ਕਹਾਣੀਨਾਮਾ-10 : ਅਸਲੀਅਤ ਵਿਚ ਮੈਂ ਜ਼ਿੰਦਗੀ ਜਿਉਣਾ ਭੁੱਲ ਗਈ..!

Monday, May 04, 2020 - 05:12 PM (IST)

ਕਹਾਣੀਨਾਮਾ-10 : ਅਸਲੀਅਤ ਵਿਚ ਮੈਂ ਜ਼ਿੰਦਗੀ ਜਿਉਣਾ ਭੁੱਲ ਗਈ..!

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
98550 36444     
 

ਅੱਜ ਸੁੱਖ ਦਾ ਚੇਤਾ, ਏਦਾਂ ਆਇਆ ਜਿਵੇਂ ਮੇਰੀ ਜ਼ਿੰਦਗੀ ਵਿਚ ਕੋਈ ਤੂਫ਼ਾਨ ਆਇਆ ਹੋਵੇ, ਤੇ ਲੱਗ ਰਿਹਾ ਸੀ ਕੀ, ਮੇਰਾ ਸਭ ਕੁਝ ਇਹ ਤੂਫ਼ਾਨ ਆਪਣੇ ਨਾਲ ਹੀ ਉਡਾਕੇ ਨਾ ਲੈ ਜਾਵੇ। ਮੈਂ ਇੱਕਲੀ ਹੀ ਜਾਗ ਰਹੀ ਸੀ ਤੇ ਆਪਣੇ ਬੈਡਰੂਮ ਵਿਚ ਬੈਠੀ ਸੀ ਅਤੇ ਨਾਲ ਦੇ ਬੈਡਰੂਮ ਵਿਚ ਮੇਰੇ ਦੋਨੋਂ ਬੱਚੇ ਅਗਮ ਤੇ ਯੁਵੀ ਸੋ ਰਹੇ ਸੀ। ਅਗਮ ਤੇ ਯੁਵੀ ਦੀ ਉਮਰ ਅਜੇ 8 ਸਾਲ ਤੇ ਦੂਸਰੇ ਦੀ 10 ਸਾਲ ਦੀ ਸੀ। ਮੇਰੇ ਪਤੀ ਰੁਪਿੰਦਰ ਸਿੰਘ ਉਰਫ਼ ਰੋਮੀ ਹਰ ਵਾਰ ਦੀ ਤਰਾਂ ਪਤਾ ਨਹੀਂ ਅੱਜ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਕਿੱਥੇ ਹੋਣਗੇ ਅਤੇ ਕਿਹੜੀ ਪਾਰਟੀ ਵਿਚ ਬੈਠੇ ਆਪਣਾ ਚਿਤ-ਪ੍ਰਚਾਵਾਂ ਕਰ ਰਹੇ ਹੋਣਗੇ। ਰਾਤ ਦੇ ਤਕਰੀਬਨ 11 ਵੱਜ ਚੁੱਕੇ ਸੀ ਤੇ ਰੋਮੀ ਦਾ ਅਜੇ ਕੋਈ ਵੀ ਘਰ ਆਉਣ ਦਾ ਸਮਾਂ ਨਹੀਂ ਸੀ ਹੋਇਆ।

