ਇੱਕ ਲੇਖਕ ਦੀ ਲਾਕਡਾਊਨ ਡਾਇਰੀ

04/14/2020 3:06:16 PM

ਭੁਪਿੰਦਰਪ੍ਰੀਤ

ਲਾਕ-ਡਾਊਨ ਦੇ ਪਹਿਲੇ ਦਿਨ ਦੀ ਅੱਧੀ ਰਾਤ ਨੂੰ ਬਾਥਰੂਮ ਵਿਚ ਨਲਕਾ ਚੱਲਣ ਦੀ ਆਵਾਜ਼ ਆਉਂਦੀ ਹੈ, ਮੈਂ ਤੇ ਬਿਪਨ ਸੁੱਤੇ ਹੋਏ ਹਾਂ, ਫੇਰ ਇਹ ਟੂਟੀ ਕਿਸਨੇ ਖੋਲ੍ਹ ਦਿੱਤੀ, ਮੈਂ ਉੱਠ ਕੇ ਵੇਖਣਾ ਚਾਹੁੰਦਾ, ਮੇਰੇ ਵੇਖਣ ਦੇ ਰਸਤੇ ਵਿਚ ਸ਼ੀਸ਼ਾ ਪਿਆ, ਕਿਸੇ ਹੋਰ ਸ਼ੈਅ ਨੂੰ ਦੇਖਣ ਤੋਂ ਪਹਿਲਾਂ ਮੈਨੂੰ ਖੁਦ ਨੂੰ ਵੇਖਣਾ ਪੈਂਦਾ, ਬਸ ਏਥੇ ਹੀ ਭਰਮ ਟੁੱਟ ਜਾਂਦਾ, ਟੂਟੀ ਬੰਦ ਸੀ, ਅੰਦਰ ਦਾ ਕੋਈ ਡਰ ਸੀ। ਕੋਈ ਖਾਸ ਪਲ-ਛਿਣ ਹੁੰਦਾ, ਜਦੋਂ ਸਮਾਂ ਤੁਹਾਨੂੰ ਆਪਣਾ ਆਪ ਵਿਖਾਉਣਾ ਚਾਹੁੰਦਾ ਕਿਸੇ ਬਹਾਨੇ, ਖਾਸ ਕਰ ਉਦੋਂ ਜਦੋਂ ਮੂੰਹ-ਨ੍ਹੇਰੇ ਮੂੰਹ ਚੁੱਕ ਵੇਖਦੇ ਸੋਚਦੇ ਹੋ-ਕੀ ਸੂਰਜ ਅੱਜ ਵੀ ਉਸ ਤਰ੍ਹਾਂ ਹੀ ਨਿਕਲੇਗਾ, ਜਿਸ ਤਰਾਂ ਪਹਿਲਾਂ ਨਿਕਲਦਾ ਸੀ,ਉਸ 'ਤੇ ਤਾਂ ਕੋਈ ਲਾਕ-ਡਾਊਨ ਨਹੀਂ! ਸਾਡੇ ਸਾਹਮਣੇ ਘਰ ਦਾ ਨਾਮ ਹੈ 'ਸੁਖਮਨੀ ਨਿਵਾਸ' ਉਸਦਾ ਦਰਵਾਜ਼ਾ ਖੁੱਲ੍ਹਦਾ ਹੈ, ਸੂਰਜ ਅਜੇ ਨਿਕਲਿਆ ਨਹੀਂ। ਸਾਡੀ ਦੋਹਾਂ ਦੀ ਨੀਂਦ ਅਚਾਨਕ ਕਿਸੇ ਅਣ-ਸੁਖਾਵੀਂ ਘਟਨਾ ਦੇ ਟਾਕਰੇ ਦੇ ਡਰ ਨਾਲ ਖੁੱਲ੍ਹ ਜਾਂਦੀ ਹੈ। ਅਸੀਂ ਬਾਹਰ ਨਿਕਲਦੇ ਹੈ,ਕੋਈ ਨਹੀਂ ਹੁੰਦਾ। ਇੱਕ ਸ਼ਬਦ ਮਸਤਕ ਵਿਚ ਲਹਿਰਾ ਜਾਂਦਾ 'ਇਨਵਿਜ਼ੀਬਲ'। ਹੁਣੇ ਤਾਂ ਆਵਾਜ਼ ਆਈ ਸੀ, ਕਿਸ ਤਰਾਂ ਦਾ ਵਕਤ ਹੈ, ਕੁਝ ਹੈ ਵੀ, ਜਾਂ ਆਪਣਾ ਹੀ ਖੌਫ ਹੈ ਕਿ ਮੌਤ ਲਈ ਇਹ ਸੰਸਾਰ ਇੱਕ ਸਾਊਂਡ-ਪਰੂਫ਼ ਕਮਰਾ ਹੋ ਗਿਆ। ਮੈਂ ਪੋਲੇ ਪੈਰੀਂ ਕਿਸੇ ਵੀ ਵਸਤ ਨੂੰ ਹੱਥ ਲਾਉਣ ਤੋਂ ਡਰਦਾ ਆਪਣੇ ਕਮਰੇ ਵਿਚ ਮੁੜਦਾ ਹਾਂ, ਜਿੱਥੇ ਸ਼ੀਸ਼ਾ ਮੇਰੇ ਡਰ ਨੂੰ ਵੇਖਣ ਲਈ ਮੇਰਾ ਚੇਹਰਾ ਭਾਲ ਰਿਹਾ।

ਸਾਡੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਲੱਗਿਆਂ ਪੂਰਾ ਖੁੱਲ੍ਹਦਾ ਨਹੀਂ, ਬੰਦ ਕਰਨ ਲੱਗਿਆਂ ਪੂਰਾ ਬੰਦ ਨਹੀਂ ਹੁੰਦਾ।ਝੀਥ ਰਹਿ ਜਾਂਦੀ। ਇਸ ਚੀਥ ਚੋ ਕਿਹੜੀ ਚੀਜ਼ ਅੰਦਰ ਆ ਸਕਦੀ। ਅਜੇ ਦਰਵਾਜੇ ਦੇ ਆਪਣੀ ਝੀਥ ਦੇ ਖੁੱਲੇ ਰਹਿਣ ਦੇ ਡਰ ਚੋ ਦਰਵਾਜ਼ੇ ਨੂੰ ਵੇਖ ਰਹੇ ਹੁੰਦੇਂ ਹਾਂ ਕਿ ਸਾਹਮਣੇ ਘਰ ਦਾ ਦਰਵਾਜ਼ਾ ਫੇਰ ਖੜਕਦਾ ਹੈ।ਅਸੀਂ ਦੋਵੇਂ ਫੇਰ ਬਾਹਰ ਦੌੜਦੇ ਹਾਂ।ਲੋਹੇ ਦੇ ਭਾਰੇ ਉੱਚੇ ਦਰਵਾਜ਼ੇ ਨੂੰ ਵੇਖ ਫੇਰ ਸੋਚਦੇ ਹਾਂ ,ਕੀ ਕੋਈ ਐਸੀ ਸ਼ੈਅ ਹੈ ਹਵਾ ਤੋਂ ਬਿਨਾਂ ਦੁਨੀਆ ਵਿਚ,ਜੋ ਇਸ ਦਰਵਾਜ਼ੇ ਨੂੰ ਇੰਝ ਪਾਰ ਕਰ ਜਾਏ, ਜਿਵੇ ਇਹ ਹੋਏ ਹੀ ਨਾ।ਉਂਝ ਇਸ ਘਰ ਦੇ ਬਾਸ਼ਿੰਦੇ ਇਹ ਵੀ ਸੋਚਦੇ ਹਨ ਕਿ ਉਹ ਜਿਸ ਸੁਖਮਨੀ ਨਿਵਾਸ ਵਿਚ ਰਹਿ ਰਹੇ ਹਨ, ਰੱਬ ਉਸ ਘਰ ਦੇ ਬਾਹਰ ਉਨਾਂ ਦਾ ਪਹਿਰੇਦਾਰ ਬਣ ਕੇ ਖੜ੍ਹਾ ਹੈ, ਜਿਹੜਾ ਕਿਸੇ ਭੈੜੀ ਡਰਾਉਣੀ ਜਾਨਲੇਵਾ ਸ਼ੈਅ ਨੂੰ ਅੰਦਰ ਨਹੀਂ ਆਉਣ ਦੇਂਦਾ।ਉਨਾਂ ਨੂੰ ਹਮੇਸ਼ਾ ਭਰਮ ਰਹਿੰਦਾ ਹੈ ਕਿ ਉਹ ਕੋਈ ਖਾਸ ਪਵਿੱਤਰ ਕੰਮ ਕਰ ਰਹੇ ਹਨ,ਜਿਨਾਂ ਲਈ ਖਾਸ ਤੌਰ ਤੇ ਉਨਾਂ ਨੂੰ ਰੱਬ ਨੇ ਚੁਣਿਆ ਹੈ,ਪਰ ਜਿਵੇ ਕਿ ਅਸੀਂ ਸਭ ਜਾਣਦੇ ਹਾਂ ਕਿ ਧਰਤੀ ਨੂੰ ਸਰੀਰ ਦਾ ਬਹੁਤਾ ਝੁਕਣਾ ਪਸੰਦ ਨਹੀਂ, ਝੁਕਣ ਦਾ ਦਿਖਾਵਾ ਕਰਨ ਵਾਲੇ ਦੇਵਤਿਆਂ ਦਾ ਇਸ ਧਰਤੀ ਨੇ ਬਹੁਤ ਪਹਿਲਾਂ ਬੁਰੀ ਤਰਾਂ ਨਾਸ ਕਰ ਦਿੱਤਾ ਸੀ, ਤੇ ਹੁਣ ਫਿਰ ਅੰਦਰੇ ਅੰਦਰ ਸੁਲਗ ਰਹੀ।

