ਰਿਕਸ਼ਾ ਵਾਲੇ ਹੀ ਨਹੀਂ ਮੰਨਦੇ ਕਮਿਸ਼ਨਰੇਟ ਦੇ ਹੁਕਮ, ਇੰਝ ਉਡਾ ਰਹੇ ਨੇ ਧੱਜੀਆਂ

04/26/2018 2:13:40 PM

ਜਲੰਧਰ (ਬੁਲੰਦ)— ਪੁਲਸ ਕਮਿਸ਼ਨਰੇਟ ਦੇ ਹੁਕਮਾਂ ਦੀ ਪਾਲਣਾ ਜੇਕਰ ਸ਼ਹਿਰ ਦੇ ਰਿਕਸ਼ਾ ਵਾਲੇ ਹੀ ਨਹੀਂ ਕਰਨਗੇ ਤਾਂ ਬਾਕੀ ਦੇ ਆਮ-ਖਾਸ ਲੋਕਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਅਜਿਹਾ ਹੀ ਦੇਖਣ 'ਚ ਇਨ੍ਹੀਂ ਦਿਨੀਂ ਆ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਟ੍ਰੈਫਿਕ ਪੁਲਸ ਅਧਿਕਾਰੀਆਂ ਵੱਲੋਂ ਸ਼ਹਿਰ ਦੀਆਂ ਰਿਕਸ਼ਾ ਯੂਨੀਅਨਾਂ ਦੇ ਆਗੂਆਂ ਨੂੰ ਪੁਲਸ ਕਮਿਸ਼ਨਰ ਆਫਿਸ ਬੁਲਾ ਕੇ ਸਮਝਾਇਆ ਜਾ ਰਿਹਾ ਹੈ ਕਿ ਰਿਕਸ਼ਾ ਚਲਾਉਣ ਤੋਂ ਪਹਿਲਾਂ ਉਸ ਦੀ ਛੱਤ ਕੀਤੀ ਜਾਵੇ ਤਾਂ ਜੋ ਔਰਤਾਂ ਨਾਲ ਸਨੈਚਿੰਗ ਦੀਆਂ ਵਾਰਦਾਤਾਂ ਨਾ ਹੋ ਸਕਣ। ਲਗਭਗ ਸਾਰੀਆਂ ਯੂਨੀਅਨਾਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ ਖੁਦ ਡੀ. ਸੀ. ਪੀ. ਨੇ ਵੀ ਇਸ ਬਾਰੇ ਲਿਖਤੀ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਸ਼ਹਿਰ 'ਚ ਚਾਲਕ ਬਿਨਾਂ ਛੱਤ ਕੀਤੇ ਰਿਕਸ਼ਾ ਨਾ ਚਲਾਉਣ ਪਰ ਇਸ ਦੇ ਬਾਵਜੂਦ ਕਿਸੇ ਰਿਕਸ਼ਾ ਚਾਲਕ 'ਤੇ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। 
ਸ਼ਹਿਰ ਦੇ ਤਕਰੀਬਨ ਸਾਰੇ ਬਾਜ਼ਾਰਾਂ ਤੇ ਸੜਕਾਂ 'ਤੇ ਰਿਕਸ਼ੇ ਬਿਨਾਂ ਛੱਤ ਦੇ ਚਲਦੇ ਨਜ਼ਰ ਆਉਂਦੇ ਹਨ। ਇੰਨਾ ਹੀ ਨਹੀਂ, ਸ਼ਹਿਰ ਦੇ ਹਰ ਚੌਕ 'ਤੇ ਪੁਲਸ ਦਾ ਪਹਿਰਾ ਹੋਣ ਦੇ ਬਾਵਜੂਦ ਕੋਈ ਇਨ੍ਹਾਂ ਰਿਕਸ਼ਾ ਚਾਲਕਾਂ 'ਤੇ ਪੁਲਸ ਕਮਿਸ਼ਨਰੇਟ ਦੇ ਹੁਕਮ ਲਾਗੂ ਕਰਵਾਉਣ ਲਈ ਜ਼ੋਰ ਪਾਉਂਦਾ ਨਹੀਂ ਨਜ਼ਰ ਆਉਂਦਾ।

PunjabKesari
ਮਾਮਲੇ ਬਾਰੇ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਨੈਚਿੰਗ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜੇਕਰ ਪੁਲਸ ਕਮਿਸ਼ਨਰੇਟ ਨੇ ਰਿਕਸ਼ਾ ਛੱਤ ਕਰ ਕੇ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਉਨ੍ਹਾਂ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਵੀ ਪੁਲਸ ਦਾ ਕੰਮ ਹੈ ਪਰ ਅਸਲ ਵਿਚ ਜ਼ਿਆਦਾਤਰ ਹੁਕਮ ਕਾਗਜ਼ਾਂ ਵਿਚ ਹੀ ਦਮ ਤੋੜ ਦਿੰਦੇ ਹਨ। 
ਮਾਮਲੇ ਬਾਰੇ ਏ. ਡੀ. ਸੀ. ਪੀ. ਕ੍ਰਾਈਮ ਹਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰੇਟ ਵੱਲੋਂ ਹੁਕਮਾਂ ਦੀ ਪਾਲਣਾ ਕਰਨਾ ਸਭ ਦਾ ਫਰਜ਼ ਹੈ। ਅਪਰਾਧ ਘੱਟ ਕਰਨ ਲਈ ਸਿਰਫ ਪੁਲਸ ਹੀ ਨਹੀਂ, ਜਨਤਾ ਦਾ ਵੀ ਪੂਰਾ ਸਹਿਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਰਿਕਸ਼ਾ ਚਾਲਕ ਬਿਨਾਂ ਛੱਤ ਕੀਤੇ ਰਿਕਸ਼ਾ ਚਲਾਉਂਦੇ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।


Related News