ਪਹਿਲਾ ਤਾਂ ਰੋਮੀ ਨੂੰ ਮੈਂ ਘਰੇ ਲੇਟ ਆਉਣ ਦਾ ਕਾਰਨ ਪੁੱਛ ਵੀ ਲੈਂਦੀ ਸੀ ਅਤੇ ਮੇਰੇ ਪੁੱਛਣ ’ਤੇ ਕਈ ਵਾਰੀ ਸਾਡੀ ਤੂੰ -ਤੂੰ -ਮੈ -ਮੈ ਵੀ ਹੋ ਜਾਇਆ ਕਰਦੀ ਸੀ ,ਪਰ ਉਸ ’ਤੇ ਕੋਈ ਅਸਰ ਨਹੀਂ ਸੀ ਹੁੰਦਾ। ਦੂਸਰੀ ਸਵੇਰ ਉਨ੍ਹਾਂ ਨੇ ਫੇਰ ਤਿਆਰ ਹੋਕੇ ਆਪਣੇ ਕੰਮ ’ਤੇ ਚਲੇ ਜਾਣਾ, ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਦਰਅਸਲ ਵਿਚ ਮੈਂ ਵੇਖਿਆ ਰੋਮੀ ਦਾ ਜ਼ਿੰਦਗੀ ਜਿਉਣ ਦਾ ਆਪਣਾ ਹੀ ਤਰੀਕਾ ਸੀ। ਉਹ ਆਪਣੀ ਜ਼ਿੰਦਗੀ ਆਪਣੇ ਢੰਗ-ਤਰੀਕਿਆਂ ਨਾਲ ਜੀਅ ਰਿਹਾ ਸੀ। ਮੇਰੇ ਟੋਕਣੇ ਦਾ ਜਿਵੇਂ ਉਸ ਲਈ ਕੋਈ ਮੱਹਤਵ ਹੀ ਨਹੀਂ ਸੀ ਰਿਹਾ।

ਮੈਂ ਰੋਮੀ ਨੂੰ ਬਹੁਤ ਵਾਰ ਪੁੱਛਣਾ ਕੀ, ਰੋਮੀ ਤੁਸੀਂ ਮੈਂਨੂੰ ਪਸੰਦ ਨਹੀਂ ਕਰਦੇ ਹੋ ਜਾਂ ਮੈਂ ਤੁਹਾਨੂੰ ਪਸੰਦ ਹੀ ਨਹੀਂ। ਉਸ ਦਾ ਜਵਾਬ ਹੋਣਾ ਜੇ ਪਸੰਦ ਸੀ ਤਾਂ ਹੀ ਤਾਂ ਘਰੇ ਰਹਿ ਰਹੀ ਏ, ਹੋਰ ਮੈਂ ਇਹ ਕਮਾਈਆਂ ਕਿਸ ਲਈ ਕਰ ਰਿਹਾ ਹਾਂ, ਪਰ ਰੋਮੀ ਕਮਾਈ ਦੇ ਚੱਕਰ ਵਿਚ ਜ਼ਿੰਦਗੀ ਦੇ ਕ਼ੀਮਤੀ ਪਲ ਗਵਾ ਰਿਹਾ ਸੀ। ਜਿਸ ਨੂੰ ਸਿਰਫ਼ ਅਤੇ ਸਿਰਫ਼ ਮੈਂ ਮਹਿਸੂਸ ਕਰ ਰਹੀ ਸੀ ਪਰ...ਰੋਮੀ ਨਹੀਂ..! ਤੇ ਮੈਂ ਵੀ ਹੌਲ਼ੀ ਹੌਲ਼ੀ ਆਪਣੇ ਆਪ ਨੂੰ ਸਮਝਾਉਂਦੇ ਹੋਏ ,ਖ਼ੁਦ ਹੀ ਪਿੱਛੇ ਹੱਟ ਜਾਣਾ ਮੁਨਾਸਿਬ ਸਮਝਿਆ ,ਆਪਣੇ ਲਈ ਵੀ ਤੇ ਬੱਚਿਆਂ ਦੇ ਲਈ ਵੀ,ਕਿਉਂਕਿ ਸਾਡੇ ਨਿੱਤ ਦੇ ਝਗੜੇ ਨੇ ਅਤੇ ਨਿੱਤ ਦੀ ਤੂੰ-ਤੂੰ ਤੇ ਮੈਂ-ਮੈਂ ਨੇ ਮੇਰੇ ਬੱਚਿਆਂ ਨੂੰ ਵੀ ਮਾਨਸਿਕ ਤੌਰ ’ਤੇ ਕਮਜ਼ੋਰ ਕਰ ਦੇਣਾ ਸੀ। ਉਸ ਵਖ਼ਤ ਮੈਂ ਬੱਚਿਆਂ ਲਈ ਸੋਚ ਲਿਆ ਅਤੇ ਖਾਮੋਸ਼ ਜੀਅ ਰਹੀ ਸੀ।

