ਲਵ ਇਨ ਕੁਆਰੰਟੀਨ ਅਤੇ ਕਵਿਤਾ ਦੀ ਰਾਖ਼ਵੀਂ ਥਾਂ

Wednesday, Apr 08, 2020 - 02:39 PM (IST)

ਲਵ ਇਨ ਕੁਆਰੰਟੀਨ ਅਤੇ ਕਵਿਤਾ ਦੀ ਰਾਖ਼ਵੀਂ ਥਾਂ

ਸ਼ਿਵਦੀਪ

ਮੈਨੂੰ ਕਵਿਤਾ ਅਤੇ ਪਿਆਰ ਦਾ ਆਸਰਾ ਜ਼ਿੰਦਗੀ ਭਰ ਰਿਹਾ ਹੈ। ਕਈ ਵਾਰ ਲਗਦਾ ਹੈ ਕਿ ਜਿੰਨਾ ਕੁ ਮਾੜਾ ਮੋਟਾ ਪਿਆਰ ਕਰਨਾ ਆਇਆ ਹੈ ਕਵਿਤਾ ਰਾਹੀਂ ਹੀ ਆਇਆ ਹੈ। ਇਹਨਾਂ ਦਿਨੀ ਜ਼ਿੰਦਗੀ ਇਕ ਬਹੁਤ ਸੰਘਣਾ ਲਾਂਘਾ ਲੰਘ ਰਹੀ ਹੈ। ਕੁਆਰੰਟੀਨ ਦਿਨਾਂ ਵਿਚ ਬਹੁਤਾ ਵਖ਼ਤ ਪੜ੍ਹਦਿਆਂ-ਲਿਖਦਿਆਂ ਅਤੇ ਫਿਲਮਾਂ ਦੇਖਣ ਵਿਚ ਲੰਘਦਾ ਹੈ। ਪਿਛਲੇ ਕਈ ਦਿਨਾਂ ਵਿਚ ਕੁਆਰੰਟੀਨ ਨਾਲ ਜੁੜੀਆਂ ਚੀਜ਼ਾਂ ਬਾਰੇ ਪੜ੍ਹ, ਲਿਖ ਅਤੇ ਸੁਣ ਸੁਣ ਕੇ ਰੀੜ੍ਹ ਵਿਚ ਅਜੀਬ ਤਰਾਂ ਦੀ ਅਕੜਾਂਦ ਮਹਿਸੂਸ ਕਰ ਰਿਹਾ ਹਾਂ। ਹੱਥਾਂ ਵਿਚੋਂ ਅਜੀਬ ਕਿਸਮ ਦੀ ਹਮਕ ਆਉਂਦੀ । ਰਹਿ ਰਹਿ ਕੇ ਘਰ ਨੂੰ ਦੇਖਦਾ ਹਾਂ, ਜਿਵੇਂ ਕਦੇ ਦੇਖਿਆ ਹੀ ਨਾ ਹੋਵੇ। ਕਮਰੇ ਤੋਂ ਘਰ, ਘਰ ਤੋਂ ਬਾਲਕਨੀ-ਬਾਲਕਨੀ ਵਿਚੋਂ ਵਾਇਆ ਘਰ ਆਪਣੇ ਕਮਰੇ ਵੱਲ ਵਾਪਿਸ ਜਾਂਦਿਆਂ ਸੋਚਦਾ ਹਾਂ ਕਿ ਕਿੰਨੀ ਵਾਰ ਲੰਘਿਆ ਹੋਵਾਂਗਾ ਇਸ ਰਸਤੇ। ਹਰਿਕ ਚੀਜ਼ ਨੂੰ ਯੂਮ ਕਰਕੇ ਦੇਖਣ ਨੂੰ ਦਿਲ ਕਰਦਾ ਹੈ। ਅੱਜ ਕੁੱਝ ਸਮੇਂ ਲਈ ਇਸ ਵਾਇਰਸ ਨੂੰ ਭੁੱਲ ਜਾਣਾ ਜਾਣਾ ਚਾਹੁੰਦਾ ਹਾਂ।

ਉਸਨੇ ਮੇਰੀ ਆਤਮਾ ਕੋ ਛੁਆ ਹੈ: ਮੈਨੂੰ ਲਗਦਾ ਹੈ ਕਿ ਪਿਆਰ ਵਿਚ ਆਦਮੀ ਕਵੀ ਹੀ ਹੁੰਦਾ ਹੈ, ਚਾਹੇ ਉਹ ਕਵਿਤਾ ਨਾ ਵੀ ਲਿਖਦਾ ਹੋਵੇ। ਪਿਛਲੇ ਦਿਨੀਂ ਕਿਤੇ ਲਿਖਿਆ ਸੀ ਕਿ ਦੇਹ ਦੀ ਵਿਰਲ ਦੇਹ ਭਰਦੀ ਹੈ, ਜਾ ਚੁਕੀਆਂ ਪ੍ਰੇਮਿਕਾਵਾਂ ਕਵਿਤਾ ਅੰਦਰ ਦੇਹ ਬਣ ਜਾਂਦੀਆਂ ਹਨ। ਅਸੀਂ ਚਾਹੇ ਕਿੰਨੇ ਵੀ ਫਿਲਾਸਫ਼ੀਕਲ ਹੋ ਜਾਈਏ, ਛੋਹ ਦਾ ਆਪਣਾ ਇਕ ਆਲਮ ਹੈ। ਗੱਲਾਂ ਬਾਤਾਂ, ਵੀਡੀਓ ਕਾਲਜ਼ ਆਦਿ ਤਾਂ ਸਭ ਹੋ ਹੀ ਰਿਹਾ ਹੈ ਫਿਰ ਕਮੀ ਕਿਸ ਗੱਲ ਦੀ ਹੈ। ਮੰਨੋ, ਨਾ ਮੰਨੋ, ਚਾਹੇ ਲੁਕੋ ਲਵੋ ਪਰ ਅਸੀਂ ਸਭ ਜਾਣਦੇ ਹਾਂ ਕਿ ਇਸ ਤੇਜ਼ੀ ਨਾਲ ਬਦਲਦੇ ਸਮੇਂ ਉਪਰ ਬੰਦੇ ਨੇ ਫੋਨ ਕਾਲਾਂ ਅਤੇ ਵੀਡੀਓ ਕਾਲ ਨੂੰ ਵੀ ਦੇਹ ਦੇ ਇਕ ਬਦਲ ਵਜੋਂ ਵਰਤਣਾ ਸ਼ੁਰੂ ਕਰ ਦਿਤਾ ਹੈ। ਇਹਨਾਂ ਦਿਨਾਂ ਵਿਚ ਕੁੱਝ ਅੰਤਰਰਾਸ਼ਟਰੀ ਆਰਟੀਕਲਾਂ ਨੂੰ ਪੜ੍ਹਦਿਆਂ ਡਰ ਵੀ ਲਗਦਾ ਹੈ। ਪਰ ਮੈਨੂੰ ਡਰ, ਸੂਚਨਾ, ਕੁਆਰੰਟੀਨ ਤੋਂ ਬਾਅਦ ਜੇਕਰ ਇਹਨਾਂ ਦਿਨਾਂ ਦੀ ਕੋਈ ਹੋਰ ਚੀਜ਼ ਫੈਸੀਨੇਟ ਕਰਦੀ ਹੈ ਤਾਂ ਉਹ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਹਨ। 

ਮੈਂ ਸੋਚਦਾ ਹਾਂ ਮਾਨਸਿਕ ਤੌਰ ਉਪਰ ਕੀ ਪਰਿਵਰਤਨ ਆਏ ਹੋਣਗੇ, ਅਤੇ ਕਈ ਦੋਸਤਾਂ ਨਾਲ ਇਸਦੇ ਬਾਰੇ ਗੱਲ ਕਰਦਾ ਰਹਿੰਦਾ ਹਾਂ, ਮਿੱਟੀ ਦਾ ਘਰ ਬਣਦਾ ਢਹਿੰਦਾ ਰਹਿੰਦਾ ਹੈ। ਮੇਰਾ ਕਈ ਵਾਰ ਦਿਲ ਕਰਦਾ ਹੈ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣਾ, ਉਹਨਾਂ ਦੇ ਚਿਹਰੇ ਦੇਖਾਂ, ਚੁੱਪੀ ਦੇਖਾਂ। ਜੋ ਬੰਦਾ ਕਵਿਤਾ ਜਾਂ ਕਿਸੇ ਹੋਰ ਸਿਨਫ਼ ਨਾਲ ਨਹੀਂ ਜੁੜਿਆ, ਉਹ ਆਪਣੀ ਅੰਦਰੂਨੀ ਅਤੇ ਬਾਹਰੀ ਆਇਸੋਲੇਸ਼ਨ ਦਾ ਪਸੀਨਾ ਕਿਥੇ ਸੁੱਟਦਾ ਹੋਏਗਾ। ਸਮਾਂ ਆਤਮਾ ਦੇ ਨਾਲ ਆਤਮਾ ਛੂਹਣ ਦਾ ਹੈ। ਮੇਰੇ ਨੇੜਲੇ ਮਿਤਰ ਜਾਣਦੇ ਹਨ ਕਿ ਮੇਰਾ ਬਚਪਨ ਦਾ ਮਿਤਰ ਮੇਰੇ ਨਾਲ ਰਹਿੰਦਾ ਹੈ। ਇਹਨਾਂ ਦਿਨਾਂ ਵਿਚ ਅਸੀਂ ਅਜੋਕੇ ਹਾਲਾਤਾਂ ਉਪਰ ਕਾਫ਼ੀ ਗੱਲਾਂ ਕੀਤੀਆਂ, ਫਿਲਮਾਂ ਦੇਖੀਆਂ, ਦੋਸਤਾਂ ਨਾਲ ਕਾਨਫਰੰਸ ਕਾਲਜ਼ ਆਦਿ ਸਭ। ਮੈਂ ਉਸਦੀ ਇੰਟਰਵਿਊ ਕਰਨ ਦੀ ਸੋਚ ਰਿਹਾ ਸਾਂ ਅਤੇ ਹਰ ਰੋਜ਼ ਉਸ ਨਾਲ ਸੁਆਲ ਡਿਸਕਸ ਕਰਦਾ ਸਾਂ।

ਇਕ ਦਿਨ ਉਹਨੇਂ ਖਿਝ ਕੇ ਕਿਹਾ ਕਿ ਯਾਰ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਬਾਰੇ ਸੋਚਿਆ? ਸਭ ਕੁੱਝ ਪਹਿਲਾਂ ਵਾਂਗ ਹੋਣ ਦੇ ਬਾਵਜੂਦ ਇਕ ਅਜੀਬ ਤਰਾਂ ਦੂਰੀ ਉਭਰ ਆਈ ਹੈ ਦਿਮਾਗ ਅੰਦਰ। ਇਹ ਕੀ ਹੈ? ਮੈਂ ਉਸਨੂੰ ਤਾਂ ਨਹੀਂ ਕਿਹਾ ਪਰ ਮੈਨੂੰ ਸਚਮੁੱਚ ਨਹੀਂ ਪਤਾ ਕਿ ਇਹ ਕੀ ਹੈ। ਉਸਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਲਿਖਣੀਆਂ ਚਹੁੰਨਾ ਹਾਂ ਪਰ ਲਿਖ ਨਹੀਂ ਸਕਦਾ। ਕੋਈ ਵੀ ਕਾਰਨ ਰੱਖ ਲਓ ਵਿਆਹ ਹੋਣ ਦੇ ਬਾਵਜ਼ੂਦ ਉਹ ਅਤੇ ਉਹਦੀ ਪ੍ਰੇਮਿਕਾ ਦੂਰ ਦੂਰ ਹਨ। ਕਿੰਨੇ ਹੀ ਲੋਕ ਹੋਣਗੇ ਜੋ ਦੂਰ ਹਨ। ਮੈਨੂੰ ਡਾਕਟਰ, ਨਰਸ, ਸਿਹਤ ਕਰਮਚਾਰੀਆਂ ਦਾ ਰਹਿ ਰਹਿ ਚੇਤਾ ਆਉਂਦਾ ਹੈ; ਉਹਨਾਂ ਦੀ ਹਿੰਮਤ ਉਪਰ ਆਦਰ ਅਤੇ ਉਹਨਾਂ ਦੀ ਪਰਿਵਾਰ ਨਾਲੋਂ ਦੂਰੀ ਉਪਰ ਪਿਆਰ ਆਉਂਦਾ ਹੈ। ਫਿਜ਼ੀਕਲ ਡਿਸਟੈਂਸ, ਸੋਸ਼ਲ ਡਿਸਟੈਂਸ, ਮਾਨਸਿਕ ਫਾਸਲਾ ਅਤੇ ਇਸ ਵਾਇਰਸ ਦਾ ਪ੍ਰਭਾਵ। ਕੋਈ ਵੀ ਸੰਵੇਦਨਸ਼ੀਲ ਬੰਦਾ, ਪਿਆਰ ਕਰਨ ਵਾਲਾ ਇਸ ਕੋਆਰੰਟੀਨ ਦੇ ਪਰਛਾਂਵੇ ਦਾ ਭਾਰ ਆਪਣੀ ਦੇਹ ਉਪਰ ਲਏਗਾ ਹੀ। ਫਿਰ ਵੀ ਲੋਕ ਪਿਆਰ ਕਰ ਰਹੇ ਹਨ, ਹਮਦਰਦੀ ਰੱਖ ਰਹੇ ਹਨ, ਮਨੁੱਖ ਦਾ ਨੂੰ ਮਨੁੱਖ ਸਮਝ ਰਹੇ ਹਨ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ। ਡਰ ਲਗਦਾ ਹੈ ਕਿ ਪੱਧਰੇ ਦਿਨਾਂ ਦੇ ਵਿਚ ਪਿਆਰ ਨੂੰ ਬਹੁਤੇ ਲੋਕ ਨਹੀਂ ਸਮਝਦੇ, ਹੁਣ ਤੇ ਉਹਨਾਂ ਨੂੰ ਇਸਦਾ ਚੇਤਾ ਵੀ ਨਹੀਂ ਆਉਂਦਾ ਹੋਣਾ। 

ਆਪਣੀ ਕਮਜ਼ੋਰੀ ਤੇ ਬੁਜ਼ਦਿਲੀ ਲੁਕਾਣ ਲਈ ਅਸੀਂ ਭਰੂਣ ਹੱਤਿਆ ਅਤੇ ਆੱਨਰ ਕਿਲਿੰਗ ਬਨਾਮ ਪਿਆਰ ਦੀ ਰੈਲੇਵੈਂਸੀ ਦਿਖਾਣ ਵਾਲੇ ਲੋਕ ਰਹੇ ਹਾਂ; ਇਸਦਾ ਇਤਿਹਾਸ ਬੜਾ ਲੰਮਾ ਹੈ। ਜਾਤ-ਪਾਤ, ਊਚ ਨੀਚ, ਘ੍ਰਿਣਾ ਹਾਲੇ ਵੀ ਉੰਝ ਹੀ ਬਰਕਰਾਰ ਹੈ। ਸਮਾਂ ਹੈ ਕਿ ਆਪਣੇ ਅੰਦਰ ਦੀ ਨਫ਼ਰਤ ਨੂੰ ਖ਼ਤਮ ਕੀਤਾ ਜਾਏ ਅਤੇ ਸੰਵੇਦਨਸ਼ੀਲਤ ਜਗਾਈ ਜਾਏ। ਇਹਨਾਂ ਦਿਨਾਂ ਵਿਚ ਦੂਰ ਰਹਿ ਰਹੇ ਲੋਕਾਂ ਲਈ ਪਤਾ ਨਹੀਂ ਕਿਉਂ ਨੇੜੇ ਨੇੜੇ ਹੋ ਕੇ ਸੋਚ ਰਿਹਾ ਹਾਂ। ਥੋੜ੍ਹਾ ਥੋੜ੍ਹਾ ਉਹਨਾਂ ਸਭ ਨਾਲ ਤੜਫਦਾ ਹਾਂ। ਸੰਭਾਲ ਕੇ ਕਿਤੇ ਕਵਿਤਾ ਵਿਚ ਰੱਖ ਦਿੰਨਾ ਹਾਂ, ਹੋਰ ਕੀ ਕੀਤਾ ਜਾਏ। ਮੈਂ ਆਪਣੇ ਮਿਤਰ ਨੂੰ ਦੇਖਦਾ ਹਾਂ, ਆਪਣੀ ਪ੍ਰੇਮਿਕਾ ਨਾਲ ਵੀਡੀਓ ਕਾਲ ਉਪਰ ਹੁੰਦਾ ਹੈ, ਦੂਰ ਬੈਠਾ ਮੈਂ ਉਸਦੇ ਹਾਵ ਭਾਵ ਦੇਖਦਾ ਹਾਂ ਨਾਲ ਨਾਲ ਖੁਸ਼ ਹੁੰਨਾ ਹਾਂ। ਜੇਕਰ ਮੂੰਹ ਉਤਰ ਜਾਵੇ ਤਾਂ ਇਸ਼ਾਰਾ ਕਰਕੇ ਪੁਛਦਾ ਹਾਂ ਕਿ ਕੀ ਹੋਇਆ? ਮੈਨੂੰ ਪਤਾ ਹੁੰਦਾ ਹੈ ਕਿ ਹੋਇਆ ਕੁੱਝ ਨਹੀਂ ਪਰ ਦਿੱਲ ਜ਼ੋਰ ਨਾਲ ਧੜਕਦਾ ਹੈ। 

