ਸ਼ੀਸ਼ਾ ਤਾਂ ਬਾਹਰਲੀ ਸੁੰਦਰਤਾ ਵਿਖਾ ਸਕਦੈ, ਅੰਦਰਲੀ ਖ਼ੂਬਸੂਰਤੀ ਵਿਖਾਉਣੀ ਤਾਂ ਆਪਣੇ ਹੱਥ ’ਚ ਹੈ...

Thursday, May 28, 2020 - 11:00 AM (IST)

ਸ਼ੀਸ਼ਾ ਤਾਂ ਬਾਹਰਲੀ ਸੁੰਦਰਤਾ ਵਿਖਾ ਸਕਦੈ, ਅੰਦਰਲੀ ਖ਼ੂਬਸੂਰਤੀ ਵਿਖਾਉਣੀ ਤਾਂ ਆਪਣੇ ਹੱਥ ’ਚ ਹੈ...

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ 98550 36444 

ਸੁੰਦਰਤਾ ਹੋਏ ਜਾਂ ਖ਼ੂਬਸੂਰਤੀ ਕਹਿਣ ਦੇ ਲਈ ਬੇਸ਼ੱਕ ਵੱਖ-ਵੱਖ ਸ਼ਬਦ ਹਨ। ਸੋਚਣ ਅਤੇ ਸਮਝਣ ਲਈ ਬਹੁਤ ਦੇ ਵਿਚਾਰ ਇੱਕੋ ਜਿਹੇ ਵੀ ਹੋ ਸਕਦੇ ਹਨ ਪਰ ਮੇਰੇ ਨਹੀਂ, ਪਰ ਦੋਹਾਂ ਦਾ ਮਨੁੱਖ ਨਾਲ ਬਹੁਤ ਹੀ ਗੂੜ੍ਹਾ ਸਬੰਧ ਹੈ। ਜੇਕਰ ਮੈਂ ਆਪਣੇ ਹੀ ਸ਼ਬਦਾਂ ਵਿੱਚ ਇਨ੍ਹਾਂ ਸ਼ਬਦਾਂ ਦੀ ਮਹੱਤਤਾ ਬਿਆਨ ਕਰਾਂ ਤਾਂ, ਮੇਰੇ ਨਜ਼ਰੀਏ ਨਾਲ ਬਹੁਤ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਬਹੁਤੀ ਬੜੀ ਗੱਲ ਨਹੀਂ ਹੈ। ਕਾਰਨ ਨਾ ਪੱਖੀ ਵਾਲਿਆਂ ਲਈ, ਜੋ ਲੋਕ ਨਾ ਪੱਖੀ ਹੁੰਦੇ ਹਨ। ਜ਼ਿਆਦਾਤਰ ਉਹ ਕਿਸੇ ਦੀ ਗੱਲ ਸੁਣਨਾ ਪਸੰਦ ਵੀ ਨਹੀਂ ਕਰਦੇ, ਮੰਨਣਾ ਤਾਂ ਦੂਰ ਦੀ ਗੱਲ ਹੈ, ਕਦੇ ਵੀ ਜ਼ਿੰਦਗੀ ਵਿੱਚ ਅੱਗੇ ਵੱਧਣ ਲੱਗੇ ਇਹ ਨਾ ਸੋਚੋਂ ਸਮਝੋ ਕੀ ਲੋਕ ਕੀ ਕਹਿਣਗੇ, ਕਿਉਂਕਿ ਹਰੇਕ ਪਾਠਕ ਪ੍ਰਸੰਸਕ ਨਹੀਂ ਹੁੰਦਾ। 