ਪਰ ਆਪਣਾ ਮੈਂ ਜਿਵੇਂ ਬਹੁਤ ਕੁਝ ਗਵਾਕੇ ਦੁਨੀਆਂ ਦਾਰੀ ਲਈ ਇਸ ਘਰ ਨੂੰ ਸੰਭਾਲੀ ਬੈਠੀ ਸੀ। ਮੈਨੂੰ ਘਰ ਵਿਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ, ਨਾ ਮੈਨੂੰ ਖਾਣ ਦੀ ਨਾ ਹੀ ਕੁਝ ਪਾਉਣ ਦੀ ਪਰ ਜੇਕਰ ਮੈਨੂੰ ਕਮੀ ਮਹਿਸੂਸ ਹੋ ਰਹੀ ਸੀ ਤਾਂ ਉਹ ਸੀ ਮੇਰੇ ਆਪਣੇ ਦੀ। ਮੈਨੂੰ ਸਮਝਣ ਵਾਲੇ ਦੀ ਪਰ ਇਸ ਇਕੱਲੇਪਣ ਨੇ ਮੈਨੂੰ ਜਿਵੇਂ ਹੌਲੀ-ਹੌਲ਼ੀ ਮਾਨਸਿਕਤਾ ਤੌਰ ’ਤੇ ਬੀਮਾਰ ਕਰ ਦੇਣਾ, ਇਹ ਮੈਨੂੰ ਲੱਗ ਰਿਹਾ ਸੀ। ਅੱਜ ਦੇ ਪਲ ਇਸ ਸਥਿਤੀ ਵਿਚ ਸੁਖ ਦਾ ਚੇਤਾ ਆਉਣਾ ਵਾਜ਼ਬ ਸੀ, ਕਿਉਂਕਿ ਕੀ ਇਕ ਸੁਖ ਹੀ ਸੀ, ਜੋ ਮੈਨੂੰ ਸਮਝਦਾ ਸੀ ਤੇ ਮੇਰੇ ਚੰਗੇ ਬੁਰੇ ਦਾ ਖ਼ਿਆਲ ਰੱਖਦਾ ਸੀ।

ਪਰ ਉਦੋਂ ਮੈਂ ਵੀ ਉਸਦੀ ਕਿਸੇ ਵੀ ਗੱਲ ਨੂੰ ਕਈ ਵਾਰੀ ਸੀਰੀਅਸ ਨਹੀਂ ਸੀ ਲੈਂਦੀ ਪਰ ਅੱਜ ਪਛਤਾਵਾ ਪੱਲੇ ਹੋਣ ’ਤੇ। ਮੈਨੂੰ ਆਪਣੀ ਗ਼ਲਤੀ ਸਮਝ ਆ ਰਹੀ ਸੀ । ਸੁਖ ਮੇਰਾ ਕਾਲਜ਼ ਸਮੇਂ ਦਾ ਇਕ ਵਧੀਆਂ ਦੋਸਤ ਦੇ ਨਾਲ-ਨਾਲ ਉਹ ਮੈਨੂੰ ਮੇਰੇ ਮਾਪਿਆਂ ਨਾਲੋਂ ਵੱਧ ਸਮਝਦਾ ਸੀ, ਕਾਲਜ਼ ਵਿਚ ਮੇਰੇ ਦੋਸਤ ਮਿੱਤਰ ਕਈ ਸੀ ਅਤੇ ਖ਼ਾਸ ਤੇ ਵਿਸ਼ਵਾਸ਼ ਪਾਤਰ ਇਕ ਸੁੱਖ ਸੀ। ਪਰ ਮੈਂ ਪਾਗਲ ਉਸ ਨੂੰ ਕਹਾ, ਜਾਂ ਆਪਣੇ ਆਪ ਨੂੰ, ਕੀ ਉਦੋਂ ਅਸੀਂ ਦੋਸਤ ਸੀ ਜਾਂ ਇਕ ਦੂਜੇ ਦੀ ਪਸੰਦ ਸੀ ਪਰ ਉਦੋਂ ਦੋਹਾਂ ਦਾ ਸ਼ਾਇਦ ਇਹੋ ਡਰ ਹੋਣਾ ਕੀ ਇਹ ਲੋਕ ਕੀ ਕਹਿਣਗੇ ਤੇ ਸਾਡੇ ਘਰਦੇ ਕੀ ਸਮਝਣਗੇ।