ਕਦੇ ਕਦੇ ਫਲੈਟ ਦੀਆਂ ਪਤਲੀਆਂ ਦੀਵਾਰਾਂ ਵਿਚੋਂ ਉਸਦੀ ਅਵਾਜ਼ ਦੇ ਪ੍ਰਤੀ ਬਿੰਬ ਮੇਰੇ ਕੋਲ ਆਉਂਦੇ ਹਨ, ਮੈਂ ਸਮਝ ਨਹੀਂ ਆਉਂਦਾ ਪਰ ਇਹ ਨਿੱਕੀ ਨਿੱਕੀ ਐਕੋ ਮੈਨੂੰ ਚੰਗੀ ਲਗਦੀ ਹੈ। ਉਹਨੂੰ ਦੇਖ ਕੇ ਲਗਦਾ ਹੈ ਕਿ ਜਿਵੇਂ ਮੈਂ ਹੀ ਪਿਆਰ ਕਰ ਰਿਹਾ ਹੋਵਾਂ। ਬਹੁ ਜਿਵੇਂ ਮੈਂ ਆਪਣੇ ਆਪ ਨੂੰ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਦੇਖ ਰਿਹਾ ਹੋਵਾਂ ਦੂਰ ਬੈਠ ਕੇ। ਕਿਤੇ ਕਿਤੇ ਵਿਹਲ ਮਿਲਦੀ ਹੈ ਤਾਂ ਮੈਂ ਉਹਨਾਂ ਨਾਲ ਫੋਨ ਉਪਰ ਲੁਡੋ ਵੀ ਖੇਡ ਲੈਂਦਾ ਹਾਂ; ਲੁਡੋ ਖੇਡਦਿਆਂ ਲਗਦਾ ਹੈ ਕਿ ਮੈਂ ਉਹਨਾਂ ਦੇ ਨਾਲ ਹੀ ਕਿਤੇ ਬੈਠਾ ਹਾਂ, ਤੇ ਅਸੀਂ ਇਕ ਦੂਜੇ ਹੌਸਲਾ ਦੇ ਰਹੇ ਹਾਂ। 

ਕਵੀ, ਕਵਿਤਾ ਅਤੇ ਅਲਾਹਿਦਗੀ: ਮੈਨੂੰ ਲੱਗਦਾ ਕਿ ਕਵੀ ਹਮੇਸ਼ਾ ਹੀ ਅਲਾਹਿਦਗੀ ਵਿਚ ਰਹਿੰਦਾ ਹੈ। ਅੰਦਰ ਨੂੰ ਦੌੜਦਾ ਹੈ। ਕਵਿਤਾ ਉਸਦਾ ਰਾਹ ਹੈ ਇਸ ਦੁਨੀਆਂ ਵਿਚੋਂ ਨਿਕਲ ਜਾਣ ਦਾ; ਇਹੀ ਉਸਦਾ ਤਰੀਕਾ ਹੈ ਜੁੜੇ ਰਹਿਣ ਦਾ। ਹੋਰ ਦੁਨੀਆਂ ਵਿਚ ਰਹਿੰਦਾ ਹੈ, ਹੋਰ ਲੋਗਾਂ ਨੂੰ ਮਿਲਦਾ ਹੈ, ਹੋਰ ਧਰਤੀ ਸਿਰਜਦਾ ਹੈ। ਜਿਵੇਂ ਸੁਫਨੇ ਹੁੰਦੇ ਹਨ, ਸਾਰਾ ਤਾਂ ਨਹੀਂ ਪਰ ਕੁੱਝ ਕੁੱਝ ਉਵੇਂ। ਇਕ ਪੈਰਾਲਲ ਯੂਨੀਵਰਸ। ਇਸ ਦੁਨੀਆਂ ਉਪਰ ਕੋਈ ਤਾਲਾ ਤਾਂ ਨਹੀਂ ਹੁੰਦਾ ਪਰ ਇਸਦੀ ਚਾਬੀ ਕਵੀ ਕੋਲ ਹੁੰਦੀ ਹੈ। ਇਕ ਵਰ ਦਿੰਦਾ ਹੈ, ਜੋ ਉਸ ਕੋਲ ਵੀ ਨਹੀਂ ਹੁੰਦਾ। ਉਹ ਵਾਰ ਵਾਰ ਜਾਂਦਾ ਹੈ, ਵਾਪਿਸ ਆ ਜਾਂਦਾ ਹੈ, ਫਿਰ ਚਲਾ ਜਾਂਦਾ ਹੈ। ਇਸ ਸਭ ਵਿਚ ਤੁਸੀਂ ਦੇਖੋਗੇ ਉਹ ਉਥੇ ਵਸਦਾ ਨਹੀਂ ਸਿਰਫ਼ ਯਾਤਰਾ ਕਰਦਾ ਹੈ। 