ਅਸੀਂ ਦੋਵੇਂ ਫੇਰ ਬਾਹਰ ਨਿਕਲਦੇ ਹਾਂ, ਇਸ ਵਾਰ ਬਾਂਹ ਦੀ ਅਰਕ ਨਾਲ ਦਰਵਾਜਾ ਖੋਲ੍ਹਦਾ।ਇਹ ਅਚਾਨਕ ਕੀ ਸੁਝੀ, ਦਰਵਾਜ਼ਾ ਅਰਕ ਨਾਲ ਖੋਲਣ ਦੀ,ਇਸਚ ਵੀ ਕੋਈ ਇਨਵਿਜ਼ੀਬਲ ਡਰ ਵਹਿਮ ਹੋਏਗਾ, ਮੈਨੂੰ ਆਪਣੇ ਬਚਪਨ ਦੇ ਇੱਕ ਟੁੰਡੇ ਸਾਥੀ ਦੀ ਯਾਦ ਆਉਂਦੀ ਹੈ, ਮੈਂ ਉਸਦੇ ਅਰਕ ਤੋਂ ਹੇਠਾਂ ਕੱਟੇ ਹੋਏ ਹੱਥ ਨੂੰ ਬੜੀ ਦਿਲਚਸਪੀ ਨਾਲ ਵੇਖਦਾਂ ਹੁੰਦਾ ਸਾ, ਅੱਜ ਆਪਣੀ ਅਰਕ ਵੇਖ ਰਿਹਾ ਸਾਂ। ਬਾਹਰ ਨਿਕਲਦਿਆਂ ਹੀ ਬਿਨਾਂ ਸੋਚੇ ਸਮਝੇ ਅਸੀਂ ਦੋਵੇਂ ਉਨਾਂ ਦੋਹਾਂ ਪਤੀ ਪਤਨੀ ਅੱਗੇ ਹੱਥ ਜੋੜ ਦੇਂਦੇ ਹਾਂ, ਜੋ ਪਰਮਾਤਮਾ ਨੂੰ ਇੱਕ ਵਾਰ ਫੇਰ ਲੱਭਣ ਲਈ ਅੱਜ ਗੁਰਦੁਆਰੇ ਨਿਕਲ ਰਹੇ ਸਨ ਰੋਜ਼ ਵਾਂਗ। ਔਰਤ ਮੇਰੇ ਵੱਲ ਕੁਝ ਹੋਰ ਤਰਾਂ ਵੇਖਦੀ ਹੈ,ਜਿਵੇ ਕਿਸੇ ਪਵਿਤਰ ਯੱਗ ਚ ਜਾਣ ਲਈ ਮੈਂ ਰੋਕ ਦਿੱਤਾ ਹੋਏ।ਅੱਗੇ ਵੀ ਇੱਕ ਵਾਰ ਮੈ ਆਪਣੇ ਕਥਿੱਤ ਅਪਵਿੱਤਰ ਵਚਨਾਂ ਨਾਲ ਉਹਦਾ ਇੱਕ ਯੱਗ ਭੰਗ ਕੀਤਾ ਹੋਇਆ, ਜਦੋ ਉਹ ਇੱਕ ਦਿੱਨ ਸਾਡੇ ਦਰ ਤੇ ਆਈ ਸੀ ਤੇ ਕਹਿਣ ਲੱਗੀ-ਮੈਨੂੰ ਪਰਮ ਆਤਮਾ ਨੇ ਪੰਜ ਲੱਖ ਪਾਠ ਕਰਨ ਲਈ ਹੁਕਮ ਦਿੱਤਾ ਸੀ,ਅੱਜ ਆਖਰੀ ਦਿਨ ਹੈ,ਜੇ ਪੂਰੇ ਨਾ ਹੋਏ ਬੜਾ ਪਾਪ ਲੱਗਣਾ, ਬਸ ਪੰਜ ਕੁ ਹਜ਼ਾਰ ਰਹਿ ਗਏ ਨੇ ਕਰਨੇ, ਦਿਨ ਰਾਤ ਇੱਕ ਕਰ ਦਿੱਤਾ,ਪਰ ਪੂਰੇ ਨਹੀਂ ਹੋ ਸਕੇ, ਗਲੀ ਵਿਚ ਕੁਝ ਔਰਤਾਂ ਨੂੰ ਵੰਡ ਆਈ ਹਾਂ ਪਰ ਇਥੇ ਜੀਵਨ ਸਫਲਾ ਕਰਨ ਦੀ ਕਿਸੇ ਨੂੰ ਫਿਕਰ ਨਹੀਂ, ਤੁਸੀਂ ਕਿੰਨੇਆਂ ਦੀ ਜੁੰਮੇਵਾਰੀ ਲੈਂਦੇ ਹੋ, ਜੀਵਨ ਸਫਲ ਹੋ ਜਾਊ। ਮੈਂ ਕਿਹਾ ਤੂੰ ਆਪਣੇ ਸਿਰ ਤੋਂ ਸਾਰਾ ਭਾਰ ਲਾ ਦੇ, ਮੈਂ ਪੰਜ ਹਜ਼ਾਰ ਹੀ ਕਰ ਲਊਂ, ਤੇਰਾ ਜਨਮ ਸਫਲਾ ਹੀ ਸਫਲਾ, ਜੇ ਹੋਰ ਵੀ ਕੋਈ ਆਪਣੇ ਤੋਂ ਭਾਰ ਲਾਉਣਾ ਤਾਂ ਉਹ ਵੀ ਲਾ ਦੇ। ਮੈਨੂੰ ਸੁਣ ਕੇ ਉਹ ਮੂੰਹ ਬਣਾ ਕੇ ਚੁੱਪਚਾਪ ਚਲੇ ਗਈ, ਅੱਜ ਫੇਰ ਰੱਬ ਦੇ ਉਸੇ ਵੈਰੀ ਸਾਹਮਣੇ ਖੜ੍ਹੀ ਸੀ।