PunjabKesari

ਪਰ ਹੁਣ ਤੱਕ ਦੀ ਜ਼ਿੰਦਗੀ ਵਿਚ ਇਹ ਜ਼ਰੂਰ ਸਮਝ ਆ ਗਿਆ ਸੀ ਜਾਂ ਜ਼ਿੰਦਗੀ ਨੇ ਸਿਖਾ ਦਿੱਤਾ ਸੀ, ਕੀ ਕੋਈ ਕਿਸੇ ਵਾਰੇ ਕੁਝ ਵੀ ਨਹੀਂ ਸੋਚਦਾ। ਬਸ ਜੇਕਰ ਸਮਝਣ ਦੀ ਲੋੜ ਹੁੰਦੀ ਹੈ ਤਾਂ ਸਾਨੂੰ ਆਪਣੇ ਆਪ ’ਤੇ ਆਪਣੇ ਆਉਣ ਵਾਲੇ ਕੱਲ ਦੀ ਸਮਝ ਹੋਣੀ ਚਾਹੀਦੀ ਹੈ। ਬਾਕੀ ਇਸ ਦੁਨੀਆਂ ਵਿਚ ਕੋਈ ਨਹੀਂ ਕਿਸੇ ਵਾਰੇ ਸੋਚਦਾ ..! ਕੋਈ ਹੀ ਵਿਰਲਾ ਹੋਵੇਂਗਾ, ਜੋ ਦੂਸਰੇ ਦੀ ਖੁਸ਼ੀ ਮੰਗੇਗਾ। ਆਪਣੇ ਸਾਹਮਣੇ ਵਾਲੇ ਦੇ ਹਾਸਿਆਂ ਦਾ ਫ਼ਿਕਰਮੰਦ ਹੋਵੇਗਾ। ਉਨ੍ਹਾਂ ਵਿਚੋਂ ਮੇਰਾ ਦੋਸਤ ਮੇਰਾ ਹਮਦਰਦ ਸੀ ਇਕ ਸੁੱਖ।

ਕਾਸ਼..!ਮੈਂ ਸੁੱਖ ਦੀ ਫੀਲੰਗ ਸਮਝੀ ਹੁੰਦੀ, ਕਾਸ਼ ਉਸਦਾ ਆਪਣਾਪਣ ਸਮਝਿਆ ਹੁੰਦਾ, ਸ਼ਾਇਦ ਮੈਨੂੰ ਅੱਜ ਇਹ ਇਕੱਲਾਪਣ ਨਾ ਮਹਿਸੂਸ ਹੁੰਦਾ, ਦਿਲ ਤਾਂ ਅੱਜ ਵੀ ਕਰਦਾ ਕੀ ਸਾਰਾ ਕੁਝ ਛੱਡਕੇ ਵਾਪਸ ਆਪਣੇ ਦੇਸ਼ ਚੱਲੀ ਜਾਵਾਂ, ਆਪਣੇ ਲੋਕਾਂ ਵਿਚ ਤੇ ਆਪਣਿਆਂ ਵਿਚ, ਪਰ ਮੈਂ ਮਜ਼ਬੂਰ ਸੀ। ਆਪਣੇ ਬੱਚਿਆਂ ਦੇ ਲਈ ਤੇ ਆਪਣੇ ਫਰਜ਼ਾਂ ਦੇ ਪ੍ਰਤੀ, ਕਾਸ਼..!ਮੈਂ ਰੋਮੀ ਤੋਂ ਵੱਖ ਹੋਣ ਦਾ ਫ਼ੈਸਲਾ ਪਹਿਲਾ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਜਾਂ ਇਹ ਸਥਿਤੀ ਨਾ ਮੇਰੇ ਸਾਹਮਣੇ ਪੈਂਦਾ ਹੁੰਦੀ।