ਇਕ ਨਿਰੰਤਰ ਯਾਤਰਾ; ਗਿਆਤ ਤੋਂ ਅਗਿਆਤ ਵੱਲ। ਕਵੀ ਨੂੰ ਪੂਰੀ ਉਮਰ ਪਤਾ ਨਹੀਂ ਚਲਦਾ ਕਿ ਉਸ ਧਰਤੀ ਦਾ ਰਾਹ ਕੀ ਹੈ। ਕਦੇ ਕਦੇ ਕਵਿਤਾ ਵਿਚ ਪੁੱਠਾ ਦੌੜਦਾ ਹੈ ਆਦਮੀ। ਬੀਜ ਲਈ ਥੋੜ੍ਹੀ ਜਹੀ ਮਿੱਟੀ ਲੈ ਆਉਂਦਾ ਹੈ, ਮਹਿਕ ਲਈ ਦੇਹ ਲੈ ਆਉਂਦਾ ਹੈ, ਸੁਫ਼ਨਿਆਂ ਲਈ ਨੀਂਦ; ਮਨੁੱਖ ਲਈ ਆਸ ਲੈ ਆਉਂਦਾ ਹੈ, ਰੋਸ਼ਨੀ ਲਈ ਨਿੱਕੇ ਰੱਖਨੇ, ਰਖਨਿਆਂ ਲਈ ਘਰ। ਕਵੀ ਸਿਰਫ਼ ਭਾਸ਼ਾ ਜਾਂ ਸ਼ਬਦਾਂ ਨਾਲ ਕਵਿਤਾ ਨਹੀਂ ਲਿਖਦਾ। ਥੋੜ੍ਹਾ ਥੋੜ੍ਹਾ ਹਰਿਕ ਚੀਜ਼ ਨੂੰ ਦੂਜੀ ਚੀਜ਼ ਵਿਚ ਸੰਭਾਲ ਕੇ ਰੱਖ ਦਿੰਦਾ। ਕਵਿਤਾ ਬੰਦੇ ਨੂੰ ਮੌਤ ਦੇ ਆਂਕੜਿਆਂ ਵਿਚ ਸਿਰਫ਼ ਇਕ ਨੰਬਰ ਰਹਿ ਜਾਣ ਤੋਂ ਵੀ ਬਚਾਉਂਦੀ ਹੈ। ਤੁਹਾਨੂੰ ਉਸਦਾ ਤਰੀਕਾ ਗਲਤ ਲੱਗ ਸਕਦਾ ਹੈ, ਬੰਦਾ ਗਲਤ ਲੱਗ ਸਕਦਾ ਹੈ; ਪਰ ਕੀ ਕਰੀਏ। ਹਮੇਸ਼ਾ ਯਾਦ ਰੱਖਣਾ ਕਿ ਦਿਨ ਕਿਸੇ ਵੀ ਤਰ੍ਹਾਂ ਦੇ ਆਉਣ ਇਕ ਕਵੀ ਲਈ ਤੁਸੀਂ ਸਿਰਫ਼ ਇਕ ਆਂਕੜਾ ਨਹੀਂ ਹੋ। ਅੱਜ ਦੇ ਦਿਨ ਵੀ ਕਿਤੇ ਨਾ ਕਿਤੇ ਕਵਿਤਾ ਲਿਖੀ ਜਾ ਰਹੀ ਹੈ, ਇਹ ਸੋਚ ਕੇ ਮੈਂ ਇਕ ਡੂੰਘੇ ਸਾਹ ਨਾਲ ਅੰਦਰ ਉਤਰਦਾ ਹਾਂ। ਘਰ ਪਰਤਦਾ ਹਾਂ, ਘਰ ਨੂੰ ਦੇਖਦਾ ਹਾਂ, ਬਾਹਾਂ ’ਚ ਭਰ ਲੈਂਦਾ ਹਾਂ। ਧਰਤੀ ਕਵੀ ਦਾ ਇਹ ਸਿਲਸਿਲਾ ਟੁੱਟਣ ਨਹੀਂ ਦਿੰਦੀ, ਸਗੋਂ ਉਸਨੂੰ ਇਕ ਰਾਹ ਦਿੰਦੀ ਹੈ ਭੁੱਲ ਜਾਣ ਦੇ ਵਰ ਨਾਲ, ਦੁਬਾਰਾ ਆਉਣ ਦੇ ਵਰ ਨਾਲ। 

ਆਲੋਚਨਾ 
ਵਿਵੇਚਨਾ
ਕਵਿਤਾਵਾਂ...
ਸੂਝਾਂ
ਸਿਆਣਪਾਂ
ਸੂਖ਼ਮਤਾਵਾਂ...
ਦਫ਼ਾ ਕਰ !
ਮਿੱਟੀ ਪਾ !!
ਤੂੰ ਵਾਪਸ 
ਉਹ ਕੁੜੀ ਬਣ ਜਾ
ਮੈਂ ਤੇਰੇ ਬਾਰ ਮੁਹਰਿਓਂ
ਸਾਈਕਲ ਦੀ ਘੰਟੀ ਵਜਾ ਕੇ
ਲੰਘਣਾ ਹੈ

ਅਨਿਲ ਆਦਮ

ਇਸ ਸੰਘਣੇ ਮੌਨ ਵਿਚ ਸਾਇਕਲ ਦੀ ਘੰਟੀ: ਮੈਂ ਕਵਿਤਾ ਤੋਂ ਪਾਸੇ (ਚਾਹੇ ਥੋੜੇ ਸਮੇਂ ਲਈ ਹੀ) ਸਿਰਫ਼ ਪਿਆਰ ਕਰਨ ਵਾਸਤੇ ਹੋ ਸਕਦਾ ਹਾਂ। ਲੋਰ ਵਿਚ ਆਪਣੀ ਪ੍ਰੇਮਿਕਾ ਨੂੰ ਕਹਾਂਗਾ ਦਫਾ ਕਰ ਕਵਿਤਾ। ਕਵਿਤਾ ਅਤੇ ਪਿਆਰ ਵਿਚੋਂ ਇਕ ਚੀਜ਼ ਮੇਰੇ ਨੇੜੇ ਹੋਣੀ ਲਾਜ਼ਿਮ ਹੈ। ਕਵਿਤਾ ਨੇ ਮੈਨੂੰ ਬਚਾਈ ਰੱਖਿਆ ਹੈ, ਸਾਹ ਲੈਣ ਦੀ ਸਪੇਸ ਦਿਤੀ ਹੈ ਅਤੇ ਪਿਆਰ ਕਰਨਾ ਸਿਖਾਇਆ ਹੈ। ਨੇੜੇ ਰਹਿ ਕੇ ਵੀ, ਦੂਰ ਰਹਿ ਕੇ ਵੀ। ਦੇਹ ਵੀ, ਆਤਮਾ ਵੀ। ਕਵਿਤਾ ਪਿਆਰ ਕਰਨ, ਵਿਛੜਨ ਅਤੇ ਪ੍ਰੇਮੀ ਬਣੇ ਰਹਿਣਾ ਸਿਖਾਉਂਦੀ ਹੈ। ਇਸ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਹਨ; ਇਕੱਠੀਆਂ ਕਰਨ ਲੱਗਾਂ ਤਾਂ ਕਿਤਾਬ ਬਣ ਜਾਵੇ। ਪਰ ਲਿਖਦਿਆਂ ਅਨਿਲ ਆਦਮ ਦੀ ਕਵਿਤਾ ਯਾਦ ਆ ਰਹੀ ਸੀ, ਅੱਧੀ ਰਾਤੀਂ ਫੋਨ ਕੀਤਾ। ਅਨਿਲ ਨੇ ਉਸੇ ਵੇਲੇ ਭੇਜ ਦਿਤੀ। ਮੈਂ ਅਨਿਲ ਨੂੰ ਰਸਮੀਂ ਨਹੀਂ ਜਾਣਦਾ, ਪਰ ਉਸਨੂੰ ਅੱਧੀ ਰਾਤ ਫੋਨ ਕਰਨ ਅਤੇ ਉਸ ਨਾਲ ਜੁੜਨ ਦਾ ਹੌਸਲਾ ਮੈਨੂੰ ਉਸਦੀ ਕਵਿਤਾ ਨੇ ਹੀ ਦਿੱਤਾ ਸੀ। 