ਆਦਮੀ ਦੀ ਦਾੜੀ ਖੁੱਲ੍ਹੂੀ ਹੈ ਅਤੇ ਸਟ੍ਰੀਟ ਲਾਈਟ ਦੀ ਰੋਸ਼ਨੀ ਉਹਦੇ ਚਿਹਰੇ ਦੀ ਥੋੜੀ ਝੁਲਸੀ ਚਮੜੀ 'ਤੇ ਪੈ ਰਹੀ, ਔਰਤ ਜਿਸ ਦੇ ਇੱਕ ਹੱਥ ਵਿਚ ਫੋਨ ਹੈ,ਇੱਕ ਵਿਚ ਮਹਾਰਾਜ ਦਾ ਗੁਟਕਾ, ਠਠੰਬਰ ਜਾਂਦੀ ਹੈ,ਕਹਿੰਦੀ ਭੈਣ ਜੀ, ਕੀ ਗੱਲ ਹੋਈ ਕਿਉਂ ਹੱਥ ਜੋੜ ਰਹੇ ਬਸ ਅੱਜ ਹੀ ਜਾਣਾ, ਮੇਰਾ ਸਵਾ ਮਹੀਨਾ ਅੱਜ ਪੂਰਾ ਹੋ ਜਾਣਾ। ਵਿਅਕਤੀ ਆਪਣੀ ਜੇਬ ਚੋ ਸੈਨੇਟਾਈਜ਼ਰ ਕੱਢਦਾ ਹੈ, ਮਹਾਰਾਜ ਦੇ ਗੁਟਕੇ ਤੇ ਫੋਨ 'ਤੇ ਪਾਉਂਦਾ ਸਾਫ ਕਰਦਾ ਹੈ। ਮੋਬਾਈਲ ਫੋਨ ਤੇ ਲੱਗੀ ਮਹਾਰਾਜ ਦੀ ਸਨੈਪ ਇੱਕ ਪਲ ਧੁੰਦਲੀ ਹੁੰਦੀ ਹੈ। ਵਿਅਕਤੀ ਜੇਬ ਚੋ ਮਾਸਕ ਕੱਢ ਕੇ ਮੂੰਹ 'ਤੇ ਪਾਉਣ ਲੱਗਦਾ ਕਿ ਅਸੀਂ ਦੋਵੇਂ ਫੇਰ ਹੱਥ ਜੋੜ ਦੇਂਦੇ ਹਾਂ।ਔਰਤ ਫੇਰ ਕਹਿੰਦੀ- ਅਸੀਂ ਆਪਣੇ ਆਪ ਤੋਂ ਆਪਣੇ ਮਹਾਰਾਜ ਵਿਚਕਾਰ ਦੋ ਮੀਟਰ ਦੀ ਦੂਰੀ ਰੱਖਦੇ ਹਾਂ,ਨਾਲੇ ਸਾਡੀਆਂ ਜੁੱਤੀਆਂ ਵੀ ਜੋੜੇ-ਘਰ ਵੱਖ ਵੱਖ ਖਾਨਿਆ ਵਿਚ ਪਈਆਂ ਹੁੰਦੀਆਂ। ਉਨਾਂ ਦਾਇਹ ਠੋਸ ਤਰਕ ਸੁਣ ਕੇ ਅਸੀਂ ਇੱਕ ਦੂਜੇ ਵੱਲ ਵੇਖਣ ਲੱਗਦੇ ਹਾਂ। ਅਚਾਨਕ ਉਹ ਦੋਵੇਂ ਅਰਕ ਤੇ ਗੁਟਕੇ ਸਹਾਰੇ ਘਰ ਦਾ ਪਵਿੱਤਰ ਦਰਵਾਜ਼ਾ ਖੋਲਦੇ ਅੰਦਰ ਚਲੇ ਜਾਂਦੇ।ਅੰਦਰੋਂ ਇੱਕ ਬੱਚੇ ਦੇ ਪਹਿਲਾਂ ਰੋਣ ਤੇ ਫਿਰ ਹੱਸਣ ਦੀ ਆਵਾਜ਼ ਆਉਂਦੀ।ਕੁਝ ਹੀ ਦੇਰ ਵਿਚ ਸੂਰਜਦੀ ਪਹਿਲੀ ਕਿਰਨ ਅਰਕ ਭਾਰ ਧਰਤੀ 'ਤੇ ਉਤਰਦੀ ਹੈ। ਸੂਰਜ ਅਜੇ ਉਨਾਂ ਗਰਮ ਨਹੀਂ ਹੋਇਆ, ਜਿਨ੍ਹਾਂ ਪਿਛਲੇ ਦਿਨਾਂ ਵਿਚ ਮੇਰਾਗੁਆਂਢੀ ਹੋਇਆ ਸੀ ਗੁਆਂਢੀ ਨਾਲ ਲੜਦਿਆਂ, ਜੋ ਡਰਦਿਆਂ ਰੂਪੋਸ਼ ਹੋ ਗਿਆ ਸੀ ,ਦਿਸਿਆ ਹੀ ਨਹੀਂ ਸੀ ਕਿੰਨੇ ਦਿਨ, ਦੂਜਿਆਂ ਨਾਲੋਂ ਉਹਦੀ ਚੇਨ ਟੁੱਟ ਗਈ ਸੀ। 

ਸੂਰਜ ਅਜੇ ਓਨਾ ਲੋਹਾ ਲਾਖਾ ਨਹੀਂ ਸੀ ਹੋਇਆ ਗੁਆਂਢੀ ਦੇ ਗੁੱਸੇ ਜਿਨ੍ਹਾਂ।ਅੰਦਰ ਆ ਕੇ ਮੈਂ ਹੱਥ ਧੋਂਦਾ।ਮੇਰੇ ਸੱਜੇ ਹੱਥ ਦੇ ਪੋਟਿਆ 'ਤੇ ਲੀਕ ਹੋਏ ਪੈੱਨ ਦੇ ਨਿਸ਼ਾਨ ਹਨ। ਕੀ ਇਹਨਾਂ ਨਿਸ਼ਾਨਾ ਹੇਠ ਵੀ ਛੁਪਿਆ ਹੋ ਸਕਦਾ ਉਹ ਇਨਵਿਜ਼ੀਬਲ ? ਨਹੀਂ ਨਹੀਂ ਇਹ ਨਿਸ਼ਾਨ ਤਾਂ ਕਵਿਤਾ ਲਿਖਦਿਆਂ ਬਣੇ ਸਨ,ਕਵਿਤਾ ਆਦਮੀ ਦੇ ਸਾਰੇ ਭੇਦ ਸਮੇਟ ਲੈਂਦੀ ਹੈ, ਇਹ ਵਾਇਰਸ ਕੀ ਸ਼ੈਅ ?ਮੈਂ ਆਪਣੇ ਹੱਥਾਂ ਨੂੰ ਪਹਿਲੀ ਵਾਰ ਇੰਝ ਵੇਖ ਰਿਹਾ ਜਿਵੇ ਇਹ ਸਾਰੇ ਸਰੀਰ ਨੂੰ ਬਚਾਉਣ ਲਈ ਹੁਣੇ ਹੀ ਮੇਰੇ ਤੋਂ ਵੱਖ ਹੀ ਜਾਣਗੇ।ਇਹ ਸੋਚਦਿਆਂ ਹੀ ਮੈਂ ਕਾਹਲੀ ਕਾਹਲੀ ਹੱਥ ਧੋਣ ਲੱਗ ਪੈਂਦਾ ਹਾਂ ਤੇ ਉਸ ਔਰਤ ਤੇ ਵਿਅਕਤੀ ਬਾਰੇ ਸੋਚਦਾ ਕਿ ਕੀ ਇਸ ਤਰਾਂ ਦੇ ਲੋਕ ਏਨੇ ਔਖੇ ਸਮੇ ਚ ਵੀ ਆਪਣੀਆਂ ਸੀਮਤ ਧਾਰਨਾਵਾਂ ਚੋ ਬਾਹਰ ਨਹੀਂ ਆਉਣਗੇ ?ਵੀਹ ਸੈਕੰਡ ਪੂਰੇ ਹੋ ਗਏ ਹਨ,ਟੂਟੀ ਬੰਦ ਕਰਦਾ ਹਾਂ ਕੱਸ ਕੇ, ਕਿਤੇ ਟੂਟੀ ਖੁੱਲਣ ਦਾ ਭਰਮ ਢਿੱਲਾ ਨਾ ਰਹਿ ਜਾਏ। ਸੋਚਦਾ ਹਾਂ, ਅਰਥ ਵੀ ਤਾਂ ਇਨਵਿਜ਼ੀਬਲ ਹੁੰਦੇਂ ਵਿਜ਼ੀਬਲ ਸ਼ਬਦਾਂ ਚੋ ਨਿਕਲੇ। ਹਰ ਵਿਅਕਤੀ ਦਾ, ਚਾਹੇ ਉਹ ਕਿੰਨਾ ਵੀ ਨਜ਼ਦੀਕੀ ਹੋਏ,ਕਿਸੇ ਬਾਰੇ ਅੰਦਰ ਹੀ ਅੰਦਰ ਸੋਚਣਾ; ਵੀ ਤਾਂ ਇਨਵਿਜ਼ੀਬਲ ਹੁੰਦਾ ।ਇਹ ਇਨਵਿਜ਼ੀਬਲ ਪਰ ਹਰ ਵੇਲੇ ਵਾਇਰਸ ਨਹੀਂ ਹੁੰਦਾ,ਜਾ ਸ਼ਾਇਦ ਵਾਇਰਸ ਤੋਂ ਵੀ ਕਿਤੇ ਖਤਰਨਾਕ, ਕਿਉਂਕਿ ਇਹ ਅਚਾਨਕ ਸਾਨੂੰ ਉਸ ਸਪਰਸ਼ ਚੋ ਲੱਗ ਜਾਂਦਾ,ਜਿਸ ਬਾਰੇ ਅਸੀਂ ਕਦੇ ਸੋਚਿਆ ਨਹੀਂ ਹੁੰਦਾ। ਖੈਰ! ਬਾਥਰੂਮ ਚੋ ਹੱਥ ਧੋ ਬਾਹਰ ਆਉਂਦਾ ਤਾਂ ਲੱਗਦਾ ਕੋਈ ਚੀਜ਼ ਤੜਫ ਰਹੀ ਹੈ,ਉਹ ਰੀਂਗ ਕੇ ਉਪਰ ਟੂਟੀ ਵੱਲ ਆ ਰਹੀ ਹੈ, ਟੂਟੀ ਦੇ ਚੱਲਣ ਦਾ ਭਰਮ ਸ਼ਾਇਦ ਉਸ ਅਦਿਸ ਜਹੀ ਵਸਤੂ ਦੇ ਰੀਂਗਣ ਨਾਲ ਵੀ ਹੈ। 