ਪਰ ਬਹੁਤ ਸਾਰੀਆਂ ਗੱਲਾਂ ਆਪਣੇ ਵੀ ਵਸ ਵਿੱਚ ਨਹੀਂ ਹੁੰਦੀਆਂ। ਅੱਜ ਰੋਮੀ ਮੇਰੇ ਕੋਲ ਹੋਕੇ ਵੀ ਮੇਰੇ ਕੋਲ ਨਹੀਂ ਸੀ ਪਰ ਸੁੱਖ ਦਾ ਦੂਰ ਹੋਣਾ ਵੀ ਮੈਂ ਕੋਲ ਮਹਿਸੂਸ ਕਰ ਰਹੀ ਸੀ। ਇਹ ਮੇਰਾ ਅੱਜ ਪਿਆਰ ਸੀ, ਸੁੱਖ ਪ੍ਰਤੀ ਜਾਂ ਕੋਈ ਹੋਰ ਖਿੱਚ ਪਰ ਜੋ ਵੀ ਹੋਵੇ। ਅੱਜ ਸੁੱਖ ਦੀ ਮੈਂ ਲੋੜ ਮਹਿਸੂਸ ਕਰ ਰਹੀ ਸੀ। ਮੈਨੂੰ ਇੰਝ ਕਿਉਂ ਲੱਗ ਰਿਹਾ ਸੀ ਕੀ ਇਕ ਸੁਖ ਹੀ ਸੀ, ਜਿਸ ਦੇ ਨਾਲ ਮੈਂ ਖੁਸ਼ ਰਹਿ ਸਕਦੀ ਸੀ। ਉਹ ਮੈਨੂੰ ਸਮਝਣ ਵਾਲਾ ਸੀ, ਮੈਨੂੰ ਜਾਨਣ ਵਾਲਾ ਸੀ।

ਬੇਸ਼ੱਕ ਮੇਰੇ ਮਾਪਿਆਂ ਨੇ ਇੱਕ ਚੰਗੇ ਮਾਪਿਆਂ ਦੀ ਤਰ੍ਹਾਂ ਮੇਰਾ ਰਿਸ਼ਤਾ ਆਸਟਰੇਲੀਆ ਕਰ ਦਿੱਤਾ, ਉਦੋਂ ਮੈਂਨੂੰ ਵੀ ਬਹੁਤ ਖੁਸ਼ੀ ਹੋਈ ਕੀ ਮੈਂ ਵੀ ਹੋਰਨਾਂ ਕੁੜੀਆਂ ਦੀ ਤਰ੍ਹਾਂ ਬਾਹਰਲੇ ਮੁਲਕ ਜਾਵਾਂਗੀ, ਉਦੋਂ ਮੈਨੂੰ ਪੰਜਾਬ ਬੈਠੀ ਨੂੰ ਇੱਧਰ ਦੀ ਲਾਈਫ਼ ਵਧੀਆ ਲੱਗ ਰਹੀ ਸੀ, ਪਰ ਅੱਜ ਮੈਂ ਇਸ ਝੂਠੀ ਜੇਹੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ। ਹੁਣ ਮੈਂ ਜ਼ਿੰਦਗੀ ਜਿਉਣ ਦੀ ਥਾਵੇਂ ਸਿਰਫ਼ ਤੇ ਸਿਰਫ਼ ਜ਼ਿੰਦਗੀ ਬਿਤਾ ਰਹੀ ਹਾਂ, ਪਰ ਮੇਰੀ ਨਜ਼ਰ ਵਿਚ ਜ਼ਿੰਦਗੀ ਜਿਉਣੀ ਤੇ ਬਿਤਾਉਣੀ ਦੋਹਾਂ ਵਿਚ ਬਹੁਤ ਫ਼ਰਕ ਹੈ।