ਹਾਂ ਅਸੀਂ ਗੱਲ ਕਰ ਰਹੇ ਸੀ, ਸੁੰਦਰਤਾ ਤੇ ਖ਼ੂਬਸੂਰਤੀ ਦੀ। ਪਿਆਰੇ ਦੋਸਤੋਂ ਜੇ ਅਸੀਂ ਗੱਲ ਸੁੰਦਰਤਾ ਦੀ ਕਰੀਏ ਤਾਂ ਉਹ ਸੁੰਦਰਤਾ ਸਾਡੇ ਮੂੰਹ ਦੀ ਹੋ ਸਕਦੀ ਹੈ, ਸਾਡੇ ਸਰੀਰ ਦੀ ਹੋ ਸਕਦੀ ਹੈ। ਖ਼ੂਬਸੂਰਤੀ ਸਾਡੇ ਅੰਦਰ ਮਨ ਦੀ ਹੋ ਸਕਦੀ ਹੈ, ਸਾਡੀ ਅੰਦਰ ਆਤਮਾ ਦੀ ਹੋ ਸਕਦੀ। ਖ਼ੂਬਸੂਰਤੀ ਆਪਣੀ ਗੱਲ ਕਹਿਣ ਅਤੇ ਮੰਨਵਾਉਣ ਵਿੱਚ ਹੋ ਸਕਦੀ ਹੈ, ਸੁੰਦਰਤਾ ਦਾ ਇੱਕ ਦਾਇਰਾ ਹੋ ਸਕਦਾ ਹੈ। ਸੁੰਦਰਤਾ ਦਾ ਇੱਕ ਮੀਟਰ ਹੋ ਸਕਦਾ ਹੈ, ਸੁੰਦਰਤਾ ਦਾ ਇੱਕ ਸਮਾਂ, ਵਖ਼ਤ ਹੋ ਸਕਦਾ ਹੈ ਪਰ ਜੋ ਖ਼ੂਬਸੂਰਤੀ ਹੈ, ਉਹ ਇਨ੍ਹਾਂ ਸਭ ਤੋਂ ਮੁਕਤ ਹੈ। ਖ਼ੂਬਸੂਰਤੀ ਦਾ ਕੋਈ ਅੰਤ ਨਹੀਂ, ਖ਼ੂਬਸੂਰਤੀ ਦਾ ਕੋਈ ਠਹਿਰਾਉ ਨਹੀਂ ਹੈ। 

ਖ਼ੂਬਸੂਰਤੀ ਆਪਣੇ ਆਪ ਵਿੱਚ ਇੱਕ ਹਵਾ ਹੈ, ਖ਼ੂਬਸੂਰਤੀ ਆਪਣੇ ਆਪ ਵਿੱਚ ਇੱਕ ਵਿਸ਼ਾਲ ਅਨੁਭਵ ਦਾ ਸਮੰਦਰ ਹੈ। ਬਹੁਤੇ ਲੋਕਾਂ ਨੂੰ ਬਾਹਰਲੀ ਸੁੰਦਰਤਾ ਲੁਭਾਉਂਦੀ ਹੈ ਤੇ ਬਾਅਦ ਵਿੱਚ ਇਹ ਹੀ ਸੁੰਦਰਤਾ ਦੋਹਾਂ ਲਈ ਸਰਾਪ ਵੀ ਬਣ ਜਾਂਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਦੀ ਜੇਕਰ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਬਾਹਰਲੀ ਸੁੰਦਰਤਾ ਦੇ ਦੀਵਾਨੇ ਹੁੰਦੇ ਹਨ। ਦੋਸਤੋਂ ਬਾਹਰਲੀ ਸੁੰਦਰਤਾ ਹਰੇਕ ਵਿਅਕਤੀ ਵੇਖ ਲੈਂਦਾ ਹੈ, ਜੇਕਰ ਤੁਸੀਂ ਸੁੰਦਰਤਾ ਤੇ ਖ਼ੂਬਸੂਰਤੀ ਦੀ ਐਨੇ ਦੀਵਾਨੇ ਹੋ ਜਾਂ ਇਨ੍ਹਾਂ ਦੋਹਾਂ ਦਾ ਤੁਹਾਡੇ ਤੇ ਪਾਗਲਪਨ ਸਵਾਰ ਹੈ ਤਾਂ ਤੁਸੀਂ ਗਲਤ ਹੋ ! ਕਿਉਂਕਿ ਬਾਹਰਲੀ ਖ਼ੂਬਸੂਰਤੀ ਤੇ ਸੁੰਦਰਤਾ ਸਾਡੇ ਜੀਵਨ ਵਿੱਚ ਕੋਈ ਬਹੁਤਾ ਲੰਮੇਰਾ ਸਮਾਂ ਨਹੀਂ ਚੱਲਦੀਆਂ ਤੇ ਨਾ ਹੀ ਇਨ੍ਹਾਂ ਦਾ ਕੋਈ ਠਹਿਰਾਉ ਹੁੰਦਾ ਹੈ।

