ਗੁਰਦੁਆਰੇ ''ਚ ਅੱਗ ਲੱਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਗਨ ਭੇਂਟ

04/30/2018 4:24:12 PM

ਕੁਰਾਲੀ (ਬਠਲਾ) : ਪਿੰਡ ਫਤਿਹਗੜ੍ਹ-ਚਟੌਲੀ ਦੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇਂਟ ਹੋ ਗਿਆ। ਗੁਰਦੁਆਰੇ ਵਿਚ ਲੱਗੀ ਅੱਗ ਕਾਰਨ ਹੋਰ ਵੀ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਪਰਚਾ ਦਰਜ ਕੀਤਾ ਹੈ। ਪਿੰਡ ਚਟੌਲੀ ਦੀ ਸੜਕ 'ਤੇ ਸਥਿਤ ਗੁਰਦੁਆਰੇ ਵਿਚ ਲੱਗੀ ਅੱਗ ਤੋਂ ਬਾਅਦ ਨਿਕਲਦਾ ਧੂੰਆਂ ਸਭ ਤੋਂ ਪਹਿਲਾਂ ਆਲੇ-ਦੁਆਲੇ ਦੇ ਲੋਕਾਂ ਨੇ ਦੇਖਿਆ। ਸੰਗਤ ਨੇ ਗੁਰਦੁਆਰਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਅੱਗ ਨਾਲ ਕਾਫੀ ਨੁਕਸਾਨ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬ ਦੇ ਦਰਬਾਰ ਵਿਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਚੁੱਕਾ ਸੀ, ਜਦਕਿ ਮੰਜੀ ਸਾਹਿਬ, ਚੰਦੋਆ ਸਾਹਿਬ, ਰੁਮਾਲੇ ਅਤੇ ਹੋਰ ਸਾਮਾਨ ਵੀ ਸੜ ਗਿਆ। ਇਸ ਦੌਰਾਨ ਇਕੱਠੀ ਹੋਈ ਸੰਗਤ ਨੇ ਦਰਬਾਰ ਸਾਹਿਬ ਵਿਚ ਭੜਕੀ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਿਸ ਕਾਰਨ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ। 
ਇਸੇ ਦੌਰਾਨ ਸੰਗਤ ਨੇ ਦੂਜੇ ਕਮਰੇ ਵਿਚ ਸੁੱਖ ਆਸਣ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਕੱਢ ਕੇ ਢੁਕਵੀਂ ਥਾਂ 'ਤੇ ਪੁਹੰਚਾਏ। ਪਿੰਡ ਵਾਸੀਆਂ ਰਣਵੀਰ ਸਿੰਘ, ਨਾਨਕ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਵੀ ਸਿੰਘ ਤੇ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਗੁਰਦੁਆਰੇ ਵਿਚ ਲਾਏ ਪੱਖੇ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਹੈ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿੰਘ ਭਗਵੰਤਪੁਰਾ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਮੌਕੇ 'ਤੇ ਪੁੱਜ ਗਈ। ਇਸੇ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੋਲਖੀਆ ਤੋਂ ਵੀ ਸਿੰਘਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਗੁਰਦੁਆਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵੀ ਕਬਜ਼ੇ ਵਿਚ ਲੈ ਲਈ। ਇਸੇ ਦੌਰਾਨ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੇ ਨੁਕਸਾਨੇ ਸਰੂਪ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬੇਦਾਰ ਰਣਬੀਰ ਸਿੰਘ ਦੀ ਅਗਵਾਈ ਹੇਠ 70 ਵਿਅਕਤੀਆਂ ਦੇ ਜਥੇ ਨੇ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਤਰਨਤਾਰਨ ਵਿਖੇ ਪਹੁੰਚਾ ਦਿੱਤਾ।  ਸੰਪਰਕ ਕਰਨ 'ਤੇ ਐੱਸ. ਐੱਚ. ਓ. ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਫਤਿਹਗੜ੍ਹ ਚਟੌਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਪਰਚਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News