ਜਦੋਂ ਮੈਂ ਜ਼ਿੰਦਗੀ ਜਿਉਂਦੀ ਸੀ ਤਾਂ ਉਸ ਵਿਚ ਮੇਰੀ ਅਪਣੀ ਖੁਸ਼ੀ ਤੇ ਆਪਣੀ ਮਰਜ਼ੀ ਹੁੰਦੀ ਸੀ ਪਰ ਅੱਜ ਮੈਂ ਜ਼ਿੰਦਗੀ ਬਿਤਾ ਰਹੀ ਹਾਂ, ਜਿਸ ਵਿਚ ਕਦੇ ਕਦੇ ਇਉ ਲੱਗਦਾ ਹੈ ਕਿ ਮੇਰਾ ਜਿਵੇਂ ਕੋਈ ਵਜ਼ੂਦ ਹੀ ਨਾ ਹੋਵੇ। ਹਰ ਸਮੇਂ ਕੰਮ ਹੀ ਕੰਮ, ਇਸ ਜ਼ਿੰਦਗੀ ਦੀ ਭੱਜ ਦੌੜ ਵਿਚ ਅਸਲੀਅਤ ਵਿੱਚ ਮੈਂ ਆਪਣੀ ਅਸਲ ਜ਼ਿੰਦਗੀ ਜਿਉਣਾ ਹੀ ਭੁੱਲ ਗਈ ਹਾਂ।ਮੈਨੂੰ ਕਿਉਂ ਲੱਗਦਾ ਹੈ ਕਿ ਇਹ ਜ਼ਿੰਦਗੀ ਮੇਰੀ ਜ਼ਿੰਦਗੀ ਨਹੀਂ ਰਹੀ।

ਖ਼ੈਰ ਇਸ ਪਾਗਲ ਮਨ ਦੇ ਗਵਾਰ ਜਦੋਂ ਜਦੋਂ ਉੱਠਦੇ ਹਨ ਤਾਂ ਮੈਂਨੂੰ ਬਹੁਤ ਹੀ ਪ੍ਰੇਸ਼ਾਨ ਕਰਦੇ ਹਨ,ਇਸ ਪਾਗਲ ਦਿਲ ਦੇ ਆਖੇ ਲੱਗ ਕੇ ਮੈਂ ਆਪਣੀ ਜ਼ਿੰਦਗੀ ਨੂੰ ਤੱਕੜੀ ਦੇ ਇਕ ਤਰਾਜੂ ਵਿਚ ਰੱਖ ਲੈਂਦੀ ਹਾਂ,ਜਿਸ ਦੇ ਨਾਲ ਮੈਂ ਬਹੁਤ ਨਾਪ ਤੋਲ ਕਰਦੀ ਰਹਿੰਦੀ ਹਾਂ, ਪਰ ਇਕ ਸਬਕ ਮੇਰੇ ਲਈ ਇਹ ਵੀ ਹੈ, ਕੀ ਕਈ ਵਾਰ ਅਸੀਂ ਚੰਗੇ ਦੀ ਉਮੀਦ ਕਰਦੇ ਕਰਦੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਹਸੀਨ ਪਲਾਂ ਨੂੰ, ਅਸੀਂ ਜੋ ਪਲ ਵੇਖੇਂ ਨਹੀਂ ਹੁੰਦੇ ,ਅਸੀਂ ਉਨ੍ਹਾਂ ਪਲਾਂ ਦੀ ਜਾਂ ਉਨ੍ਹਾਂ ਖੁਸ਼ੀਆਂ ਦੀ ਬਲ਼ੀ ਦੇ ਦਿੰਦੇ ਹਾਂ!

ਇਕ ਗੱਲ ਹੋਰ ਕਹਾਗੀ ਕੀ ਜ਼ਿੰਦਗੀ ਬਿਤਾਉਣਾ ਨਹੀਂ ਸਗੋਂ ਜ਼ਿੰਦਗੀ ਨੂੰ ਜਿਉਣਾ ਸਿੱਖੋ, ਜ਼ਿੰਦਗੀ ਉਦੋਂ ਹੋਰ ਵੀ ਹਸੀਨ ਤੇ ਖੁਸ਼ਹਾਲ ਹੋਵੇਂਗੀ, ਜਦੋਂ ਜ਼ਿੰਦਗੀ ਵਿਚ ਤੁਹਾਡਾ ਆਪਣਾ ਕੋਈ ਵਜ਼ੂਦ ਹੋਵੇਗਾ, ਬਿਨਾਂ ਵਜ਼ੂਦ ਜ਼ਿੰਦਗੀ ਅਸਲ ਜ਼ਿੰਦਗੀ ਨਹੀਂ ਹੁੰਦੀ।


author

rajwinder kaur

Content Editor

Related News