‘ਗਲਤਫਹਿਮੀ’ ਦੀ ਭੇਟ ਨਾ ਚੜ੍ਹਨ ਦਿਓ ਆਪਣਾ ‘ਅਨਮੋਲ ਰਿਸ਼ਤਾ’
Friday, Jul 19, 2024 - 03:49 PM (IST)
ਕਿਸ਼ੇ ਵੀ ਰਿਸ਼ਤੇ ਨੂੰ ਸਫਲ ਬਣਾਉਣ ਲਈ ਉਸ ’ਚ ਪਿਆਰ ਨਾਲ ਸਮਝਦਾਰੀ ਹੋਣੀ ਬਹੁਤ ਜ਼ਰੂਰੀ ਹੈ। ਆਪਸੀ ਤਾਲਮੇਲ ਨਾਲ ਹੀ ਰਿਸ਼ਤਿਆਂ ਨੂੰ ਚਲਾਇਆ ਅਤੇ ਨਿਭਾਇਆ ਜਾ ਸਕਦਾ ਹੈ। ਆਪਸੀ ਰਿਸ਼ਤਿਆਂ ’ਚ ਨੋਕ-ਝੋਕ ਹੋਣਾ ਆਮ ਗੱਲ ਹੈ ਪਰ ਜੇਕਰ ਇਹੀ ਨੋਕ-ਝੋਕ ਲੜਾਈ-ਝਗੜੇ ’ਚ ਬਦਲ ਜਾਏ ਤਾਂ ਫਿਰ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਜਾਂਦੀ ਹੈ, ਜਿਸ ਦੇ ਕਾਰਨ ਰਿਸ਼ਤਿਆਂ ’ਚ ਕਮਜ਼ੋਰੀ ਅਤੇ ਤਰੇੜਾਂ ਆਉਣੀਆਂ ਸ਼ੁਰੂ ਹੁੰਦੀਆਂ ਹਨ।
ਰਿਸ਼ਤਿਆਂ ’ਚ ਕਮਜ਼ੋਰੀ ਅਤੇ ਤਰੇੜਾਂ ਆਉਣ ਦਾ ਕਾਰਨ ਗਲਤਫਹਿਮੀ ਵੀ ਹੁੰਦੀ ਹੈ, ਜਿਸ ਦੇ ਵਧਣ ਨਾਲ ਵੀ ਤਰੇੜ ਪੈਦਾ ਹੁੰਦੀ ਹੈ। ਅਜਿਹੇ ’ਚ ਜ਼ਰੂਰੀ ਹੈ, ਸਮਾਂ ਰਹਿੰਦੇ ਰਿਸ਼ਤਿਆਂ ਵਿਚ ਆਈ ਗਲਤਫਹਿਮੀ ਨੂੰ ਦੂਰ ਕੀਤਾ ਜਾਏ ਅਤੇ ਆਪਣੇ ਰਿਸ਼ਤੇ ਨੂੰ ਵਿਗੜਣ ਤੋਂ ਬਚਾਇਆ ਜਾਏ। ਦੱਸਣ ਜਾ ਰਹੇ ਹਾਂ ਕਿਵੇਂ ਇਸ ਸਥਿਤੀ ਨੂੰ ਸੰਭਾਲਿਆ ਜਾਏ, ਤਾਂਕਿ ਤੁਹਾਡੇ ਰਿਸ਼ਤਿਆਂ ’ਚ ਮਿਠਾਸ ਬਣੀ ਰਹੇ।
ਪਿਆਰ ’ਚ ਗਲਤਫਹਿਮੀ ਕਦੋਂ ਵਧਦੀ ਹੈ, ਇਹ ਜਾਣਨਾ ਹੈ ਜ਼ਰੂਰੀ
ਰਿਸ਼ਤੇ ’ਚ ਕਿਸੇ ਪ੍ਰੇਸ਼ਾਨੀ ਦਾ ਹੱਲ ਗੱਲਬਾਤ ਕਰ ਕੇ ਹੀ ਕੱਢਿਆ ਜਾ ਸਕਦਾ ਹੈ, ਮੁਸ਼ਕਿਲ ਉਦੋਂ ਹੋ ਸਕਦੀ ਹੈ, ਜਦੋਂ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਨਾ ਬੰਦ ਕਰ ਦਿੰਦੇ ਹੋ ਅਤੇ ਉਸ ਵਿਸ਼ੇ ਨੂੰ ਅਣਡਿੱਠ ਕਰਨਾ ਸ਼ੁਰੂ ਕਰ ਦਿੰਦੇ ਹੋ, ਜਿਸ ਦੇ ਚਲਦੇ ਗਲਤਫਹਿਮੀ ਪੈਦਾ ਹੋਈ ਹੈ।
