ਸਕੂਲ ''ਚ ਦਾਖਲ ਹੋ ਕੇ ਨੌਜਵਾਨ ਨੇ ਪ੍ਰਿੰਸੀਪਲ ਦੀ ਕਾਰ ਦੀ ਕੀਤੀ ਭੰਨਤੋੜ

05/21/2018 5:40:40 PM

ਝਬਾਲ (ਨਰਿੰਦਰ) : ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਰਣ ਸਿੰਘ ਵਿਖੇ ਸੋਮਵਾਰ ਇਕ ਵਿਦਿਆਰਥੀ ਨੂੰ ਸਕੂਲ 'ਚ ਦਾਖਲ ਕਰਨ ਤੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਆਏ ਵਿਦਿਆਰਥੀ ਨੇ ਸਕੂਲ 'ਚ ਵੜ ਕੇ ਪ੍ਰਿੰਸੀਪਲ ਤੇ ਸਟਾਫ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਸਕੂਲ 'ਚ ਖੜੀ ਪ੍ਰਿੰਸੀਪਲ ਦੀ ਗੱਡੀ ਦੀ ਭੰਨਤੋੜ ਕੀਤੀ ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ ਨੇ ਸਰਪੰਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਜੋਧਬੀਰ ਸਿੰਘ ਪੰਡੋਰੀ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਕੋਲ ਇਕ ਨੌਜਵਾਨ ਆਇਆ ਸੀ, ਜਿਸ ਦੀ ਉਮਰ ਤਕਰੀਬਨ 24 ਸਾਲ ਦੇ ਲਗਭਗ ਹੈ। ਉਹ ਵਿਦਿਆਰਥੀ 11ਵੀਂ 'ਚ ਦਾਖਲ ਹੋਣ ਲਈ ਆਇਆ ਜਿਸ ਦੀ ਇਕ ਤਾਂ ਉਮਰ ਜ਼ਿਆਦਾ ਹੋ ਚੁੱਕੀ ਸੀ ਦੂਜਾ ਉਸਦਾ ਰਿਕਾਰਡ ਠੀਕ ਨਾ ਹੋਣ ਕਰਕੇ ਅਸੀਂ ਉਸ ਨੂੰ ਸਕੂਲ 'ਚ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ । ਇਸ ਉਪਰੰਤ ਉਕਤ ਨੌਜਵਾਨ ਨੇ ਘਰ ਤੋਂ ਦਾਤਰ ਲਿਆ ਕੇ ਸਕੂਲ 'ਚ ਵੜ ਕੇ ਅਧਿਆਪਕਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਤੇ ਦਾਤਰ ਨਾਲ ਸਕੂਲ 'ਚ ਖੜੀ ਮੇਰੀ ਕਾਰ ਦੀ ਬੁਰੀ ਤਰ੍ਹਾਂ ਤੋੜਭੰਨ ਕੀਤੀ ।ਉਨ੍ਹਾਂ ਦੱਸਿਆ ਕਿ ਸਬੰਧੀ ਅਸੀਂ ਬਕਾਇਦਾ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ। 
ਸਕੂਲ 'ਚ ਹੋਈ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਗੌਰਮਿੰਟ ਸਕੂਲ ਯੂਨੀਅਨ ਦੇ ਆਗੂ ਬਲਕਾਰ ਸਿੰਘ ਵਲਟੋਹਾ, ਮਾਸਟਰ ਪ੍ਰਿਤਪਾਲ ਸਿੰਘ ਝਬਾਲ ,ਨਰਿੰਦਰ ਨੂਰ, ਕਾਰਜ ਸਿੰਘ ਕੈਰੋ, ਗੁਰਪ੍ਰੀਤ ਸਿੰਘ ਮਾੜੀਮੇਘਾ, ਰਕੇਸ਼ ਕਸੇਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਲਈ ਪੁਲਸ ਨੂੰ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੇਕਰ ਪੁਲਸ ਨੇ ਯੋਗ ਕਾਰਵਾਈ ਨਾ ਕੀਤੀ ਤਾਂ ਟੀਚਰ ਯੂਨੀਅਨ ਆਪਣੇ ਪੱਧਰ ਤੇ ਕਾਰਵਾਈ ਲਈ ਮਜ਼ਬੂਰ ਹੋਵੇਗੀ। 
ਇਸ ਘਟਨਾ ਦੀ ਨਿਖੇਧੀ ਕਰਦਿਆਂ ਸਰਪੰਚ ਜੋਧਬੀਰ ਸਿੰਘ ਪੰਡੋਰੀ ਨੇ ਕਿਹਾ ਕਿ ਪੁਲਸ ਨੂੰ ਗੁੰਡਾ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਟਾਫ 'ਚ ਪਾਈ ਜਾ ਰਹੀ ਦਹਿਸ਼ਤ ਖਤਮ ਹੋਵੇ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਸਟਾਫ ਮੈਂਬਰ ਹਰਪ੍ਰੀਤ ਕੌਰ, ਸੁਖਬੀਰ ਕੌਰ, ਸਿਮਰਤ ਕੌਰ, ਬਲਕਾਰ ਸਿੰਘ, ਵਿਜੈ ਕੁਮਾਰ, ਰਜਿੰਦਰ ਕੁਮਾਰ, ਬਿਕਰਮ ਸਿੰਘ ਨੇ ਕਿਹਾ ਕਿ ਜਿੰਨਾਂ ਚਿਰ ਦੋਸ਼ੀ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਸਕੂਲ ਨਹੀਂ ਆਉਣਗੇ।


Related News