ਟੀ.ਵੀ ਲਾਉਂਦਾ ਹਾਂ, ਇੱਕ ਪ੍ਰਦੇਸ਼ ਚ 22 ਵਿਧਾਇਕਾਂ ਨੇ ਖੁਦ ਨੂੰ ਪਹਿਲੀ ਸਰਕਾਰ ਨਾਲੋਂ ਤੋੜ ਅਲੱਗ ਕਰ ਲਿਆ।ਉਹ ਜੋ ਕਹਿੰਦੇ ਸਨ ਅਸੀਂ ਸਰਕਾਰ ਦੇ ਅਟੁੱਟ ਅੰਗ ਹਾਂ, ਹੁਣ ਸਰੀਰ ਨਾਲੋਂ ਉਨਾਂ ਆਪਣਾ ਹੱਥ ਵੱਖ ਕਰ ਲਿਆ ਹੈ। ਇਹ ਇਨਵਿਜ਼ੀਬਲ 22 ਵਿਧਾਇਕ ਹੁਣ ਵਾਇਰਸ ਦੀ ਤਰਾਂ ਛੁਪੇ ਰਹਿਣਗੇ ਕਿਸੇ ਬਾਥਰੂਮ ਚ।ਮੈਂ ਵੀ ਕੀ ਸੋਚਣ ਲੱਗ ਪਿਆ ਹਾਂ, ਪਰ ਕੁਝ ਹੈ ਜੋ ਮਰਦਾ ਨਹੀਂ ,ਮੈਂ ਫੇਰ ਟੂਟੀ ਸਾਫ ਕਰਦਾ ਸਾਬਣ ਦੀ ਫਾਲਤੂ ਝੱਗ ਬਣਾਉਂਦਾ ਹਾਂ। ਦੂਜੇ ਚੈਨਲ 'ਤੇ ਨਾਨਾ ਪਾਟੇਕਰ ਕਟੁਰ ਆਵਾਜ਼ ਚ ਬੋਲਦਾ-ਜੋ ਰਾਜਗੱਦੀ ਔਰ ਪੈਸੇ ਕੇ ਲਿਏ ਬਿਕ ਜਾਤੇ ਹੈਂ ਉਨੇ ਗੰਦੇ ਕੀੜੇ ਕੀ ਤਰਾਂ ਮਸਲ ਕਰ ਮਾਰ ਦੇਨਾ ਚਾਹੀਏ। ਬੇਚੈਨੀ ਵੱਧਦੀ ਜਾ ਰਹੀ ਬਾਹਰ। ਮੈਂ ਕਿਤਾਬਾਂ ਦੇ ਢੇਰ ਪਿੱਛੇ ਲੁਕਿਆ ਰਹਿੰਦਾ।ਬਸ ਇੱਕ ਸ਼ਬਦ ਦੀ ਲੋੜ ਹੁੰਦੀ ਸੀ ਝੱਟ ਆ ਜਾਂਦੀ ਸੀ ਕਵਿਤਾ,ਆਤਮਾ ਤੜਫ ਰਹੀ ਇੱਕ ਸ਼ਬਦ ਨਹੀਂ ਲਿਖਿਆ ਜਾ ਰਿਹਾ। ਚੁੱਪ ਪਸਰੀ ਅੰਦਰ ਬਾਹਰ,ਪਰ ਲੋਗ ਅਜੇ ਵੀ ਸਮਝ ਰਹੇ ਵਾਇਰਸ ਸਾਡੇ ਤੋਂ ਦੂਰ ਹੈ ਅਜੇ,ਜਿਵੇ ਅਰਥੀ ਦੇ ਪਿਛੇ ਪਿਛੇ ਜਾਣ ਵਾਲੇ ਸਾਰੇ ਸਮਝ ਰਹੇ ਹੁੰਦੇਂ ਕਿ ਸਾਨੂੰ ਕਿਹੜੀ ਮੌਤ ਆਏ ਅਜੇ, ਤੇ ਉਹ ਘਰ ਬਾਰ, ਬਿਜ਼ਨਸ, ਦੁਸ਼ਮਣੀਆਂ,ਦੋਸਤੀਆਂ ਦੇ ਖੇਲ ਮਨ ਹੀ ਮਨ ਚ ਖੇਲ ਰਹੇ ਹੁੰਦੇਂ।ਮੈਂ ਪੈੱਨ ਫੜ ਕੇ ਇੱਕ ਸਤਰ ਲਿਖਦਾ ਹਾਂ -ਕੀ ਰੰਗ ਹੁੰਦਾ ਹੈ ਸਹਿਮ ਦਾ-ਅੱਗੋਂ ਕੁਝ ਲਿਖਿਆ ਨਹੀਂ ਜਾਂਦਾ,ਇਨਾ ਦਿਨਾਂ ਦਾ ਸਹਿਮ ਵੀ ਇਸ ਤਰਾਂ ਦਾ ਹੈ,ਜਿਵੇ ਸਹਿਮ ਹੋਵੇ ਹੀ ਨਾ,ਜੋ ਹੈ ਹੀ ਨਹੀਂ ਉਸਨੂੰ ਕਾਗਜ਼ ਤੇ ਕਿਵੇਂ ਉਤਾਰਾਂਗੇ, ਪਰ ਕੁਝ ਤਾਂ ਹੈ,ਜੋ ਕੁਝ ਨਹੀਂ ਵਰਗਾ ਹੈ।