ਅਜਿਹੇ ’ਚ ਇਸ ਨੂੰ ਨਜ਼ਰਅੰਦਾਜ ਕਰਨ ਦੀ ਥਾਂ ’ਤੇ ਆਪਣੇ ਸਾਥੀ ਨਾਲ ਉਸ ਵਿਸ਼ੇ ’ਤੇ ਖੁੱਲ੍ਹ ਕੇ ਗੱਲਬਾਤ ਕਰੋ ਅਤੇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ।
ਖੁਦ ਦੇ ਅੰਦਰ ਆ ਰਹੀ ਨੈਗੇਟਿਵਿਟੀ ਨੂੰ ਖਤਮ ਕਰੋ, ਕਿਉਂਕਿ ਜਦੋਂ ਤਕ ਇਹ ਤੁਹਾਡੇ ਮਨ ’ਚ ਰਹੇਗੇ, ਤੁਸੀਂ ਇਸ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੇ। ਰਿਸ਼ਤਿਆਂ ਦੀ ਮਜ਼ਬੂਤੀ ਅਤੇ ਖੂਬਸੂਰਤੀ ਲਈ ਜ਼ਰੂਰੀ ਹੈ, ਆਪਣੇ ਮਨ ’ਚ ਗਲਤਫਹਿਮੀ ਪੈਦਾ ਹੀ ਨਾ ਹੋਣ ਦਿਓ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਪ੍ਰਭਾਵ ਤੋਂ ਖੁੱਲ੍ਹ ਕੇ ਬੋਲੋ।
ਸੁਭਾਅ ਨੂੰ ਸਮਝੋ
ਹੋ ਸਕਦਾ ਹੈ ਕਿ ਤੁਹਾਡਾ ਸਾਥੀ ਗੁੱਸੇ ਵਾਲਾ ਹੋਵੇ ਪਰ ਗੁੱਸੇ ’ਚ ਗੱਲ ਕਰਨ ਨਾਲ ਗੱਲ ਬਣਨ ਦੀ ਬਜਾਏ ਵਿਗੜ ਜਾਂਦੀ ਹੈ, ਇਸ ਲਈ ਝਗੜਾ ਹੋਣ ’ਤੇ ਇਕ-ਦੂਜੇ ਨੂੰ ਸਪੇਸ ਦਿਓ। ਆਪਣੇ ਸਾਥੀ ਦੇ ਗੁੱਸੇ ਨੂੰ ਕਿਵੇਂ ਸ਼ਾਂਤ ਕੀਤਾ ਜਾਏ, ਇਸ ਗੱਲ ’ਤੇ ਵੀ ਧਿਆਨ ਦਿਓ। ਤੁਸੀਂ ਆਪਣੀ ਹਾਂ-ਪੱਖੀ ਸੋਚ ਨਾਲ ਰਿਸ਼ਤੇ ’ਚ ਆਈਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸੁਲਝਾ ਸਕਦੇ ਹੋ।
ਇਕ-ਦੂਜੇ ’ਤੇ ਵਿਸ਼ਵਾਸ ਕਰੋ
