ਪੁਲਸ ਨੇ ਮੁਲਜ਼ਮਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ''ਤੇ

Thursday, May 31, 2018 - 05:24 AM (IST)

ਪੁਲਸ ਨੇ ਮੁਲਜ਼ਮਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ''ਤੇ

ਕੁਰਾਲੀ,   (ਬਠਲਾ)-  ਸ਼ਹਿਰ ਦੇ ਸਿਸਵਾਂ ਰੋਡ 'ਤੇ ਸਥਿਤ ਫੈਕਟਰੀ ਵਿਚੋਂ ਲੱਖਾਂ ਰੁਪਏ ਲੁੱਟਣ ਤੇ ਫਾਰਚੂਨਰ ਗੱਡੀ ਖੋਹ ਕੇ ਭੱਜਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸਥਾਨਕ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਤੇ ਉਨ੍ਹਾਂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ।    ਡੇਢ ਸਾਲ ਪਹਿਲਾਂ ਸ਼ਹਿਰ ਦੇ ਉਕਤ ਗਿਰੋਹ ਨੇ ਕੌਂਸਲਰ ਗੌਰਵ ਗੁਪਤਾ ਦੀ ਸਿਸਵਾਂ ਰੋਡ 'ਤੇ ਸਥਿਤ ਫੈਕਟਰੀ ਵਿਚ ਲੁੱਟਮਾਰ ਕੀਤੀ ਸੀ ਤੇ ਕੌਂਸਲਰ ਦੇ ਭਰਾ ਸੌਰਵ ਗੁਪਤਾ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਕੋਲੋਂ ਤਿੰਨ ਲੱਖ ਰੁਪਏ ਤੇ ਉਸ ਦੀ ਫਾਰਚੂਨਰ ਗੱਡੀ ਨੰਬਰ ਖੋਹ ਕੇ ਲੈ ਗਏ ਸਨ । ਇਸ ਮਾਮਲੇ ਸਬੰਧੀ ਅਜੇ ਤਕ ਪੁਲਸ ਦੇ ਹੱਥ ਖਾਲੀ ਸਨ ਪਰ ਸੀ. ਆਈ. ਏ. ਸਟਾਫ ਵਲੋਂ ਸ਼ੱਕ ਦੇ ਆਧਾਰ 'ਤੇ ਕਾਬੂ ਕੀਤੇ ਤਿੰਨ ਨੌਜਵਾਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਲੁੱਟਮਾਰ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰ ਨਿਕਲੇ ।
ਉਨ੍ਹਾਂ ਕਬੂਲ ਕੀਤਾ ਕਿ ਕੁਰਾਲੀ ਤੋਂ ਫਾਰਚੂਨਰ ਗੱਡੀ ਤੇ ਲੱਖਾਂ ਰੁਪਏ ਦੀ ਨਕਦੀ ਤੋਂ ਇਲਾਵਾ ਖਰੜ ਵਲੋਂ ਈ. ਟੀ. ਓ. ਤੋਂ ਵਰਨਾ ਕਾਰ ਤੇ ਘੜੂੰਆਂ ਤੋਂ ਬਲੈਨੋ ਗੱਡੀ ਵੀ ਉਨ੍ਹਾਂ ਖੋਹੀ ਸੀ । ਮੁਲਜ਼ਮਾਂ ਅੰਮ੍ਰਿਤਪਾਲ ਸਿੰਘ, ਕੁਲਜਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਕਈ ਦਿਨਾਂ ਦੀ ਰੇਕੀ ਤੋਂ ਬਾਅਦ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਉਨ੍ਹਾਂ ਮੰਨਿਆ ਕਿ ਉਹ ਕੇਵਲ ਨਕਦੀ ਲੁੱਟਣ ਆਏ ਸਨ ਪਰ ਗੱਡੀ ਸਟਾਰਟ ਖੜ੍ਹੀ ਵੇਖ ਕੇ ਉਹ ਗੱਡੀ ਵੀ ਲੈ ਗਏ । ਫਾਰਚੂਨਰ ਗੱਡੀ ਨੂੰ ਜਾਅਲੀ ਨੰਬਰ ਡੀ. ਐੱਲ. 4ਸੀ. ਪੀ. 9233 ਲਾ ਕੇ ਚਲਾਇਆ ਜਾ ਰਿਹਾ ਸੀ । ਐੱਸ. ਐੱਚ. ਓ.  ਦੀਪਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਕੱਲ ਤਿੰਨਾਂ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।


Related News