ਨਾਂ ਦਾ ਯੂਟਿਊਬ ਚੈਨਲ ਕਿਉਂ ਨਹੀਂ ਸ਼ੁਰੂ ਕਰ ਲੈਂਦੇ। ਸਾਡੇ ਵਰਗਿਆਂ ਦੇ ਬਹੁਤ ਕੰਮ ਆਏਗਾ “।

ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੇ ਮੌਕੇ ਨੌਜਵਾਨ ਹੋ ਰਹੇ ਹਨ ਇਕੱਲਪੁਣੇ ਤੋਂ ਪਰੇਸ਼ਾਨ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਭੋਪਾਲ ਗੈਸ ਤ੍ਰਾਸਦੀ’ ਤੋਂ 36 ਸਾਲ ਬਾਅਦ ਵਾਪਰੀ ਹੈ ਵਿਜਾਗ ਤ੍ਰਾਸਦੀ (ਵੀਡੀਓ)

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੂਫੀ ਫ਼ਕੀਰ ਸ਼ਾਹ ਸ਼ਰਫ 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ’ਚ ਲਿਖਿਆ ‘ਇਕ ਖਤ ਆਪਣੇ ਹੀ ਨਾਂ’

PunjabKesari

ਫਿਰ ਉਸ ਨੂੰ ਬਰਤਨ ਕਪੜੇ ਸਾਫ ਕਰਨ ਦਾ ਢੰਗ ਵੀ ਸਿਖਾਇਆ ਗਿਆ। ਮੇਰੇ ਬੇਟੇ ਨੇ ਇੱਕ ਮਾਰਚ ਨੂੰ ਕੰਪਨੀ ਜੁਆਇਨ ਕੀਤੀ ਅਤੇ ਇਕ ਹੋਟਲ ਵਿਚ ਠਹਿਰ ਗਿਆ। ਮੇਰੀ ਪਤਨੀ ਕੁਝ ਦਿਨ ਬਾਅਦ ਬੈਂਗਲੋਰ ਗਈ ਤੇ ਉਨ੍ਹਾਂ ਨੇ ਕੰਪਨੀ ਦੇ ਨੇੜੇ ਇਕ ਫਲੈਟ ਕਿਰਾਏ ’ਤੇ ਲੈ ਲਿਆ। ਘਰ ਵਿੱਚ ਰੱਖਣ ਲਈ ਬਿਸਤਰੇ ਤੋਂ ਲੈ ਕੇ ਬਰਤਨ ਤੱਕ, ਰਾਸ਼ਨ ਤੋਂ ਲੈ ਕੇ ਗੁਸਲਖਾਨੇ ਦੇ ਸਮਾਨ ਤੱਕ, ਟੀ ਵੀ, ਫਰਿੱਜ ਵਗੈਰਾ ਸਭ ਕੁਝ ਦੋ ਦਿਨਾਂ ਵਿਚ ਹੀ ਖਰੀਦ ਲਿਆ। ਘਰ ਦੀ ਸਫਾਈ ਲਈ ਇਕ ਨੌਕਰਾਣੀ ਵੀ ਲੱਭ ਗਈ। ਮੇਰੇ ਬੇਟੇ ਨੇ ਆਪਣੀ ਮਾਂ ਨੂੰ ਕਿਹਾ “ਤੁਸੀਂ ਐਵੇਂ ਫ਼ਿਕਰ ਕਰ ਰਹੇ ਹੋ। ਕੰਪਨੀ ਵਿੱਚ ਮੈਨੂੰ ਸਵੇਰ ਤੇ ਦੁਪਹਿਰ ਦਾ ਖਾਣਾ ਮਿਲ ਜਾਂਦਾ ਹੈ। ਰਾਤ ਦਾ ਮੈਂ ਕੁਝ ਨਾ ਕੁਝ ਮੰਗਵਾ ਲਿਆ ਕਰਾਂਗਾ। ਨੌਕਰਾਣੀ ਬਰਤਨ, ਸਫ਼ਾਈ ਕਰ ਦੇਵੇਗੀ। ਤੁਸੀਂ ਹੁਣ ਵਾਪਸ ਜਾਓ।“