ਰਿਸ਼ਤਿਆਂ ’ਚ ਪਿਆਰ ਹੋਣ ਨਾਲ ਵਿਸ਼ਵਾਸ ਹੋਣਾ ਵੀ ਜ਼ਰੂਰੀ ਹੈ। ਵਿਸ਼ਵਾਸ ਨਾ ਹੋਣ ’ਤੇ ਰਿਲੇਸ਼ਨ ’ਚ ਲਗਾਤਾਰ ਗਲਤਫਹਿਮੀਆਂ ਵਧਦੀਆਂ ਰਹਿੰਦੀਆਂ ਹਨ। ਅਜਿਹੇ ’ਚ ਰਿਸ਼ਤੇ ਨੂੰ ਸਹੀ ਰੱਖਣਾ ਮੁਸ਼ਕਲ ਹੋ ਜਾਂਦਾ ਹੈ।
ਕਈ ਵਾਰ ਰਿਸ਼ਤੇ ’ਚ ਝੂਠ ਬੋਲਿਆ ਜਾਣ ਲੱਗਦਾ ਹੈ, ਜਿਸ ਨਾਲ ਸਥਿਤੀ ਹੋਰ ਖਰਾਬ ਹੋ ਜਾਂਦੀ ਹੈ। ਅਜਿਹੇ ’ਚ ਝੂਠ ਬੋਲਣ ਤੋਂ ਬਚੋ। ਜੇਕਰ ਕੋਈ ਗੱਲ ਪ੍ਰੇਸ਼ਾਨ ਵੀ ਕਰ ਰਹੀ ਹੈ ਤਾਂ ਬੇਝਿਜਕ ਪਾਰਟਨਰ ਨੂੰ ਦੱਸੋ। ਇਸ ਨਾਲ ਤੁਹਾਡੀ ਪ੍ਰੇਸ਼ਾਨੀ ਦਾ ਹੱਲ ਤਾਂ ਮਿਲੇਗਾ ਹੀ, ਨਾਲ ਹੀ ਤੁਹਾਡਾ ਇਕ-ਦੂਜੇ ’ਤੇ ਵਿਸ਼ਵਾਸ ਵੀ ਵਧੇਗਾ।
ਸਮਾਂ ਦਿਓ
ਰਿਸ਼ਤੇ ’ਚ ਇਕ-ਦੂਜੇ ਨੂੰ ਸਮਾਂ ਦੇਣਾ ਸਭ ਤੋਂ ਅਹਿਮ ਹੁੰਦਾ ਹੈ। ਰਿਸ਼ਤਾ ਉਹੀ ਚੰਗਾ ਮੰਨਿਆ ਜਾਂਦਾ ਹੈ, ਜਿਥੇ ਤੁਸੀਂ ਇਕ-ਦੂਜੇ ਨੂੰ ਬਿਹਤਰ ਢੰਗ ਨਾਲ ਸਮਝਦੇ ਹੋ।
ਮਿਲਣਾ ਸੰਭਵ ਨਾ ਹੋਵੇ, ਤਾਂ ਕੋਸ਼ਿਸ਼ ਕਰੋ ਇਕ-ਦੂਜੇ ਨਾਲ ਫੋਨ ’ਤੇ ਗੱਲ ਕਰਦੇ ਰਹੋ। ਚੈਟ, ਮੈਸੇਜ ਅਤੇ ਵੀਡੀਓ ਕਾਲ ਰਾਹੀਂ ਇਕ-ਦੂਜੇ ਦੇ ਸੰਪਰਕ ’ਚ ਬਣੇ ਰਹੋ। ਨਾਲ ਹੀ ਰਿਸ਼ਤੇ ਦੀਆਂ ਅਹਿਮ ਤਰੀਕਾਂ ਨੂੰ ਨਾ ਭੁੱਲੋ, ਉਨ੍ਹਾਂ ਨੂੰ ਸੈਲੀਬ੍ਰੇਟ ਜ਼ਰੂਰ ਕਰੋ। ਇਸ ਨਾਲ ਰਿਸ਼ਤਿਆਂ ’ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ।
ਭਾਵਨਾਵਾਂ ਨੂੰ ਸਮਝੋ
