ਨਾੜ/ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਰਚਨਾਤਮਕ ਉਪਾਵਾਂ ਨਾਲ ਅੱਗੇ ਆਉਣ ਸੂਬਾ ਸਰਕਾਰਾਂ
Thursday, May 31, 2018 - 01:46 AM (IST)
ਅਪ੍ਰੈਲ 'ਚ ਕਣਕ ਦੀ ਵਾਢੀ ਤੋਂ ਬਾਅਦ ਨਾੜ ਸਾੜਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ 1000 ਤੋਂ ਵੀ ਜ਼ਿਆਦਾ ਚਲਾਨ ਜਾਰੀ ਕੀਤੇ ਗਏ ਹਨ। ਇਨ੍ਹਾਂ ਦੋਹਾਂ ਸੂਬਿਆਂ ਤੇ ਨਾਲ ਲੱਗਦੇ ਯੂ. ਪੀ. 'ਚ ਲੱਖਾਂ ਏਕੜ ਜ਼ਮੀਨ 'ਤੇ ਕਣਕ ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਤੇ ਸਾਲ 'ਚ ਦੋ ਵਾਰ ਇਨ੍ਹਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਚੌਗਿਰਦੇ ਤੋਂ ਇਲਾਵਾ ਖੇਤਾਂ ਦੀ ਮਿੱਟੀ ਦੀ ਗੁਣਵੱਤਾ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ।
ਅਪ੍ਰੈਲ 'ਚ ਕਣਕ ਦੀ ਵਾਢੀ ਦੇ ਮੁਕਾਬਲੇ ਸਰਦੀਆਂ 'ਚ ਝੋਨਾ ਵੱਢੇ ਜਾਣ ਤੋਂ ਬਾਅਦ ਪਰਾਲੀ ਸਾੜਨ ਵੱਲ ਜ਼ਿਆਦਾ ਧਿਆਨ ਜਾਂਦਾ ਹੈ। ਨਵੰਬਰ-ਦਸੰਬਰ 'ਚ ਝੋਨੇ ਦੀ ਵਾਢੀ ਤੇ ਕਣਕ ਦੀ ਫਸਲ ਬੀਜਣ ਦਰਮਿਆਨ ਲੱਗਭਗ 10 ਦਿਨ ਦਾ ਵਕਫਾ ਹੁੰਦਾ ਹੈ, ਜਦਕਿ ਇਸ ਦੇ ਉਲਟ ਝੋਨਾ ਬੀਜਣ ਤੋਂ ਪਹਿਲਾਂ ਕਿਸਾਨਾਂ ਨੂੰ ਲੱਗਭਗ 2 ਮਹੀਨਿਆਂ ਦਾ ਸਮਾਂ ਮਿਲ ਜਾਂਦਾ ਹੈ, ਇਸ ਲਈ ਅਪ੍ਰੈਲ ਦੇ ਅਖੀਰ ਤਕ ਜ਼ਿਆਦਾਤਰ ਖੇਤਾਂ 'ਚੋਂ ਕਣਕ ਵੱਢ ਲਈ ਜਾਂਦੀ ਹੈ ਤੇ ਕਿਸਾਨਾਂ ਨੂੰ ਕਣਕ ਦਾ ਨਾੜ ਟਿਕਾਣੇ ਲਾਉਣ ਜਾਂ ਸਾੜਨ ਦੀ ਕੋਈ ਖਾਸ ਕਾਹਲੀ ਨਹੀਂ ਹੁੰਦੀ।
ਨਵੰਬਰ-ਦਸੰਬਰ ਦੌਰਾਨ ਸੜਦੇ ਖੇਤਾਂ 'ਚੋਂ ਉੱਠਣ ਵਾਲਾ ਧੂੰਆਂ ਧੁੰਦ ਨਾਲ ਮਿਲ ਕੇ ਧੂੰਏਂ ਵਾਲੇ ਕੋਹਰੇ (ਸਮੌਗ) ਦੀ ਵਜ੍ਹਾ ਬਣਦਾ ਹੈ। ਇਸ ਦੇ ਸਿੱਟੇ ਵਜੋਂ ਹਵਾਈ, ਰੇਲ ਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਸਾਹਮਣੇ ਕੁਝ ਨਜ਼ਰ ਨਹੀਂ ਆਉਂਦਾ। ਮੀਡੀਆ 'ਚ ਇਸ ਨੂੰ ਪ੍ਰਮੁੱਖਤਾ ਨਾਲ ਸਥਾਨ ਦਿੱਤਾ ਜਾਂਦਾ ਹੈ। ਗਰਮੀਆਂ 'ਚ ਗਰਮ ਮੌਸਮ ਤੇ ਹਵਾ ਦੀ ਔਸਤ ਨਾਲੋਂ ਜ਼ਿਆਦਾ ਰਫਤਾਰ ਇਹ ਯਕੀਨੀ ਬਣਾਉਂਦੀ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਅਤੇ ਗੈਸਾਂ ਇਲਾਕੇ ਦੇ ਉੱਪਰ ਇਕੱਠੀਆਂ ਨਾ ਹੋਣ।
ਨਾੜ/ਪਰਾਲੀ ਸਾੜਨ ਦੀ ਸਮੱਸਿਆ ਤੇ ਇਸ ਦੇ ਸਿੱਟੇ ਵਜੋਂ ਚੌਗਿਰਦੇ ਨੂੰ ਹੋਣ ਵਾਲਾ ਨੁਕਸਾਨ ਕੁਝ ਦਹਾਕੇ ਪਹਿਲਾਂ ਕੰਬਾਈਨ ਹਾਰਵੈਸਟਰਸ ਦੀ ਖੋਜ ਤੋਂ ਬਾਅਦ ਸ਼ੁਰੂ ਹੋਇਆ। ਹਾਰਵੈਸਟਰਾਂ ਨੇ ਫਸਲਾਂ ਵੱਢਣ ਲਈ ਇਕ ਸਸਤਾ ਤੇ ਸੌਖਾ ਬਦਲ ਮੁਹੱਈਆ ਕਰਵਾਇਆ। ਇਸ ਦਾ ਦੂਜਾ ਪਹਿਲੂ ਇਹ ਹੈ ਕਿ ਖੇਤ 'ਚ ਪਿੱਛੇ 4 ਤੋਂ 6 ਇੰਚ ਲੰਬੇ ਮੁੱਢ ਰਹਿ ਜਾਂਦੇ ਹਨ ਕਿਉਂਕਿ ਇਹ ਮਸ਼ੀਨਾਂ ਜ਼ਮੀਨ ਦੀ ਸਤ੍ਹਾ 'ਤੇ ਫਸਲ ਪੂਰੀ ਤਰ੍ਹਾਂ ਨਹੀਂ ਵੱਢ ਸਕਦੀਆਂ ਤੇ ਅਗਲੀ ਫਸਲ ਬੀਜਣ ਲਈ ਇਹ ਮੁੱਢ ਰੁਕਾਵਟ ਬਣ ਜਾਂਦੇ ਹਨ।
ਕਿਸਾਨ ਖੇਤਾਂ 'ਚ ਹੱਥਾਂ ਨਾਲ ਫਸਲ ਬੀਜ ਨਹੀਂ ਸਕਦੇ, ਇਸ ਲਈ ਬਦਲ ਇਹ ਹੁੰਦਾ ਹੈ ਕਿ ਜਾਂ ਤਾਂ ਮਜ਼ਦੂਰ ਲਾ ਕੇ ਮੁੱਢਾਂ ਨੂੰ ਵੱਢ ਦਿੱਤਾ ਜਾਵੇ, ਜਿਸ 'ਤੇ ਪ੍ਰਤੀ ਏਕੜ ਲੱਗਭਗ 6 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਅੱਗ ਲਾ ਦਿੱਤੀ ਜਾਵੇ। ਸੁਭਾਵਿਕ ਹੈ ਕਿ ਦੂਜੇ ਬਦਲ ਨੂੰ ਬਿਹਤਰ ਮੰਨਿਆ ਜਾਂਦਾ ਹੈ। ਸਰਕਾਰ ਵਲੋਂ ਜੁਰਮਾਨੇ ਦੀ ਵਿਵਸਥਾ ਕਰਨ ਦੇ ਬਾਵਜੂਦ ਖੇਤਾਂ 'ਚ ਨਾੜ/ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
ਪੱਛਮੀ ਜਗਤ 'ਚ ਵੀ ਕੰਬਾਈਨ ਹਾਰਵੈਸਟਰਸ ਨੂੰ ਅਪਣਾਇਆ ਗਿਆ ਹੈ ਤੇ ਖੇਤਾਂ ਦੇ ਆਕਾਰ ਵੱਡੇ ਹੋਣ ਕਰ ਕੇ ਉਥੋਂ ਦੇ ਲੋਕਾਂ ਨੇ ਇਨ੍ਹਾਂ ਮਸ਼ੀਨਾਂ ਤੋਂ ਬਹੁਤ ਫਾਇਦਾ ਉਠਾਇਆ ਹੈ। ਉਨ੍ਹਾਂ ਨੇ ਇਸ ਤੋਂ ਬਾਅਦ ਟਰਬੋ ਹੈਪੀ ਸੀਡਰ (ਟੀ. ਐੱਚ. ਐੱਸ.) ਮਸ਼ੀਨਾਂ ਨੂੰ ਵੀ ਵਿਕਸਿਤ ਕਰ ਲਿਆ ਹੈ, ਜੋ ਨਾ ਸਿਰਫ ਨਾੜ ਨੂੰ ਵੱਢ ਕੇ ਜੜ੍ਹੋਂ ਉਖਾੜ ਦਿੰਦੀਆਂ ਹਨ ਸਗੋਂ ਅਗਲੀ ਫਸਲ ਦੀ ਬੀਜਾਈ ਵੀ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਮਸ਼ੀਨਾਂ ਨਾੜ ਨੂੰ ਵੱਢ ਕੇ ਉਸ ਦੀ ਵਰਤੋਂ ਖੇਤਾਂ 'ਚ ਨਵੇਂ ਬੀਜੇ ਬੀਜਾਂ ਨੂੰ ਢਕਣ ਲਈ ਕਰਦੀਆਂ ਹਨ।
ਭਾਰਤ 'ਚ ਖੇਤਾਂ ਦਾ ਆਕਾਰ ਛੋਟਾ ਹੈ ਤੇ ਕੁਝ ਅਮੀਰ ਕਿਸਾਨਾਂ ਤੋਂ ਇਲਾਵਾ ਹੋਰ ਕਿਸਾਨ ਕੰਬਾਈਨ ਹਾਰਵੈਸਟਰ ਤੇ ਟੀ. ਐੱਚ. ਐੱਸ. ਮਸ਼ੀਨ ਖਰੀਦਣ ਬਾਰੇ ਸੋਚ ਵੀ ਨਹੀਂ ਸਕਦੇ। ਕਈ ਉੱਦਮੀਆਂ ਨੇ ਕੰਬਾਈਨ ਹਾਰਵੈਸਟਰ ਕਿਰਾਏ 'ਤੇ ਦੇਣ ਜਾਂ ਖੜ੍ਹੀ ਫਸਲ ਨੂੰ ਕੁਝ ਪੈਸੇ ਲੈ ਕੇ ਵੱਢਣ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਨੇ ਟੀ. ਐੱਚ. ਐੱਸ. ਮਸ਼ੀਨਾਂ ਨੂੰ ਇਸ 'ਚ ਸ਼ਾਮਲ ਕਰਨ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਇਥੇ ਸਰਕਾਰ ਆਸਾਨ ਕਰਜ਼ੇ ਮੁਹੱਈਆ ਕਰਵਾ ਕੇ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਨ ਲਈ ਕਿਸਾਨਾਂ/ਉੱਦਮੀਆਂ ਨੂੰ ਉਤਸ਼ਾਹਿਤ ਕਰ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਾਇਓ ਊਰਜਾ 'ਚ ਬਦਲਣ ਲਈ 400 ਪਲਾਂਟ ਲਾਉਣ ਵਾਸਤੇ ਚੇਨਈ ਦੀ ਇਕ ਫਰਮ ਨਾਲ ਪਿਛਲੇ ਸਾਲ ਇਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਸਨ ਅਤੇ ਅਧਿਕਾਰਤ ਸਰਕਾਰੀ ਪ੍ਰੈੱਸ ਨੋਟ 'ਚ ਕਿਹਾ ਗਿਆ ਕਿ ਪਲਾਂਟ ਵਾਢੀ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਚਾਲੂ ਹੋ ਜਾਣਗੇ ਤੇ ਨਾੜ ਸਾੜਨ ਨਾਲ ਚੌਗਿਰਦੇ ਨੂੰ ਵਾਰ-ਵਾਰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇਗਾ ਪਰ ਜ਼ਮੀਨੀ ਪੱਧਰ 'ਤੇ ਇਸ ਮਾਮਲੇ 'ਚ ਬਹੁਤ ਘੱਟ ਤਰੱਕੀ ਹੋਈ ਹੈ।
ਕੇਂਦਰ ਨੇ ਵੀ ਪੰਜਾਬ 'ਚ ਟੀ. ਐੱਚ. ਐੱਸ. ਮਸ਼ੀਨਾਂ ਨੂੰ ਉਤਸ਼ਾਹਿਤ ਕਰਨ ਲਈ ਕੁਲ 665 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚੋਂ 395 ਕਰੋੜ ਰੁਪਏ ਮੌਜੂਦਾ ਵਰ੍ਹੇ ਦੌਰਾਨ ਖਰਚ ਕੀਤੇ ਜਾਣਗੇ। ਇਹ ਰਕਮ ਮਨਜ਼ੂਰ ਕਰਦਿਆਂ ਕੇਂਦਰ ਨੇ ਸੂਬਾ ਸਰਕਾਰ ਨੂੰ 30 ਕਰੋੜ ਰੁਪਏ ਜਾਗਰੂਕਤਾ ਫੈਲਾਉਣ ਲਈ ਅਤੇ ਬਾਕੀ ਦੀ ਰਕਮ ਟੀ. ਐੱਚ. ਐੱਸ. ਮਸ਼ੀਨਾਂ 'ਤੇ ਸਬਸਿਡੀ ਦੇਣ ਲਈ ਖਰਚ ਕਰਨ ਵਾਸਤੇ ਕਿਹਾ ਹੈ ਪਰ ਸਰਕਾਰ ਨੂੰ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਾਂ ਖਰੀਦਣ ਲਈ ਮਨਾਉਣ 'ਚ ਕਾਫੀ ਮੁਸ਼ਕਿਲ ਆ ਰਹੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਅਨੁਸਾਰ ਹੁਣ ਇਹ ਸਬਸਿਡੀ ਵਾਲੀਆਂ ਮਸ਼ੀਨਾਂ ਖਰੀਦਣ ਅਤੇ ਇਸ ਦੀਆਂ ਸੇਵਾਵਾਂ ਕਿਸਾਨਾਂ ਤਕ ਪਹੁੰਚਾਉਣ ਲਈ ਸਹਿਕਾਰੀ ਸੋਸਾਇਟੀਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟੀ. ਐੱਚ. ਐੱਸ. ਮਸ਼ੀਨਾਂ ਤੋਂ ਇਲਾਵਾ ਸਰਕਾਰ ਨੂੰ ਰਿਵਰਸ ਪਲੋਅ, ਪੈਡੀ ਸਟ੍ਰਾਅ ਚੋਪਰ/ਸ਼੍ਰੇਡਰ, ਮਲਚਿੰਗ ਮਸ਼ੀਨਾਂ, ਚੋਪਰ ਕਟਰ-ਕਮ-ਸਪ੍ਰੇਡਰ ਅਤੇ ਜ਼ੀਰੋ ਟਿਲ ਡ੍ਰਿਲ ਵਰਗੀਆਂ ਮਸ਼ੀਨਾਂ 'ਤੇ ਵੀ ਸਬਸਿਡੀ ਦੇਣੀ ਚਾਹੀਦੀ ਹੈ।
ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨ ਪਹਿਲਾਂ ਹੀ ਸੰਕਟ 'ਚ ਹਨ। ਇਹ ਸੰਗਠਨ ਖੇਤੀ ਕਰਜ਼ਿਆਂ ਨੂੰ ਲੈ ਕੇ ਵਧਦੀਆਂ ਦੁਖਦਾਈ ਘਟਨਾਵਾਂ ਵੱਲ ਇਸ਼ਾਰਾ ਕਰਦੇ ਹਨ, ਜਿਵੇਂ ਕਿਸਾਨਾਂ ਵਲੋਂ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨਾ। ਘੱਟ ਮੁਨਾਫੇ ਅਤੇ ਮੌਸਮ ਦੇ ਉਤਰਾਅ-ਚੜ੍ਹਾਅ ਕਾਰਨ ਕਿਸਾਨਾਂ ਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜੋ ਉਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜੇ ਕਿਸਾਨਾਂ ਨੇ ਇਹ ਮਸ਼ੀਨਾਂ ਖਰੀਦਣ ਲਈ ਕਰਜ਼ਾ ਲੈ ਵੀ ਲਿਆ ਤਾਂ ਮਸ਼ੀਨਾਂ ਦੀ ਸੰਚਾਲਨ ਲਾਗਤ ਉਨ੍ਹਾਂ 'ਤੇ ਵਾਧੂ ਬੋਝ ਪਾਵੇਗੀ।
ਕਈ ਸੰਗਠਨਾਂ ਤੇ ਮਾਹਿਰਾਂ ਨੇ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਦਾ ਸੁਝਾਅ ਦਿੱਤਾ ਹੈ ਕਿਉਂਕਿ ਇਨ੍ਹਾਂ ਫਸਲਾਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਘਟਦਾ ਜਾ ਰਿਹਾ ਹੈ ਪਰ ਲਾਹੇਵੰਦ ਬਦਲਾਂ ਦੀ ਘਾਟ ਕਾਰਨ ਇਸ ਖੇਤਰ 'ਚ ਇਸ ਫਸਲੀ ਚੱਕਰ ਨੂੰ ਤੋੜਨਾ ਮੁਸ਼ਕਿਲ ਹੋਵੇਗਾ। ਉਦੋਂ ਤਕ ਮਾਹਿਰਾਂ ਤੇ ਸੂਬਾ ਸਰਕਾਰਾਂ ਨੂੰ ਨਾੜ/ਪਰਾਲੀ ਸਾੜਨ ਦੀ ਸਮੱਸਿਆ ਤੇ ਇਸ ਨਾਲ ਚੌਗਿਰਦੇ ਨੂੰ ਹੋਣ ਵਾਲੇ ਗੰਭੀਰ ਨੁਕਸਾਨ ਦੇ ਨਾਲ-ਨਾਲ ਜ਼ਮੀਨ ਦੇ ਉਪਜਾਊ ਤੱਤਾਂ 'ਚ ਹੋਣ ਵਾਲੀ ਘਾਟ ਨਾਲ ਨਜਿੱਠਣ ਲਈ ਰਚਨਾਤਮਕ ਉਪਾਵਾਂ (ਹੱਲ) ਨਾਲ ਅੱਗੇ ਆਉਣਾ ਪਵੇਗਾ।