ਜੇਕਰ ਤੁਸੀਂ ਕਦਰਦਾਨ ਹੀ ਬਣਨਾ ਚਾਹੁੰਦੇ ਹੋ ਤਾਂ ਅੰਦਰੂਨੀ ਸੁੰਦਰਤਾ ਤੇ ਕਦਰਦਾਨ ਬਣੋ। ਜੇ ਪਾਗਲਪਨ ਹੈ ਤਾਂ ਅੰਦਰਲੀ ਸੁੰਦਰਤਾ ਦਾ ਹੋਣਾ ਚਾਹੀਦਾ ਹੈ, ਜੋ ਅੰਦਰਲੀ ਸੁੰਦਰਤਾ ਹੈ। ਇਹ ਵੀ ਹਰੇਕ ਵਿਅਕਤੀ ਵਿੱਚ ਨਹੀਂ ਹੁੰਦੀ, ਹਰੇਕ ਵਿਅਕਤੀ ਵੀ ਅੰਦਰਲੀ ਸੁੰਦਰਤਾ ਤੇ ਖ਼ੂਬਸੂਰਤੀ ਦਾ ਮਾਲਿਕ ਨਹੀਂ ਹੁੰਦਾ। ਇਹ ਖ਼ੂਬਸੂਰਤੀ ਸਾਡੇ ਅੰਦਰ ਮਿੱਠੜਾ ਬੋਲਣ ਤੇ ਮਿੱਠੜਾ ਸੁਣਨ ਕਰਕੇ ਹੀ ਆਉਂਦੀ ਹੈ। ਦੂਸਰੇ ਦੀਆਂ ਖੁਸ਼ੀਆਂ ਵਿੱਚ ਖੁਸ਼ ਹੋ ਕੇ ਆਉਂਦੀ ਹੈ, ਦੂਸਰੇ ਦੇ ਦੁੱਖ-ਸੁੱਖ ਦੇ ਸਾਥੀ ਬਣਕੇ ਆਉਂਦੀ ਹੈ।

ਹਲੀਮੀ ਅਤੇ ਨਿਰਮਤਾ ਉਹ ਖਾਮੋਸ਼ ਦੋ ਆਦਤਾਂ ਹਨ, ਜੋ ਬੋਲਦੀਆਂ ਨਹੀਂ ਪਰ ਬੋਲਣ ਵਾਲੇ ਨੂੰ ਤੁਹਾਡੇ ਅੱਗੇ ਝੁੱਕਣ ਅਤੇ ਚੁੱਪ ਕਰਵਾਉਣ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਜੇ ਕੋਈ ਪੁੱਛੇ ਕੀ ਦੁਨੀਆਂ ਦਾ ਖ਼ੂਬਸੂਰਤ ਇਨਸਾਨ ਕੌਣ ਹੈ, ਤਾਂ ਮੇਰਾ ਜਵਾਬ ਹੋਵੇਗੇ, ਦੁਨੀਆਂ ਦਾ ਖ਼ੂਬਸੂਰਤ ਇਨਸਾਨ ਉਹ ਹੈ ਜੋ ਦੂਸਰਿਆਂ ਨੂੰ ਆਪਣਾ ਕ਼ੀਮਤੀ ਸਮਾਂ ਦੇਕੇ ਉਨ੍ਹਾਂ ਦੇ ਹਰੇਕ ਪਲ ਵਿੱਚ ਔਖੇ ਸੌਖੇ ਨਾਲ ਖੜਦਾ ਹੈ। ਕਿਉਂਕਿ ਸਮਾਂ ਹਰ ਕੋਈ ਮੰਗਦਾ ਹੈ ਪਰ ਸਮਾਂ ਆਪਣਾ ਦਿੰਦਾ ਕੋਈ ਕੋਈ ਹੈ।

ਇਸ ਲਈ ਬਾਹਰਲੀ ਖ਼ੂਬਸੂਰਤੀ ’ਤੇ ਕਦੇ ਵੀ ਮਾਣ ਨਾ ਕਰੋ ਅਤੇ ਅੰਦਰਲੀ ਖ਼ੂਬਸੂਰਤੀ ਤੇ ਸੁੰਦਰਤਾ ਨਾਲ ਕੋਈ ਸਮਝੌਤਾ ਨਾ ਕਰੋ। ਤੁਸੀਂ ਉਹ ਬਣੋ ਜੋ ਤੁਹਾਡੇ ਅੰਦਰ ਹੈ, ਨਾ ਕੀ ਤੁਸੀਂ ਉਹ ਵਿਖਾਉ, ਜੋ ਤੁਸੀਂ ਹੋ ਹੀ ਨਹੀਂ। ਅਸਲੀਅਤ ਵਿੱਚ ਅਸੀਂ ਬਾਹਰਲੀ ਸੁੰਦਰਤਾ ਨਾਲ ਨਹੀਂ ਜਾਣੇ ਜਾਂਦੇ ਅਸੀਂ ਤਾਂ ਅੰਦਰਲੇ ਸੁਹੱਪਣ ਤੇ ਸੋਹਣੇਪਣ ਨਾਲ ਜਾਣੇ ਜਾਂਦੇ ਹਾਂ, ਤਾਂ ਆਉ ਅਸੀਂ ਬਾਹਰਲੀ ਖ਼ੂਬਸੂਰਤੀ ਨਾਲੋਂ ਅੰਦਰੋਂ ਖ਼ੂਬਸੂਰਤ ਬਣੀਏ।

 


author

rajwinder kaur

Content Editor

Related News