ਮੇਰੀ ਪਤਨੀ 21 ਮਾਰਚ ਨੂੰ ਬੰਗਲੌਰ ਤੋਂ ਵਾਪਸ ਆ ਗਈ। ਅਗਲੇ ਦਿਨ ਤਾਲੇ ਬੰਦੀ ਦਾ ਐਲਾਨ ਹੋ ਗਿਆ। ਮੇਰੇ ਬੇਟੇ ਦੀ ਕੰਪਨੀ ਨੇ ਉਸ ਨੂੰ ਘਰ ਤੋਂ ਕੰਮ ਕਰਨ ਦਾ ਹੁਕਮ ਸੁਣਾ ਦਿੱਤਾ। ਉਸ ਵਿਚਾਰੇ ’ਤੇ ਤਾਂ ਦੂਹਰੀ ਮਾਰ ਪੈ ਗਈ। ਕੰਪਨੀ ਦਾ ਖਾਣਾ ਵੀ ਗਿਆ ਤੇ ਮਿੱਥੇ ਸਮੇਂ ਦੀ ਜਗ੍ਹਾ ’ਤੇ 24 ਘੰਟੇ ਕੰਪਨੀ ਦਾ ਕੰਮ ਕਰਨਾ ਪੈ ਗਿਆ। ਖਾਣਾ ਆਪ ਬਣਾਉਣਾ ਪੈ ਰਿਹਾ ਹੈ, ਕਿਉਂਕਿ ਨਾ ਤਾਂ ਹੋਟਲ ਖੁੱਲ੍ਹੇ ਹਨ ਤੇ ਨਾ ਘਰ ਖਾਣੇ ਦੀ ਡਲਿਵਰੀ ਚਾਲੂ ਹੈ। ਨੌਕਰਾਣੀ ਵੀ ਨਹੀਂ ਆ ਰਹੀ, ਸੋ ਬਰਤਨ ਸਫਾਈ ਦੀ ਜਿੰਮੇਵਾਰੀ ਵੀ ਸਿਰ ’ਤੇ ਆ ਗਈ। ਮੇਰਾ ਬੇਟਾ ਹਰ ਰੋਜ਼ ਘੱਟੋ-ਘੱਟ ਦੋ ਵਾਰ ਆਪਣੀ ਮਾਂ ਨੂੰ ਫੋਨ ਕਰਦਾ ਹੈ ਕਦੀ ਖਾਣੇ ਵੇਲੇ ਨਿਰਦੇਸ਼ ਲੈਣ ਲਈ ਅਤੇ ਕਦੀ ਕਿਸੀ ਹੋਰ ਕੰਮ। ਅਸੀਂ ਬੇਵੱਸ ਹਾਂ ਉਸ ਦੀ ਮਦਦ ਕਰਨ ਵੀ ਨਹੀਂ ਜਾ ਸਕਦੇ। ਹੁਣ ਉਸ ਨੂੰ ਹਾਲਾਤ ਦਾ ਅਹਿਸਾਸ ਹੋਇਆ ਤੇ ਉਸ ਨੇ ਆਪਣੀ ਮਾਂ ਨੂੰ ਕਿਹਾ “ਮੰਮੀ ਤੁਸੀਂ ਠੀਕ ਸੀ ਤੁਸੀਂ ਮੈਨੂੰ ਮਾੜੇ ਵਕਤ ਲਈ ਤਿਆਰ ਕਰ ਰਹੇ ਸੀ। ਮਾੜਾ ਵਕਤ ਦੱਸ ਕੇ ਨਹੀਂ ਆਉਂਦਾ। ਮੈਂ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਕਰ ਦਿੱਤਾ ਸੀ। “

PunjabKesari

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


author

rajwinder kaur

Content Editor

Related News