ਬਹੁਤ ਸਮਾਂ ਹੈ ਮੇਰੇ ਕੋਲ,ਬਹੁਤ ਵੇਹਲ,ਪਰ ਇਹ ਸਮੇ ਦੀ ਬਹੁਲਤਾ ਵਿਚੋਂ ਮਿਲੀ ਵੇਹਲ ਅਚਾਨਕ ਮਿਲੀ ਵੇਹਲ ਤੋਂ ਜ਼ਰਾ ਅਲਗ ਹੈ। ਜਿਹੜੀ ਸਰਗਰਮ ਦਿਨ ਚਰਿਆ ਦੀਆਂ ਝੀਥਾਂ ਚੋ ਨਿਕਲ ਅਚਾਨਕ ਹੱਥ ਆ ਜਾਂਦੀ ।ਬਹੁਤਾ ਖਾਲੀ ਸਮਾਂ ਕਿਸੇ ਸ਼ਾਹਕਾਰ ਰਚਨਾ ਦੇ ਰਚੇ ਜਾਣ ਦੀ ਸ਼ਰਤ ਨਹੀਂ ਹੁੰਦਾ। ਆਦਮੀ ਹਰ ਛਿਣ ਸਿਰਜਣਾਤਮਕ ਨਹੀਂ ਹੋ ਸਕਦਾ। ਕਿਸੇ ਗੈਬੀ ਸ਼ਕਤੀ ,ਊਰਜਾ, ਕੱਚੇ ਮਾਲ ਦੀ ਵੀ ਲੋੜ ਹੁੰਦੀ ਹੈ।ਕਦੇ ਕਦੇ ਕੁਝ ਵੀ ਨਾ ਕਰਨਾ,ਨਾ ਅੰਦਰ ਨਾ ਬਾਹਰ, ਹੀ ਕੁਝ ਕਰਨਾ ਹੁੰਦਾ। ਕਦੇ ਕਦੇ ਇਨਾ ਦਿਨਾਂ ਚ ਹਰ ਕਿਤਾਬ, ਫਿਲਮ, ਲਿਖਣ,ਪੜ੍ਹਨ ਨੂੰ ਭੁੱਲ ਕੇ ਬਸ ਆਪਣੇ ਆਲੇ-ਦੁਆਲੇ ਪਈਆਂ ਚੀਜ਼ਾਂ, ਵਸਤਾਂ, ਦ੍ਰਿਸ਼ਾਂ ਦਾ ਸਖਸ਼ਤਕਾਰ ਹੋਣ ਦਾ ਅਚੇਤ ਯਤਨ ਕਰਦਾ ਹਾਂ।ਨਿਰਮਲ ਵਰਮਾ ਦੀ 'ਵੋ ਦਿਨ' 'ਤੇ ਨਿਕੋਲਸ ਗੀਏਯ ਦੀ ਕਵਿਤਾ ਦੀ ਕਿਤਾਬ, ਗੀਏਯ ਦੀ ਕਿਤਾਬ ਦੀ ਨੁੱਕਰ ਨੂੰ ਛੋਹਦੀ ਕੇਦਾਰਨਾਥ ਦੀ 'ਟਾਲਸਟਾਏ ਤੇ ਸਾਈਕਲ' ਸਾਈਕਲ ਦੀ ਚੇਨ ਵਿਚ ਅੜੀ 'ਦ ਵਿਨਟੇਜ਼ ਆਫ ਕਨਟੈਮਪੋਰੇਰੀ ਪੋਇਟਰੀ ਅਤੇ ਪੋਇਟਰੀ ਹੇਠਾਂ ਮਦਨ ਸੋਨੀ ਦੀ' ਕਵਿਤਾ ਕਾ ਵਿਓਮ ਔਰ ਵਿਓਮ ਕੀ ਕਵਿਤਾ ਦੇਖਦਾ।ਇਸ ਦੇਖਣ ਚ ਬਸ ਦੇਖਣਾ ਹੁੰਦਾ। ਜਿਸ ਨੇ ਬਾਅਦ ਦੇ ਸਿਰਜਣਾਤਮਿਕ ਮੇਰੇ ਪਲਾਂ ਲਈ ਕੱਚੇ ਮਾਲ ਦਾ ਕੰਮ ਕਰਨਾ ਹੁੰਦਾ। ਇਹ ਰਲਿਆ ਮਿਲਿਆ ਸਾਹਿਤ ਇੱਕ ਵੱਖਰੇ ਉਚੇ ਨੀਵੇਂ ਲੈਂਡਸਕੇਪ ਵਾਂਗ ਲੱਗਦਾ।ਕਿੰਨਾ ਕਿੰਨਾ ਚਿਰ ਨਵੀ ਬਣੀ ਦੀਵਾਰ 'ਤੇ ਧੁੱਪ ਵਿਚ ਲਿਸ਼ਕਦੇ ਰੇਤ ਦੇ ਕਣਾਂ,ਰੁੱਕੇ ਹੋਏ ਪੱਖਿਆ ਦੀ ਧਾਰ ਤੇ ਰਸੋਈ ਵਿਚ ਬੇਕਾਰ ਪਈ ਛੁਰੀ ਨੂੰ ਵੇਖੀ ਜਾਣਾ ਵੀ ਵੇਖਣ ਦੀ ਕਲਾ ਚ ਨਿਪੁੰਨਤਾ ਹਾਸਲ ਕਰਨ ਦਾ ਇੱਕ ਤਰੀਕਾ ਹੁੰਦਾ ਸ਼ਾਇਦ।

ਮੇਰੇ ਘਰ ਦੀ ਛੱਤ 'ਤੇ ਇੱਕ ਅਲਮੀਨੀਅਮ ਦਾ ਭਾਂਡਾ ਪਿਆ, ਪੰਛੀਆਂ ਦੇ ਪਾਣੀ ਪੀਣ ਲਈ, ਇਸਨੂੰ ਅਕਸਰ ਹੀ ਨਿਹਾਰਨਾ ਮੈਨੂੰ ਕਦੇ ਕਦੇ ਕਿਸੇ ਹੋਰ ਆਲਮ ਚ ਲੈ ਜਾਂਦਾ।ਇਸ ਕੋਲ ਆਉਂਦੀਆਂ ਗਟਾਰਾਂ, ਚਿੜੀਆਂ,ਗਲਹਿਰੀਆਂ ਮੇਰੀ ਕਵਿਤਾ ਦਾ ਉੱਤਮ ਸਰੋਤ ਹੁੰਦੇਂ। ਜਦੋ ਇਹ ਉਸ ਭਾਂਡੇ 'ਤੇ ਬੈਠ ਕੇ ਸਕਿੰਟ ਤੋਂ ਪਹਿਲਾਂ ਚੁੰਝ ਵਿਚ ਬੂੰਦ ਭਰਨ ਲਈ ਲਚਕੀਲੀ ਗਰਦਨ ਚੁਕਾਉਂਦੀਆਂ, ਉਦੋਂ ਉਨਾਂ ਦੀ ਕਿਸੇ ਅਚਾਨਕ ਆਉਣ ਵਾਲੇ ਖਤਰੇ ਤੋਂ ਬਚਣ ਦੀ ਕਲਾ ਵੇਖਣ ਹੀ ਵਾਲੀ ਹੁੰਦੀ।ਖਾਲੀ ਭਾਂਡੇ ਵਿਚ ਜੰਮੀ ਕਾਈ ਨੂੰ ਸਾਫ ਕਰਦਿਆਂ ਸੋਚਦਾਂ, ਮੈਂ ਏਨਾ ਹਿੱਲ ਕਿਉਂ ਰਿਹਾ,ਕੀ ਮੇਰੇ ਅੰਦਰ ਵੀ ਕਾਈ ਜਿਹਾ ਕੁਝ ਖੁਰਚਿਆ ਜਾ ਰਿਹਾ। ਇਸੇ ਤਰਾਂ ਇਨਾ ਦਿਨਾਂ ਵਿਚ ਜਦ ਕਦੇ ਮੈਂ ਦਰਵਾਜ਼ੇ ਦੀ ਖਰਾਬ ਹੋਈ ਸਧਾਰਨ ਜਹੀ ਚਿੱਟਕਣੀ ਵੇਖ ਸੋਚਦਾ ਕਿ ਅਜੇ ਨਵੀ ਤਾਂ ਲੁਆਈ ਸੀ,ਖਰਾਬ ਵੀ ਹੋ ਗਈ,ਜਰਾ ਹੋਰ ਗਹੁ ਨਾਲ ਵੇਖਦਾਂ ਤਾਂ ਮਹਿਸੂਸ ਹੁੰਦਾ ਚਿੱਟਕਣੀ ਖਰਾਬ ਨਹੀਂ ਹੋਈ,ਦਰਵਾਜ਼ੇ ਦੀ ਲੱਕੜ ਘੁੰਮ ਗਈ ਹੈ,ਜਰਾ ਛਿੱਲਣਾ ਪਏਗਾ।ਬੰਦੇ ਦੇ ਜਰਾ ਕੁ ਨਜ਼ਰੀਏ ਬਦਲਣ ਦੀ ਲੋੜ ਹੁੰਦੀ,ਸਥਿਤੀਆਂ ਆਪੇ ਸਾਫ ਹੋ ਜਾਂਦੀਆਂ। ਥੋੜੀ ਥੋੜੀ ਹਵਾ ਵਿਚ ਕੰਧ 'ਤੇ ਹਿੱਲਦਾ ਜਾਲਾ ਵੀ ਮੈਨੂੰ ਅਲੱਗ ਹੀ ਇਹਸਾਸ ਨਾਲ ਭਰਦਾ,ਤੇ ਸੋਚਦਾ,ਕੀ ਜਾਲਾ ਸਾਫ ਕਰਨ ਤੋਂ ਮੱਕੜੀ ਨੂੰ ਮਾਰਨਾ ਜਰੂਰੀ ਹੁੰਦਾ? ਉਹ ਆਪਣਾ ਕੰਮ ਕਰਦੀ ਰਹੇ ਅਸੀ ਆਪਣਾ।