ਕਵਿਤਾ ਧਰਤੀ ਵਾਂਗ ਹੀ ਹੈ, ਹਮੇਸ਼ਾ ਦਿੰਦੀ ਹੀ ਹੈ। ਕਵਿਤਾ ਨੂੰ ਸਮਝਾਣ ਦੀ ਕੋਈ ਰੈਲੇਵੈਂਸੀ ਹੈ ਜਾਂ ਨਹੀਂ ਪਤਾ ਨਹੀਂ, ਪਰ ਇਸ ਕਵਿਤਾ ਦੇ ਬਾਰੇ ਲਿਖਣ ਦੀ ਲੋੜ ਨਹੀਂ ਮੰਨਦਾ ਮੈਂ। ਤਾਲੀਆਂ, ਥਾਲੀਆਂ ਵਜਾ ਲਈਆਂ, ਪਟਾਖ਼ੇ ਚਲਾ ਲਏ, ਲੜ ਭਿੜ ਲਿਆ, ਹੁਣ ਇਕ ਮਿੰਟ ਲਈ ਇਹ ਸੋਚ ਲਈਏ ਕਿ ਕਿਤੇ ਦੂਰ ਸੁੰਨੇ ਬਾਰ ਮੂਹਰਿਓਂ ਅਸੀਂ ਘੰਟੀ ਵਜਾ ਕੇ ਲੰਘਣਾ ਹੈ ਇਕ ਦਿਨ। ਮਨੁੱਖ ਦੀ ਆਸ ਅਤੇ ਉਸਦੀ ਆਸ ਦਾ ਇਤਿਹਾਸ ਬਹੁਤ ਲੰਮਾ ਹੈ। ਨਿਰਾਸ਼ ਹੁੰਦਾ ਹਾਂ ਤਾਂ ਕੋਈ ਨਾ ਕੋਈ ਕਿਤਾਬ ਚੁੱਕ ਕੇ ਬੈਠ ਜਾਂਦਾ ਹਾਂ, ਦੁਬਾਰਾ ਜਿਊਂਦਾ ਹੋ ਜਾਨਾ ਹਾਂ। ਇਸ ਸਮੇਂ ਇਹ ਕਵਿਤਾ ਪੜ੍ਹਦਿਆਂ ਮੇਰੇ ਮੂਹਰਿਓਂ ਅਣਗਿਣਤ ਚਿਹਰੇ ਲੰਘ ਰਹੇ ਹਨ, ਮੈਂ ਉਹਨਾਂ ਸਭ ਦੇ ਬਾਰ ਮੂਹਰਿਓਂ ਘੰਟੀ ਵਜਾ ਕੇ ਲੰਘਣਾ ਹੈ। ਮੈਂ ਫਿਰ ਤੋਂ ਪੈਰੀਂ ਹੋ ਗਿਆ ਹਾਂ। ਪਿਛਲੇ ਕਿਸੇ ਆਰਟੀਕਲ ਵਿਚ ਮੈਂ ਰਿਚਰਡ ਹੈਂਡਰਿਕ ਦੀ ਇਕ ਕਵਿਤਾ ਦਾ ਜ਼ਿਕਰ ਕੀਤਾ ਸੀ। ਰਿਚਰਡ ਹੈਂਡਰਿਕ ਆਇਰਲੈਂਡ ਦਾ ਕਵੀ ਹੈ। ਉਸਨੇ ਇਸ ਵਾਰਿਸ ਦੀ ਦਿਨਾਂ ਵਿਚ ਅਤੇ ਦਿਨਾਂ ਲਈ ਇਕ ਭਾਵਨਾਤਮਿਕ ਕਵਿਤਾ ਲਿਖੀ, ਜੋ ਇਸ ਸਮੇਂ ਦਾ ਕਈ ਕੁੱਝ ਬਿਆਨ ਕਰਦੀ ਹੈ।

