ਪੜੋ ਪੰਜਾਬ, ਪੜਾਓ ਪੰਜਾਬ ਦੀ ਸਹਾਇਕ ਸਮੱਗਰੀ ਸਕੂਲਾਂ ''ਚ ਪਹੁੰਚੀ
Sunday, May 20, 2018 - 09:36 PM (IST)

ਬੋਹਾ (ਮਨਜੀਤ) ਪੰਜਾਬ ਸਰਕਾਰ ਦੁਆਰਾ ਸਿੱਖਿਆ ਦੀ ਗੁਣਾਤਮਕਤਾ 'ਚ ਸੁਧਾਰ ਕਰਨ ਲਈ ਪ੍ਰਾਇਮਰੀ ਸਕੂਲਾਂ 'ਚ ਚਲਾਏ ਜਾ ਪੜੋ ਪੰਜਾਬ, ਪੜਾਓ ਪੰਜਾਬ ਪ੍ਰੋਜੈਕਟ ਦੀ ਸਿੱਖਿਆ ਵਿਭਾਗ ਵਲੋਂ ਤਿਆਰ ਕੀਤੀ ਗਈ ਸਹਾਇਕ ਸਮੱਗਰੀ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਪਹੁੰਚ ਗਈ ਹੈ। ਪ੍ਰੋਜੈਕਟ ਦੇ ਜ਼ਿਲਾ ਕੋਆਰਡੀਨੇਟਰ ਗੁਰਨੈਬ ਸਿੰਘ ਮੰਘਾਣੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਧਿਆਪਕਾਂ ਦੀ ਮੱਦਦ ਲਈ ਪੰਜਾਬੀ, ਅੰਗਰੇਜ਼ੀ, ਗਣਿਤ, ਅਤੇ ਹਿੰਦੀ ਦੀ ਸਹਾਇਕ ਸਮੱਗਰੀ ਵੱਡੇ ਰੂਪ ਵਿਚ ਤਿਆਰ ਕਰਕੇ ਸਕੂਲਾਂ 'ਚ ਭੇਜੀ ਗਈ ਹੈ। ਇਸ ਸਹਾਇਕ ਸਮੱਗਰੀ 'ਚ ਜਿੱਥੇ ਪੰਜਾਬੀ, ਅੰਗਰੇਜ਼ੀ, ਗਣਿਤ ਦੇ ਮੈਨੂਅਲ ਤਿਆਰ ਕਰਕੇ ਸਕੂਲਾਂ 'ਚ ਭੇਜੇ ਗਏ ਹਨ ਉੱਥੇ ਹੀ ਚਭ ਤਰਾਂ ਦੀ ਵਰਾਇਟੀ ਦੀ ਸਮੱਗਰੀ ਜਿਸ ਵਿਚ ਗਿਣਤੀ ਚਾਰਟ, ਮੁਹਾਰਨੀ ਚਾਰਟ, ਕਹਾਣੀ ਕਾਰਡ, ਪੈਰਾ ਕਾਰਡ, ਮਾਣ ਕਾਰਡ, ਗਿਣਤੀ ਕੈਲੰਡਰ ਆਦਿ ਸਕੂਲਾਂ 'ਚ ਪਹੁੰਚਾਈ ਜਾ ਰਹੀ ਹੈ। ਇਸ ਸਮੱਗਰੀ ਦੀ ਅਧਿਆਪਕ ਵਰਗ ਵਲੋਂ ਸਕੂਲਾਂ 'ਚ ਵੱਡੀ ਪੱਧਰ ਤੇ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਇਸ ਪ੍ਰਕਾਰ ਦੀ ਰੌਚਕ ਸਹਾਇਕ ਸਮੱਗਰੀ ਨਾਲ ਬੱਚੇ ਦੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਸਹਿਜ ਅਤੇ ਰੌਚਕਤਾ ਭਰਪੂਰ ਬਣਾਉਣ 'ਚ ਵੱਡੀ ਮਦਦ ਮਿਲਦੀ ਹੈ। ਜਿਕਰਯੋਗ ਹੈ ਕਿ ਪ੍ਰੀ-ਪ੍ਰਾਇਮਰੀ ਦੀ ਪੂਰੀ ਸਮੱਗਰੀ ਦੀ ਕਿਟ ਪਹਿਲਾਂ ਹੀ ਸਕੂਲਾਂ 'ਚ ਪਹੁੰਚਾਈ ਜਾ ਰਹੀ ਹੈ। ਜਿਲੇ ਦੀ ਪੜੋ ਪੰਜਾਬ. ਪੜਾਓ ਪੰਜਾਬ ਦੀ ਟੀਮ ਸਕੂਲਾਂ 'ਚ ਜਾ ਕੇ ਖੁਦ ਇਹ ਸਾਰਾ ਸਮਾਨ ਪਹੁੰਚਾ ਰਹੀ ਹੈ। ਸਿੱਖਿਆ ਵਿਭਾਗ ਇਸ ਸਮਾਨ ਦੇ ਨਾਲ-ਨਾਲ ਈ ਕੰਟੈਂਟ ਦੇ ਰੂਪ 'ਚ ਐਨੀਮੇਸ਼ਨ ਤੌਰ ਤੇ ਹੋਰ ਬਹੁਤ ਸਾਰੀ ਸਮੱਗਰੀ ਤਿਆਰ ਕੀਤੀ ਜਾ ਰਹੀ ਜਿਹੜੀ ਕਿ ਆਉਣ ਵਾਲੇ ਕੁਝ ਹੀ ਦਿਨਾਂ 'ਚ ਸਕੂਲਾਂ 'ਚ ਪਹੁੰਚਾ ਦਿੱਤੀ ਜਾਵੇਗੀ।