ਪਿਟਬੁੱਲ ਕੁੱਤੇ ਨੇ ਆਪਣੇ ਮਾਲਕ ਨੂੰ ਮਾਰੀ ਗੋਲੀ, ਜਾਣੋ ਪੂਰਾ ਮਾਮਲਾ
Sunday, May 13, 2018 - 05:15 PM (IST)

ਵਾਸ਼ਿੰਗਟਨ— ਅਮਰੀਕਾ ਵਿਚ ਅਪਰਾਧ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋਸ਼ੀ ਕੋਈ ਇਨਸਾਨ ਨਹੀਂ ਸਗੋਂ ਇਕ ਕੁੱਤਾ ਹੈ, ਜਿਸ ਨੇ ਆਪਣੇ ਮਾਲਕ ਨੂੰ ਗੋਲੀ ਮਾਰ ਦਿੱਤੀ। ਸਥਾਨਕ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਇਕ 51 ਸਾਲਾ ਵਿਅਕਤੀ ਆਪਣੇ ਕੁੱਤਿਆਂ ਨਾਲ ਖੇਡ ਰਿਹਾ ਸੀ, ਉਦੋਂ ਉਨ੍ਹਾਂ ਦੋਵਾਂ ਵਿਚੋਂ ਇਕ ਕੁੱਤੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਵਿਅਕਤੀ ਨੇ 911 ਨੰਬਰ 'ਤੇ ਫੋਨ ਕਰ ਕੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਹੈਰਾਨੀ ਵਿਚ ਪੈ ਗਈ, ਇਹ ਕਿਵੇਂ ਸੰਭਵ ਹੋ ਸਕਦਾ ਹੈ ਪਰ ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਸੱਚਾਈ ਦਾ ਪਤਾ ਲੱਗਾ।
ਮੀਡੀਆ ਰਿਪੋਰਟ ਮੁਤਾਬਕ ਰਾਜਧਾਨੀ ਵਾਸ਼ਿੰਗਟਨ ਦੇ ਲੋਵਾ ਵਿਚ ਰਹਿਣ ਵਾਲਾ ਇਹ ਵਿਅਕਤੀ ਆਪਣੇ ਘਰ ਵਿਚ ਸੋਫੇ 'ਤੇ ਬੈਠ ਕੇ ਆਪਣੇ 2 ਕੁੱਤਿਆਂ ਨਾਲ ਖੇਡ ਰਹੇ ਸਨ, ਇਨ੍ਹਾਂ ਵਿਚ ਇਕ ਪਿਟਬੁੱਲ ਅਤੇ ਇਕ ਲੈਬਰਾਡੋਰ ਪ੍ਰਜਾਤੀ ਦਾ ਕੁੱਤਾ ਸੀ। ਇਸ ਦੌਰਾਨ ਪਿਟਬੁੱਲ ਕੁੱਤਾ ਛਾਲ ਮਾਰ ਕੇ ਆਪਣੇ ਮਾਲਕ ਦੀ ਗੋਦੀ ਵਿਚ ਆ ਕੇ ਬੈਠ ਗਿਆ ਅਤੇ ਉਨ੍ਹਾਂ ਦੀ ਬੈਲਟ ਵਿਚ ਲੱਗੀ 9 ਐਮਐਮ ਦੀ ਪਿਸਤੌਲ ਨੂੰ ਖਿੱਚਣ ਲੱਗਾ। ਪਿਸਤੌਲ ਦੇ ਖਿੱਚਣ ਦੀ ਵਜ੍ਹਾ ਨਾਲ ਗੋਲੀ ਚੱਲ ਗਈ, ਜਿਸ ਨਾਲ ਉਹ ਵਿਅਕਤੀ ਜ਼ਖਮੀ ਹੋ ਗਿਆ। ਹਾਲਾਂਕਿ ਇਸ ਵਿਅਕਤੀ ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ ਅਤੇ ਜ਼ਰੂਰੀ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ।