ਦੂਜੀ ਜਮਾਤ ਦੇ ਬੱਚੇ ਦਾ ''ਹੋਮਵਰਕ'' ਸੋਸ਼ਲ ਮੀਡੀਆ ''ਤੇ ਹੋਇਆ ਵਾਇਰਲ

05/25/2018 12:02:27 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਲੁਈਸਿਆਨਾ ਵਿਚ ਇਕ ਬੱਚੇ ਨੇ ਆਪਣੇ ਸਕੂਲ ਦੇ ਕੰਮ ਨੂੰ ਇਸ ਤਰ੍ਹਾਂ ਕੀਤਾ ਕਿ ਉਸ ਦੀ ਟੀਚਰ ਦੇ ਦਿਲ ਨੂੰ ਛੋਹ ਗਿਆ। ਦੂਜੀ ਜਮਾਤ ਵਿਚ ਪੜ੍ਹਨ ਵਾਲੇ ਇਸ ਬੱਚੇ ਦੇ ਹੋਮਵਰਕ 'ਤੇ ਜਿਵੇਂ ਹੀ ਟੀਚਰ ਦੀ ਨਜ਼ਰ ਪਈ ਉਸ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਅਸਲ ਵਿਚ ਇਸ ਬੱਚੇ ਨੇ ਹੋਮਵਰਕ ਕਰਦੇ ਹੋਏ ਲਿਖਿਆ ਸੀ ਕਿ ਉਸ ਦੇ ਮਾਤਾ-ਪਿਤਾ ਮੋਬਾਇਲ ਫੋਨ ਕਾਰਨ ਉਸ ਨੂੰ ਥੋੜ੍ਹਾ ਸਮਾਂ ਦੇ ਪਾਉਂਦੇ ਹਨ। ਇਸ ਲਈ ਉਹ ਫੋਨ ਤੋਂ ਨਫਰਤ ਕਰਦਾ ਹੈ। 

PunjabKesari
ਇਕ ਨਿਊਜ਼ ਏਜੰਸੀ ਮੁਤਾਬਕ ਇਸ ਬੱਚੇ ਦੇ ਹੋਮਵਰਕ ਵਿਚ ਇਕ ਸਵਾਲ ਸੀ,''ਮੈਨੂੰ ਇਕ ਅਜਿਹੀ ਖੋਜ ਬਾਰੇ ਦੱਸੋ,ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ।'' ਇਸ ਸਵਾਲ ਦੇ ਜਵਾਬ ਵਿਚ ਬੱਚੇ ਨੇ ਲਿਖਿਆ,''ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਮੈਂ ਕਿਸ ਖੋਜ ਨੂੰ ਪਸੰਦ ਨਹੀਂ ਕਰਦਾ ਤਾਂ ਮੈਂ ਕਹਾਂਗਾ ਕਿ ਉਹ ਮੋਬਾਇਲ ਫੋਨ ਹੈ। ਮੈਂ ਫੋਨ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਮੇਰੇ ਮਾਤਾ-ਪਿਤਾ ਪੂਰਾ ਦਿਨ ਫੋਨ 'ਤੇ ਬਿੱਜੀ ਰਹਿੰਦੇ ਹਨ।'' ਇਸ ਬੱਚੇ ਨੇ ਅੱਗੇ ਲਿਖਿਆ ਹੈ ਕਿ ਫੋਨ ਚਲਾਉਣਾ ਕਦੇ-ਕਦੇ ਬੁਰੀ ਆਦਤ ਬਣ ਜਾਂਦੀ ਹੈ। ਉਸ ਨੇ ਲਿਖਿਆ,''ਮੈਂ ਆਪਣੀ ਮਾਂ ਦੇ ਫੋਨ ਤੋਂ ਨਫਰਤ ਕਰਦਾ ਹਾਂ ਅਤੇ ਮੇਰੀ ਇੱਛਾ ਹੈ ਕਿ ਉਨ੍ਹਾਂ ਕੋਲ ਕਦੇ ਫੋਨ ਨਾ ਹੋਵੇ।'' ਬੱਚੇ ਨੇ ਜਿਸ ਪੇਜ਼ 'ਤੇ ਇਹ ਜਵਾਬ ਲਿਖਿਆ ਹੈ, ਉਸ ਦੇ ਹੇਠਾਂ ਉਸ ਨੇ ਇਕ ਫੋਨ ਦੀ ਤਸਵੀਰ ਬਣਾ ਕੇ ਉਸ ਨੂੰ ਕੱਟਿਆ ਹੋਇਆ ਹੈ। ਇਸ ਦੇ ਨਾਲ ਹੀ ਬੱਚੇ ਨੇ ਉਦਾਸ ਚਿਹਰਾ ਬਣਾਇਆ ਹੋਇਆ ਹੈ।


Related News