ਬੇਜਾਨ ਚੀਜ਼ਾਂ ਕੋਲ ਬੈਠ ਕੇ ਉਨਾਂ ਨਾਲ ਉਨਾਂ ਵੱਲੋਂ ਆਪੇ ਗੱਲਾਂ ਕਰਨਾ ਵੀ ਮੈਨੂੰ ਇਨਾ ਦਿਨਾਂ ਵਿਚ ਚੰਗਾ ਲੱਗਾ ਰਿਹਾ।ਬਹੁਤ ਹੀ ਫਜ਼ੂਲ ਨਿਰਾਰਥਕਸੀ ਵਸਤਾਂ ਕੋਲ ਬੈਠ ਕੇ ਉਨਾਂ ਨੂੰ ਉਨਾਂ ਦੀ ਹੁਣ ਤੱਕ ਦੀ ਉਪਯੋਗਤਾ ਤੇ ਨਿਰਾਰਥਕਤਾ ਦੇ ਸਫਰ ਬਾਰੇ ਆਪੇ ਸਵਾਲ ਪੁੱਛਣਾ,ਆਪੇ ਜਵਾਬ ਦੇਣਾ। ਮੈਨੂੰ ਲੱਗਦਾ ਜਿਸਨੇ ਆਪਣੀ ਨਿਰਾਰਥਕਤਾ ਨੂੰ ਨਹੀਂ ਜਾਣਿਆ,ਸਾਰਥਕਤਾ ਬਾਰੇ ਨਹੀਂ ਲਿਖ ਸਕਦਾ ਸ਼ਾਸ਼ਵਤ ਨੂੰ ਜਾਨਣਾ ਤਾਂ ਨਾਸ਼ਵਾਨਤਾ ਚੋ ਲੰਘਣਾ ਪਏਗਾ,ਇਹ ਮੈਂ ਸਮਝਦਾ। ਇਸੇ ਤਰਾਂ ਕੁਝ ਚੀਜ਼ਾ ਕਿਸੇ ਵੀ ਹਾਲਤ ਵਿਚ ਕਿਸੇ ਵੀ ਕਾਲ ਸਮੇ ਥਾਂ ਵਿਚ ਆਪਣੀ ਕਲਾਤਮਿਕ ਦਿਖ 'ਤੇ ਫੀਲ ਨਹੀਂ ਬਦਲਦੀਆਂ,ਜਿਵੇ ਮਾਚਿਸ ਦੀ ਤੀਲ ਤੇ ਮੋਮਬੱਤੀ।ਲਾਈਟਰ ਦੀ ਖੋਜ ਹੋ ਜਾਣ ਤੋਂ ਬਾਅਦ ਵੀ ਤੀਲ ਦੀ ਜਿਹੜੀ ਫਿਲਾਸਫੀਕਲ ਇੱਕ ਆਤਮਿਯ ਜਹੀ ਦਿਖ ਹੈ,ਉਹ ਨਹੀਂ ਬਦਲਦੀ। ਬਲਬ ਤੇ ਟਿਓਬ ਦੀ ਖੋਜ ਤੋਂ ਬਾਅਦ ਤੱਕ ਵੀ ਮੋਮਬੱਤੀ ਦਾ ਇਰੋਟਿੱਕ ਬਿੰਬ ,ਉਸਦਾ ਪਿਘਲਣਾ, ਚੁੱਪਚਾਪ ਜਲਣਾ, ਕੰਬਦੀ ਹੋਈ ਲੋਅ ਵਿਚ ਅਸਾਧਾਰਣ ਸੌਂਦਰਯ ਲੁਕਿਆ ਹੋਇਆ। ਜਦੋ ਇਹ ਸਭ ਲਿਖ ਰਿਹਾ ਤਾਂ ਅਚਾਨਕ ਕਮਰੇ ਵਿਚ ਇੱਕ ਕਾਲੀ ਭੂਰੀ ਚਿੜੀ ਆਈ ਹੈ।ਪੱਖੇ ਦੇ ਸਫੈਦ ਪੰਖ 'ਤੇ ਦੋ ਸਕਿੰਟ ਬੈਠਣ ਤੋਂ ਪਹਿਲਾਂ ਉਹ ਪੰਜ ਸਕਿੰਟ ਹਵਾ ਵਿਚ ਇੱਕੋ ਜਗਾ ਖੜ ਕੇ ਫੜਫੜਾਈ ਹੈ। ਇਹ ਪੰਜ ਸਕਿੰਟ ਮੇਰੀ ਕਵਿਤਾ ਲਈ ਉਮਰ ਭਰ ਦੀ ਪੂੰਜੀ ਨੇ, ਤੇ ਮੈਂ ਸੋਚਦਾ ਮੈਂ ਹੀ ਨਹੀਂ, ਉਸਨੇ ਵੀ ਮੇਰਾ ਬਿੰਬ ਸੰਭਾਲ ਲਿਆ,ਲੈ ਕੇ ਜਿਸਨੂੰ ਉੱਡ ਗਈ ਹੈ ਉਹ ਅਸਮਾਨਵਿਚ।