ਕਵਿਤਾ ਵਾਇਰਲ ਹੋਣ ਤੋਂ ਬਾਅਦ ਉਸਨੇਂ ਕਵਿਤਾ ਬਾਰੇ ਇਹ ਵੀ ਕਿਹਾ ਕਿ, ‘ਉਸਨੇ ਇਹ ਕਵਿਤਾ ਇਟਲੀ ਦੇ ਅਸਿਸੀ ਅਤੇ ਹੋਰ ਇਟਾਲੀਅਨ ਕਸਬਿਆਂ ਵਿਚ ਵੱਜਦੇ ਸੰਗੀਤ ਅਤੇ ਵੁਹਾਨ (ਚੀਨ) ਦੇ ਸ਼ਹਿਰ ਵਿਚ ਬਹੁਤ ਸਮੇਂ ਬਾਅਦ ਪੰਛੀਆਂ ਦੀ ਅਵਾਜ ਅਤੇ ਸਾਫ਼ ਆਸਮਾਨ ਦਿਖਾਈ ਦੇਣ ਦੀ ਘਟਨਾ ਤੋਂ ਪ੍ਰਭਾਵਿਤ ਸੀ। ਇਹ ਗੱਲ ਉਹ ਆਪਣੀ ਇਸ ਕਵਿਤਾ ਵਿਚ ਵੀ ਲਿਖਦਾ ਹੈ। ਅੱਗੇ ਜਾ ਕੇ ਉਹ ਇਹ ਵੀ ਕਹਿੰਦਾ ਹੈ ਕਿ ਇਹ ਦੋਨੋਂ ਗੱਲਾਂ ਰਿਚਟਰਡ ਨੂੰ ਯਕੀਨ ਦਿਵਾਉਂਦੀਆਂ ਹਨ ਕਿ ਕੋਈ ਫਰਕ ਨਹੀਂ ਪੈਂਦਾ ਕਿ ਇਹ ਮਹਾਂਮਾਰੀ ਹਾਲਾਤਾਂ ਨੂੰ ਕਿੰਨੇ ਬੰਦਿਸ਼ਾਂ ਅਤੇ ਖਤਰੇ ਵਾਲੇ ਬਣਾ ਦੇਵੇ ਪਰ ਇਹ ਕਦੇ ਮਨੁੱਖ ਦੀ ਆਤਮਾ ਨੂੰ ਛੂਹ ਨਹੀਂ ਸਕਦੀ; ਹਾਲਾਤ ਕੋਈ ਵੀ ਹੋਣ ਸਾਡੇ ਕੋਲ ਹਮੇਸ਼ਾ ਖੂਬਸੂਰਤੀ ਨੂੰ ਦੇਖਣ, ਕਰੁਣਾ ਦਿਖਾਉਣ ਅਤੇ ਆਂਤਰਿਕ ਸ਼ਾਂਤੀ ਬਣਾਏ ਰੱਖਣ ਦਾ ਮੌਕਾ ਹੁੰਦਾ ਹੈ।’ ਮੈਂ ਕਦੇ ਆਇਰਲੈਂਡ ਨਹੀਂ ਗਿਆ, ਉਸ ਮੁਲਕ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਹੈ। ਫਿਰ ਵੀ ਮੈਨੂੰ ਹੌਸਲਾ ਹੈ ਕਿ ਉਥੇ ਇਕ ਕਵੀ ਬੈਠਾ ਹੈ ਜੋ ਇਹਨਾਂ ਦਿਨਾਂ ਵਿਚ ਕਵਿਤਾ ਲਿਖ ਰਿਹਾ ਹੈ। ਠੀਕ ਉਦੋਂ, ਜਦੋਂ ਲੋਕ ਇਸ ਵਾਇਰਸ ਨੂੰ ‘ਚਾਈਨੀਜ਼ ਵਾਇਰਸ’ ਕਹਿ ਰਹੇ ਹਨ । ਤਾਂ ਇਕ ਬੰਦਾ ਕਿਤੇ ਕਵਿਤਾ ਲਿਖਦਾ ਹੈ ਅਤੇ ਵੁਹਾਨ ਸ਼ਹਿਰ, ਇਟਲੀ ਅਤੇ ਹੋਰ ਕਈ ਥਾਵਾਂ ਨੂੰ ਕਵਿਤਾ ਅੰਦਰ ਰੱਖ ਦਿੰਦਾ ਹੈ। 

ਮੇਰੀ ਆਸ ਬੱਝਦੀ ਹੈ ਕਿ ਮੈਂ ਉਸਦੀ ਕਵਿਤਾ ਵਿਚ ਸਿਰਫ਼ ਇਕ ਆਂਕੜਾ ਨਹੀਂ ਹਾਂ। ਭਾਰਤ ਵਿਚ ਨਾਰਥ ਈਸਟ ਦੇ ਲੋਕਾਂ ਨੂੰ ਚਾਈਨੀਜ਼ ਸਮਝ ਕੇ ‘ਗੋ ਕਰੋਨਾ ਗੋ’ ਦੇ ਨਾਹਰੇ ਲਗਾ ਲਏ, ਨਰਸਾਂ ਡਾਕਟਰਾਂ ਨੂੰ ਘਰੋ ਨਿਕਲਣ ਲਈ ਕਹਿ ਦਿਤਾ, ਬੇਲੋੜਾ ਸਮਾਨ ਸਟਾਕ ਕਰ ਲਿਆ, ਸ਼ਮਸ਼ਾਨ ਦਾ ਬੂਹਾ ਬੰਦ ਕਰ ਦਿਤਾ, ਆਪਣਿਆਂ ਦੀ ਮੌਤ ਤੋਂ ਮੁਨਕਰ ਹੋ ਗਏ, ਸਰਕਾਰ ਨੇ ਫੇਰ ਲੋਕਾਂ ਨੂੰ ਬੇਵਕੂਫ਼ ਬਣਾ ਲਿਆ ਅਤੇ ਲੋਕ ਫਿਰ ਉਸਦੇ ਮਗਰ ਚਲ ਤੁਰੇ। ਸਮਾਂ ਬਲਵਾਨ ਚੀਜ਼ ਹੈ, ਸਾਨੂੰ ਲਗਦਾ ਹੈ ਕੌਣ ਯਾਦ ਰੱਖੇਗਾ, ਕੌਣ ਦੇਖਦਾ ਤਾਂ ਅਸੀਂ ਯਾਦ ਰੱਖੀਏ ਕਿ ਸਮਾਂ ਹਰਿਕ ਚੀਜ਼ ਨਿਤਾਰ ਕੇ ਅਤੇ ਸਪੱਸ਼ਟ ਪੇਸ਼ ਕਰਦਾ ਹੈ। ਹਾਲੇ ਵੀ ਆਪਣਾ ਦਿਲ ਬਚਾ ਕੇ ਬਹੁਤ ਲੋਕ ਸੜਕਾਂ ਉਪਰ ਹਨ, ਕੰਮ ਕਰ ਰਹੇ ਹਨ, ਡਾਕਟਰ ਨਰਸਾਂ ਬਿਨਾਂ ਸਹੀ ਸੇਫਟੀ ਟੂਲਜ਼ ਤੋਂ ਸਾਡੇ ਲਈ ਲੜ ਰਹੇ ਹਨ, ਇਹ ਜ਼ਿੰਦਗੀ ਦੇ ਦੀਵਾਨੇ ਲੋਕ। ਵਕਤ ਇਹਨਾਂ ਦੀਵਾਨਿਆਂ ਨੂੰ ਅਤੇ ਬੁਜ਼ਦਿਲ ਰਾਜਿਆਂ ਨੂੰ ਨਿਤਾਰ ਕੇ ਸਾਹਮਣੇ ਲਿਆਏਗਾ ਤੇ ਮੈਂ ਉਮੀਦ ਕਰਦਾ ਹਾਂ ਅਸੀਂ ਦੀਵਾਨਿਆਂ ਨੂੰ ਪਿਆਰ ਕਰਾਂਗੇ।

