ਸੁਖਬੀਰ ਨੇ ਦਿੱਤੀ ਚਿਤਾਵਨੀ ਲਾਡੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਨਾ ਕਰਨ

Sunday, May 20, 2018 - 06:04 AM (IST)

ਸੁਖਬੀਰ ਨੇ ਦਿੱਤੀ ਚਿਤਾਵਨੀ ਲਾਡੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਨਾ ਕਰਨ

ਜਲੰਧਰ(ਬਿਊਰੋ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਅਤੇ ਇਸ ਦੇ ਸ਼ਾਹਕੋਟ ਜ਼ਿਮਨੀ ਚੋਣ ਲਈ ਖੜ੍ਹੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਕਾਲੀ ਵਰਕਰਾਂ ਨੂੰ ਧਮਕਾਉਣ ਜਾਂ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਅਜਿਹੀ ਧੱਕੇਸ਼ਾਹੀ ਦਾ ਜੁਆਬ ਦੇਣ ਲਈ ਇੱਕਜੁਟ ਹੋ ਜਾਣ। ਅੱਜ ਇੱਥੇ ਉੁਦੋਵਾਲ, ਰੌਲੀ, ਮਹੇੜੂ, ਪੰਡੋਰੀ ਖਾਸ ਅਤੇ ਔਲਖ ਪਿੰਡਾਂ ਵਿਚ ਭਾਰੀ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਵਰਕਰਾਂ ਨੂੰ ਲਾਡੀ ਦਾ ਸਮਰਥਨ ਕਰਨ ਵਾਸਤੇ ਧਮਕਾਉਣ ਲਈ ਸਿਵਲ ਅਤੇ ਪੁਲਸ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਅਕਾਲੀ ਵਰਕਰਾਂ ਨੂੰ ਇਸ ਧੱਕੇਸ਼ਾਹੀ ਦਾ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨ ਲਈ ਆਖਿਆ। ਇਸ ਦੇ ਨਾਲ ਹੀ ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣ ਜ਼ਾਬਤੇ ਦੀਆਂ ਇਨ੍ਹਾਂ  ਉਲੰਘਣਾਵਾਂ ਦਾ ਨੋਟਿਸ ਲਵੇ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰੇ। ਸਰਦਾਰ ਬਾਦਲ ਨੇ ਲਾਡੀ ਦੇ ਉਸਤਾਦ ਰਾਣਾ ਗੁਰਜੀਤ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਇਲਾਕੇ ਵਿਚ ਬਦਮਾਸ਼ਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਚੋਂ ਕੱਢੇ ਜਾਣ ਮਗਰੋਂ ਰਾਣਾ ਆਪਣੀ ਸਾਰੀ ਸਿਆਸੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਉਹ ਸਮਾਂ ਵੀ ਦੂਰ ਨਹੀਂ, ਜਦੋਂ ਉਸ ਨੂੰ ਲੋਕਾਂ ਵੱਲੋਂ ਪੱਕੇ ਤੌਰ 'ਤੇ ਘਰ ਬਿਠਾ ਦਿੱਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਹਕੋਟ ਵਿਚ ਚੋਣ ਪ੍ਰਚਾਰ ਕਰਨ ਤੋਂ ਇਸ ਲਈ ਭੱਜ ਰਹੇ ਹਨ, ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁਕੰਮਲ ਕਰਜ਼ਾ ਮੁਆਫੀ ਸਕੀਮ ਨੂੰ ਲਾਗੂ ਕਰਨ ਤੋਂ ਮੁੱਕਰ ਚੁੱਕੇ ਹਨ ਅਤੇ ਕਰਜ਼ਾ ਮੁਆਫੀ ਵਾਸਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਹਨ ਜੋ ਕਿ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੁੰ ਪੰਜਾਬ ਵਿਚ ਆ ਕੇ ਪੰਜਾਬੀਆਂ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਆਪਣੇ ਦਸਤਖ਼ਤ ਕੀਤੇ ਹਲਫੀਆ ਬਿਆਨ ਦੇ ਕੇ ਹੁਣ ਕਿਉਂ ਮੁਕੰਮਲ ਕਰਜ਼ਾ ਮੁਆਫ ਕਰਨ ਤੋਂ ਇਨਕਾਰ ਕਰ ਰਹੇ ਹਨ? ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਨੌਜਵਾਨਾਂ ਨੂੰ ਆ ਕੇ ਦੱਸਣ ਕਿ ਉਹ ਘਰ ਘਰ ਨੌਕਰੀ ਦੇ ਵਾਅਦੇ ਤੋਂ ਕਿਉਂ ਮੁੱਕਰ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਨਜੀਤ ਸਿੰਘ ਜੀ. ਕੇ. ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਸੰਬੋਧਨ ਕੀਤਾ। 


Related News