ਕੋਰੋਨਾ ਦਾ ਅੱਜ ਦਸਵਾਂ ਦਿਨ ਹੈ ਸ਼ਾਇਦ। ਸ਼ਾਇਦ ਇਸ ਲਈ ਕਿ ਸਮੇ ਦੀ ਸਾਰਣੀ ਹੁਣ ਉਨੀ ਮਹੱਤਵਪੂਰਣ ਨਹੀਂ ਰਹੀ, ਜਿੰਨੀ ਅਕਸਰ ਰੁਝੇ ਵੇਲਿਆਂ ਵਿਚ ਹੋਈ ਕਰਦੀ ਸੀ। ਰੁਝੇਵੇਂ ਵਾਲੇ ਦਿਨਾਂ ਵਿਚ ਜਦੋ ਮੈਂ ਆਪਣੇ ਏਕਾਂਤ ਨੂੰ ਮਾਣਦਾ ਸਾ,ਤਾਂ ਲੱਗਭੱਗ ਭੁੱਲ ਹੀ ਜਾਂਦਾ ਸਾਂ ਖੁਦ ਨੂੰ, ਜਿਵੇਂ ਸਮੇ ਦੇ ਕਠੋਰ ਹੱਥਾਂ ਵਿਚੋਂ ਖੋਹ ਕੇ ਲਿਆਂਦੇ ਹੁੰਦੇਂ ਸਨ ਉਹ ਛਿਣ। ਹੁਣ ਤਾਂ ਇੰਝ ਹੈ ਕਿ ਸਮਾਂ ਨਿਹੱਥਾ ਜਿਹਾ ਪਿਆ ਹੈ, ਕਹਿੰਦਾ-ਕਰ ਲਓ ਜਿਵੇਂ ਕਰਨਾ ਮੇਰਾ-ਮੇਰੇ ਸਕਿੰਟ ਨੂੰ ਭਾਵੇਂ ਇੱਕ ਘੰਟੇ ਦਾ ਕਰ ਲਓ,ਭਾਵੇ ਦੋ ਚਾਰ ਘੰਟਿਆਂ ਨੂੰ ਪਲ ਛਿਣ ਵਿਚ ਬਦਲ ਦਿਓ। ਇਨਾਂ ਦਿਨਾਂ ਵਿਚ ਸਿਮਰਤੀਆਂ ਦੀ ਇੱਕ ਲੜੀ ਬਣ ਗਈ ਹੈ ਜਗਮਗ ਕਰਦੀ(ਵਿਚੋਂ ਇੱਕ ਅੱਧ ਬਲਬ ਫ਼ਿਊਜ਼ ਵੀ ਮਿਲ ਜਾਂਦਾ)। ਬੀਤਿਆ ਹਰ ਪਲ ਮੁੜ ਜੀਵੇ ਜਾਣ ਲਈ ਵੈਂਟੀਲੇਟਰ 'ਤੇ ਪਿਆ ਖੁਦ ਨਾਲ ਲੜ ਰਿਹਾ। ਬੀਤੇ ਹੋਏ ਦ੍ਰਿਸ਼ਾਂ ਘਟਨਾਵਾਂ ਦੀ ਇੱਕ ਰੇਲ ਬਣ ਗਈ ਹੈ,ਜੋ ਮੈਂ ਆਪਣੇ ਦੋਸਤ ਸ਼ਿਵ ਹੋਰਾਂ ਦੇ ਛੇਵੀਂ ਮੰਜਿਲ ਦੇ ਫਲੈਟ ਤੋਂ ਵੇਖੀ ਸੀ, ਜਿਸ ਦੇ ਸਿਰ 'ਤੇ ਜਗਦਾ ਵੱਡਾ ਬਲਬ ਹੁਣ ਮੇਰੇ ਸਿਰ ਤੇ ਜਗ ਰਿਹਾ ,ਪਿੱਛੋਂ ਜਿਸਦੇ ਇੱਕ ਵੱਡੇ ਮਘੋਰੇ 'ਚੋ ਧੂੰਆਂ ਵੀ ਨਿਕਲ ਰਿਹਾ ਇੰਝ ਲੱਗਦਾ ਇਹ ਉਹੋ ਰੇਲ ਹੈ,ਜਿਹੜੀ ਬਚਪਨਵਿਚ ਅਸੀਂ ਪਲਾਸਟਿਕ ਦੇ ਛੋਟੇ ਛੋਟੇ ਡੱਬਿਆਂ ਨਾਲ ਬਣਾਇਆ ਕਰਦੇ ਸਾਂ ਇਨ੍ਹਾਂ ਦਿਨਾਂ ਦੀ ਬਾਰਿਸ਼ ਵੀ ਅਲੱਗ ਹੈ,ਛੱਤ ਦੀਆਂ ਟੀਨਾਂ 'ਤੇ ਬੂੰਦਾਂ ਦੀ ਟਿਪ-ਟਿਪ ਦੇ ਸੰਗੀਤ ਵਿਚ ਕੁਝ ਵੱਖਰਾ ਜਿਹਾ ਹੀ ਸੰਗੀਤ ਸੀ।ਗਮਲਿਆਂ ਵਿਚ ਲੱਗੇ ਪੌਦਿਆਂ 'ਤੇ ਪੈਂਦੀਆਂ ਬਾਰਿਸ਼ ਦੀਆਂ ਸਾਫ ਪ੍ਰਦੂਸ਼ਤ ਰਹਿਤ ਬੂੰਦਾਂ ਦੇ ਅਨੰਦ ਬਾਰੇ ਉਹ ਬੇਜੁਬਾਨ ਕੀ ਕਹਿਣ,ਬਸ ਲਹਿਰਾ ਜਾਂਦੇ ਨੇ ਆਪਣੀ ਹੀ ਧੁਨ ਵਿਚ ਕਿੰਨਾ ਕੁਝ ਹੈ ਜੋ ਮਹਾਂਮਾਰੀ ਵੀ ਦੇ ਜਾਂਦੀ।ਕਈ ਵਾਰ ਲੱਗਦਾ ਖੋਹ ਕੇ ਘੱਟ ਲੈ ,ਦੇ ਕੇ ਜਿਆਦਾ ਜਾਊ। ਉਂਝ ਇਸ ਗੱਲ ਨੂੰ ਮੇਰੀ ਦਲੀਲ ਨਾ ਸਮਝਿਆ ਜਾਏ।

ਦੋ ਸ਼ਬਦ ਜਿਹੜੇ ਇਨ੍ਹਾਂ ਦਿਨਾਂ ਵਿਚ ਮੈਨੂੰ ਬਹੁਤ ਤੰਗ ਕਰ ਰਹੇ,ਉਹ ਹਨ ਇੱਕਲਤਾ ਅਤੇ ਏਕਾਂਤ। ਮੈਂ ਆਪਣੇ adolescence ਪੀਰਡ ਵਿਚ ਹੀ ਓਸ਼ੋ ਤੇ ਜੇ.ਕ੍ਰਿਸ਼ਨਮੂਰਤੀ ਨੂੰ ਪੜ੍ਹ ਲਿਆ ਸੀ ਕਿ loneliness ਮਤਲਬ ਇੱਕਲਤਾ ਅਤੇ solitude ਮਤਲਬ ਏਕਾਂਤ ਵਿਚ ਕੀ ਫਰਕ ਹੁੰਦਾ।ਇੱਕਲਤਾ ਭਟਕਣ,ਏਕਾਂਤ ਧਿਆਨ। ਏਕਾਂਤ-ਇੱਕ ਬਿੰਦੂ ਤੇ ਦ੍ਰਿਸ਼ਟੀ ਨੂੰ ਇਕਾਗਰ ਕਰ ਸ਼ੂਨਯ ਨੂੰ ਮਹਿਸੂਸ ਕਰਨਾ-feeling absent in present.ਤੇ ਇੱਕਲਤਾ-ਮਸਤਕ ਅੰਦਰ ਹਜ਼ਾਰਾਂ ਸ਼ੈਆਂ ਦ੍ਰਿਸ਼ਾਂ, ਵਿਚਾਰਾਂ,ਸਿਧਾਂਤਾਂ, ਕਲਪਨਾਵਾਂ ਦਾ ਕੋਲਾਜ਼।ਰੁਝੇਵਿਆਂ ਭਰੇ ਵੇਲੇ ਵਿਚ ਜਦ ਆਪਣੇ ਲਈ ਕੁਝ ਪਲ ਕੱਢਦਾ ਸਾਂ ਤਾਂ ਲੱਗਦਾ ਸੀ ਇਹੀ ਏਕਾਂਤ ਹੈ, ਇਹੀ ਏਕਾਂਤ ਮੇਰੀਆਂ ਮਨ-ਬਚਨੀਆਂ ਨੂੰ ਫੜ ਕੇ ਕਾਗਜ਼ ਸਾਹਮਣੇ ਰੱਖ ਦੇਂਦਾ ਸੀ।ਪਰ ਹੁਣ ਜਦਕਿ ਸਮਾਂ ਹੀ ਸਮਾਂ ਹੈ,ਸਥਿਤੀ ਹੋਰ ਹੈ।ਜਿੰਨੀ ਚੁੱਪ ਹੈ ਅੰਦਰ ਭਟਕਣਾ ਉਸਤੋਂ ਵੱਧ।ਐਲਬਮਾਂ ਦੀਆਂ ਐਲਬਮਾਂ ਖੁਲਦੀਆਂ ਜਾ ਰਹੀਆਂ ਅਤੀਤ ਦੀਆਂ,ਨਿਰ-ਵਿਚਾਰ ਅੱਗੇ ਅੰਕੁਸ਼। ਦੌੜ ਰਹੇ ਸਮੇ ਚੋ ਫੜੇ ਪਲਾਂ ਸਾਹਵੇਂ ਵਿਚਾਰ ਭਿਖਾਰੀ ਸੀ,ਹੁਣ ਮਾਲਿਕ ਹੈ। ਇੰਨੇ ਖਾਲੀ ਸਮੇ ਨੇ ਮੇਰੀ ਇੱਕਲਤਾ ਤੇ ਏਕਾਂਤ ਦੀ ਆਪਣੇ ਲਈ ਆਪੇ ਬਣਾਈ ਵਿਆਖਿਆ ਰੱਦ ਕਰ ਦਿੱਤੀ ਹੈ।ਪੂਰਨ ਰੂਪ ਵਿਚ ਏਕਾਂਤ ਨਹੀਂ ਮਿਲਦਾ।ਮਨ ਸਿਮਰਤੀਆਂ ਦੀ ਦਲਦਲ ਹੈ।ਵਾਰ ਵਾਰ ਧੱਸਦਾ। ਸਮੇ ਤੇ ਸਥਾਨ ਦਾ ਇੱਕਹਿਰਾਪਨ ਉਹਦੀ ਪਕੜ ਵਿਚਨਹੀਂ ਆ ਰਿਹਾ। ਮੇਰਾ ਮਨ ਤੇ ਕਵੀ-ਮਨ ਦੋ ਹੋ ਗਏ ਨੇ।ਏਕਾਂਤ ਦੀ ਇਕਾਗਰਤਾ ਲਈ ਇੱਕਲਤਾ ਸਾਰਾ ਸਾਰਾ ਦਿਨ ਭਟਕਦੀ ਹੈ।ਖੁਦ ਨੂੰ ਥਾਂ ਟਿਕਾਣੇ ਕਰਦਿਆਂ ਅੱਧਾ ਦਿੱਨ ਲੰਘ ਜਾਂਦਾ ਹੈ।ਕਦੇ ਕਾਫਕਾ ਦੇ ਮੈਟਾਮਾਰਫਸਿਸ ਨੂੰ ਪੜ੍ਹਦਿਆਂ ਨਿਰਮਲ ਵਰਮਾ ਦੀ  ਚੀੜਾ ਕੀ ਚਾਂਦਨੀ ਉਪਰ ਰੱਖ ਦੇਂਦਾ,ਕਦੇ ਬੇਕਾਰ ਇੱਕ ਕਮਰਸ਼ਲ ਫਿਲਮ ਦੀ ਡਿਸ਼ੂ ਡਿਸ਼ੂ ਵਿਚ ਫਸ ਜਾਂਦਾ,ਕਦੇ ਕਿਸੇ ਦਾ ਮਨ ਹੀ ਮਨ ਵਿਸ਼ਲੇਸ਼ਣ ਕਰਨ ਲੱਗ ਪੈਂਦਾ। ਆਪਣੇ ਆਪ ਤੋਂ ਉਹ ਦ੍ਰਿਸ਼ਟੀ ਉੱਠ ਜਾਂਦੀ,ਜੋ ਸਿਰਫ ਏਕਾਂਤ ਵਿਚ ਹੀ ਮਿਲਦੀ,ਜਿਸ ਵਿਚ ਹਰ ਸਮਸਿਆ ਦੇ ਗੁਨਾਹਗਾਰ ਤੁਸੀਂ ਆਪ ਹੁੰਦੇਂ,ਦੂਜਾ ਮਹਿਜ਼ ਬਹਾਨਾ। 