ਹਮੇਸ਼ਾ ਲੋਕ ਰਿਸ਼ਤੇ ’ਚ ਆਈਆਂ ਗਲਤਫਹਿਮੀਆਂ ਕਾਰਨ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਬੰਦ ਕਰ ਦਿੰਦੇ ਹਨ। ਉਹ ਆਪਣੇ ਗੁੱਸੇ ਅਤੇ ਹੰਕਾਰ ਕਾਰਨ ਸਾਥੀ ਨੂੰ ਦੁੱਖ ਪਹੁੰਚਾਉਂਦੇ ਰਹਿੰਦੇ ਹਨ ਅਤੇ ਅਜਿਹੇ ’ਚ ਰਿਸ਼ਤੇ ’ਚ ਤਰੇੜ ਆ ਜਾਂਦੀ ਹੈ। ਇਸ ਨਾਲ ਤੁਸੀਂ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣਾ ਸ਼ੁਰੂ ਕਰੋ ਤਾਂ ਇਕ ਸਮੇਂ ’ਤੇ ਉਹ ਵੀ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਨ ਲੱਗੇਗਾ।
ਹੰਕਾਰ ਤੋਂ ਦੂਰੋ ਰਹੋ
ਹੰਕਾਰ ਰਿਸ਼ਤਿਆਂ ਨੂੰ ਵਿਗਾੜ ਦਿੰਦਾ ਹੈ, ਇਕ ਬਿਹਤਰ ਰਿਸ਼ਤੇ ਨੂੰ ਬਣਾਏ ਰੱਖਣ ਲਈ ਹੰਕਾਰ ਨੂੰ ਖੁਦ ਤੋਂ ਦੂਰ ਰੱਖੋ। ਮੈਂ ਹੀ ਪਹਿਲਾਂ ਕਿਉਂ ਗੱਲ ਕਰਾਂ? ਮੈਂ ਹੀ ਕਿਉਂ ਹਮੇਸ਼ਾ ਰਿਸ਼ਤੇ ਲਈ ਸੋਚਾਂ? ਇਸ ਤਰ੍ਹਾਂ ਦੀਆਂ ਗੱਲਾਂ ਨੂੰ ਆਪਣੇ ਅੰਦਰ ਤੋਂ ਕੱਢ ਕੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋ। ਹਮੇਸ਼ਾ ਰਿਸ਼ਤਿਆਂ ’ਚ ਮੈਂ ਨਹੀਂ, ਸਾਡਾ ਹੋਣਾ ਅਹਿਮ ਰੱਖਦਾ ਹੈ। ਇਸ ਲਈ ਹਮੇਸ਼ਾ ਕੌਣ ਪਹਿਲ ਕਰ ਰਿਹਾ ਹੈ, ਇਹ ਮਾਇਨੇ ਨਹੀਂ ਰੱਖਦਾ। ਮਾਇਨੇ ਰੱਖਦਾ ਹੈ ਤਾਂ ਸਿਰਫ ਰਿਸ਼ਤਾ।
ਕੰਜੂਸੀ ਨਾ ਕਰੋ
ਕਈ ਵਾਰ ਅਸੀਂ ਰਿਸ਼ਤੇ ਨੂੰ ਹਲਕੇ ’ਚ ਲੈਣ ਲੱਗਦੇ ਹਾਂ। ਇਸ ਨਾਲ ਰਿਸ਼ਤਿਆਂ ’ਚ ਦੂਰੀਆਂ ਵੱਧਣ ਲੱਗਦੀਆਂ ਹਨ। ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਸਾਥੀ ਨੂੰ ਸਰਪ੍ਰਾਈਜ ਦੇ ਕੇ ਵੀ ਆਪਣੇ ਪਿਆਰ ਦਾ ਇਜਹਾਰ ਕਰ ਸਕਦੇ ਹੋ। ਇਸ ਨਾਲ ਰਿਸ਼ਤੇ ’ਚ ਮਜ਼ਬੂਤੀ ਆਏਗੀ, ਨਾਲ ਹੀ ਪਿਆਰ ਅਤੇ ਵਿਸ਼ਵਾਸ ਵੀ ਵਧੇਗਾ।