ਹਿਮਾਲਿਆ ਕਿਧਰ ਹੈ: ਕੇਦਾਰਨਾਥ ਇਕ ਕਵਿਤਾ ਵਿਚ ਪਤੰਗ ਉਡਾ ਰਹੇ ਬੱਚੇ ਨੂੰ ਪੁਛਦਾ ਹੈ ਕਿ ਹਿਮਾਲਾ ਕਿਧਰ ਹੈ। ਬੱਚਾ ਆਪਣੇ ਪਤੰਗ ਨੂੰ ਤੁਣਕਾ ਮਾਰ ਕਹਿੰਦਾ ਹੈ, ‘ਉਧਰ-ਉਧਰ;। ਕੇਦਾਰਨਾਥ ਕਹਿੰਦਾ ਕਿ ਸੱਚ ਮੰਨਿਓ ਕਿ ਮੈਨੂੰ ਅੱਜ ਪਤਾ ਲੱਗਾ ਹੈ ਕਿ ਹਿਮਾਲਿਆ ਕਿਧਰ ਹੈ। ਇਹ ਅਤਿ ਸੰਗੀਨ ਸਮਾਂ ਹੈ, ਇੰਨਾ ਕੁ ਹਿਮਾਲਿਆ ਬਚਾਉਣਾ ਹੈ ਆਉਣ ਵਾਲੀ ਨਸਲ ਦੇ ਅੰਦਰ। ਇਹ ਹਿਮਾਲਾ ਕਿਵੇਂ ਬਚੇਗਾ ਸੋਚਣ ਵਾਲੀ ਗੱਲ ਹੈ। ਸਾਡੇ ਬੱਚਿਆ ਨੇ ਸਾਡੀ ਨਕਲ ਕਰਨੀ ਹੈ, ਸਾਡੇ ਤੋਂ ਸਿਖਣਾ ਹੈ। ਅਸੀਂ ਐਨਾ ਕੁ ਦਿੱਲ ਬਚਾਉਣਾ ਹੈ, ਜਿੰਨਾ ਕੁ ਅਗਲੀ ਨਸਲ ਨੂੰ ਦੇ ਸਕੀਏ। ਅਸੀਂ ਹੁਣ ਵੀ ਉਹਨਾਂ ਦੇ ਥਾਲੀ ਵਿਚ ਫਿਰਕਾਪ੍ਰਸਤੀ, ਨਫ਼ਰਤ ਅਤੇ ਲੋਕਾਂ ਨਾਲੋਂ ਟੁਟਣਾ ਪ੍ਰੋਸਾਂਗੇ। ਡਰ ਲਗਦਾ ਸੋਚ ਕੇ ਕਿ ਅਸੀਂ ਉਹ ਮੁਲਕ ਹਾਂ ਜਿਸਨੇ ਹੁਣੇ ਹੁਣੇ ਆਸ ਦੇ ਨਾਂ ਮੌਤ ਦਾ ਜ਼ਸ਼ਨ ਮਨਾ ਲਿਆ ਹੈ, ਹੋਰ ਕਿੰਨਾ ਕੁ ਮਰਾਂਗੇ। ਕੁੱਝ ਦਿਨ ਪਹਿਲਾਂ ਆਪਣੀ ਕੁਆਰੰਟੀਨ ਡਾਇਰੀ ਵਿਚ ਲਿਖਿਆ ਸਾਂਝਾ ਕਰਕੇ ਅੱਜ ਦੀ ਗੱਲ ਖ਼ਤਮ ਕਰਦਾ ਹਾਂ, “ਧੂੰਆਂ, ਲੋਹਾ ਜਾਂ ਕੰਕਰੀਟ। ਮਾਸਕ, ਲੋਹਾ ਰੋਕਣ ਲਈ ਜੈਕਟ ਜਾਂ ਲੋਹਾ ਸਾਂਭਣ ਲਈ ਇਕ ਛਾਤੀ; ਮੈਂ ਆਪਣੇ ਅਣਜੰਮੇ ਬੱਚੇ ਨੂੰ ਕੀ ਦੇ ਕੇ ਜਾਂਵਾਗਾ। ਮੈਨੂੰ ਇਹ ਸਭ ਕੁੱਝ ਇਕ ਫ਼ਿਲਮ ਵਾਂਗ ਲਗ ਰਿਹਾ। ਜਦੋਂ ਮੈਂ ਕਹਿੰਦਾ ਹਾਂ ਕਿ ਡਰਨ ਦੀ ਲੋੜ ਨਹੀਂ ਤਾਂ ਇਹ ਮੈਂ ਆਪਣੇ ਡਰ ਵਿਚੋਂ ਬੋਲ ਰਿਹਾ ਹੁੰਦਾ ਹਾਂ। ਮੈਂ ਆਪਣੇ ਆਪ ਤੋਂ ਲੁਕਣ ਦੀ ਸਾਜਿਸ਼ ਵਿਚ ਸ਼ਾਮਿਲ ਹਾਂ। ਇਹ ਸੰਘਣੀ ਸ਼ਾਂਤੀ ਮੈਨੂੰ ਵਿਚਿਲਤ ਕਰ ਰਹੀ ਹੈ। ਫਿਰ ਵੀ ਸੂਰਜ ਡੁਬਣਾ ਮੈਨੂੰ ਚੰਗਾ ਲਗਣ ਲੱਗ ਪਿਆ ਹੈ, ਕਿਉਂ ਕਿ ਇਹ ਕੱਲ ਫਿਰ ਮੁੜ ਆਵੇਗਾ ਨਵੀਂ ਆਸ ਨਾਲ। ਮਨੁੱਖ ਅਤੇ ਧਰਤੀ ਦੀ ਆਸ ਕਿਸੇ ਵੀ ਘਟਨਾ-ਦੁਰਘਟਨਾ ਤੋਂ ਗਿੱਠ ਕੁ ਉਚੀ ਹੀ ਰਹੀ ਹੈ ਅਤੇ ਹਮੇਸ਼ਾ ਰਹੇਗੀ।”


author

Vandana

Content Editor

Related News