ਇੱਕਲਤਾ ਤੇ ਏਕਾਂਤ ਵਿਚਕਾਰ ਪਈ ਇਸ ਵੰਡ ਨਾਲ ਮੈਂ ਵੰਡਿਆ ਗਿਆ ਹਾਂ। ਮੇਰਾ ਪਾਖੰਡ ਮੇਰੇ ਸਾਹਮਣੇ ਹੈ।ਕੁਝ ਵੀ ਨਹੀਂ ਪਾਇਆ ਅਜੇ ਤੱਕ,ਮਹਿਜ਼ ਇੱਕ ਬੇਗਾਨਗੀ,ਇੱਕ ਪਾਗਲਪਨ।ਪਰ ਅਸਲ ਪਾਗਲਪਨ ਦਾ ਅਹਿਸਾਸ ਤਾਂ ਬੁੱਧੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਆਉਂਦਾ ਹੋਏਗਾ ਬੁੱਲ੍ਹਾ ਤੇ ਲੱਲਾ ਦੋਨੋ ਪਾਗਲ ਸਨ। ਹਰ ਪਲ ਜਾਗ੍ਰਿਤ ਹੋਣਾ ਕਿਸਨੂੰ ਕਹਿੰਦੇ ਹਨ,ਪਤਾ ਹੈ,ਪਰ ਸ਼ਾਇਦ ਇਹ ਇੱਕ ਬੌਧਿਕ ਪ੍ਰਕਿਰਿਆ ਹੈ।ਮੈਨੂੰ ਲੱਗ ਰਿਹਾ ਮੇਰੀ ਲੜਾਈ ਇਨਾਂ ਦਿਨਾਂ ਵਿਚ ਕਰੋਨਾ ਨਾਲ ਨਹੀਂ,ਆਪਣੇ ਆਪ ਨਾਲ ਹੈ।ਖੁਦ ਨੂੰ ਆਪਣੀ ਹੀ ਪਾਰਦਰਸ਼ਤਾ ਵਿਚ ਵੇਖਣ ਦਾ ਇਸਤੋਂ ਚੰਗਾ ਵੇਲਾ ਕਿਹੜਾ ਹੈ।ਪਰ ਮਨ ਹੈ ਕਿ ਟਿੱਕਦਾ ਨਹੀਂ।ਤੇ ਏਕਾਂਤ ਮਨ ਨਹੀਂ। ਮੇਰੇ ਲਈ ਇਹ ਵੀ ਸਾਫ ਹੈ ਕਿ ਹਰ ਵਿਅਕਤੀ ਇੱਕਲਾ ਹੈ,ਤੇ ਇੱਕਲਤਾ ਕੋਈ ਐਸੀ ਵਸਤ ਨਹੀਂ,ਜਿਸਨੂੰ ਅਸੀਂ ਚੁਣ ਸਕੀਏ ਜਾਂ ਨਾ ਚੁਣ ਸਕੀਏ।ਅਸੀਂ ਸਭ ਇੱਕਲੇ ਹਾਂ, ਜੇ ਅਸੀਂ ਸੋਚੀਏ ਕਿ ਨਹੀਂ,ਤਾਂ ਇਹ ਖੁਦ ਨਾਲ ਧੋਖਾ ਹੈ। ਪਰ ਮੈਂ ਦੇਖਿਆ,ਲੋਕ ਮੁਸ਼ਕਿਲ ਸਮੇ ਚ ਹੀ ਬੁਜ਼ਦਿਲ ਬਣਦੇ ਹਨ,ਇਨ੍ਹਾਂ ਦਿਨਾਂ ਚ ਹੀ ਮੌਤ ਦਾ ਖਿਆਲ ਆਉਂਦਾ ਹੈ ਕਿ ਆਉਣੀ ਹੈ,ਕੋਰੋਨਾ ਦਾ ਅਨੁਭਵ ਕੋਈ ਭੂਤੀਆ ਅਨੁਭਵ ਨਹੀਂ ਹੈ,ਇਹ ਹੈ ਤੇ ਇਸ ਤਰ੍ਹਾਂ ਦੇ ਅਨੁਭਵ ਚੋ ਹੀ ਵਿਸਥਾਰ ਮਿਲਦਾ,ਅਣਹੋਣੀ ਨੂੰ ਹੋਣ ਤੋਂ ਪਹਿਲਾਂ ਹੀ ਮਹਿਸੂਸ ਕਰ ਲੈਣ ਨਾਲ ਇਕਾਗਰਤਾ ਬੱਝਦੀ। ਜੋ ਰਹੱਸਤਾ ਨੂੰ ਆਪਣੇ ਜੀਵਨ ਚੋ ਅਲੱਗ ਨਹੀਂ ਕਰਦਾ,ਉਹੀ ਜੀਵਨ ਦਾ ਭਰਭੂਰ ਆਨੰਦ ਲੈ ਸਕਦਾ। ਪਰ ਵੈਂਟੀਲੇਟਰ ਤੇ ਬੈਠਾ ਕਰੋਨਾ ਦਾ ਮਰੀਜ਼ ਕਿਵੇ ਸੋਚਦਾ,ਇਹ ਮਹਿਸੂਸ ਕਰਨ ਵਾਲੀ ਗੱਲ ਹੈ। ਮੈਨੂੰ ਉਹ ਡਰੈਗਨ ਕਥਾ ਯਾਦ ਆ ਰਹੀ,ਬਹੁਤ ਪਹਿਲਾਂ ਪੜੀ, ਜਿਸ ਵਿਚ ਸਾਰੇ ਜਿਸ ਡਰੈਗਣ ਨਾਲ ਲੜਦੇ ਸਾਰੀ ਉਮਰ,ਉਹੀ ਡਰੈਗਣ ਰਾਜਕੁਮਾਰੀ ਬਣ ਜਾਂਦੀ। ਲੱਗਦਾ ਸਾਡੇ ਜੀਵਨ ਦੇ ਸਭ ਡਰੈਗਣ ਰਾਜਕੁਮਾਰੀ ਹੀ ਹਨ,ਜਿਹੜੇ ਸਾਨੂੰ ਇੱਕ ਨਿਡਰ ਸਥਿਤੀ ਵੱਲ ਲੈ ਜਾ ਰਹੇ। ਕਰੋਨਾ ਵੀ ਇਸੇਤਰ੍ਹਾਂ ਦਾ ਡਰੈਗਣ ਹੈ।


Vandana

Content Editor

Related News