ਉੱਤਰ ਪੱਛਮੀ ਪਾਕਿਸਤਾਨ ਵਿਚ ਆਤਮਘਾਤੀ ਹਮਲੇ ਵਿਚ ਇਕ ਦੀ ਮੌਤ, 14 ਜ਼ਖਮੀ
Thursday, May 17, 2018 - 06:41 PM (IST)

ਪੇਸ਼ਾਵਰ (ਭਾਸ਼ਾ)- ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਦੋ ਪਹੀਆ ਵਾਹਨ ਤੋਂ ਫਰੰਟੀਅਰ ਕ੍ਰਾਪਸ ਦੇ ਇਕ ਵਾਹਨ ਵਿਚ ਟੱਕਰ ਮਾਰਨ ਤੋਂ ਬਾਅਦ ਖੁਦ ਨੂੰ ਬੰਬ ਨਾਲ ਉਡਾ ਲਿਆ। ਘਟਨਾ ਵਿਚ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ ਚਾਰ ਫੌਜੀਆਂ ਸਣੇ 14 ਹੋਰ ਜ਼ਖਮੀ ਹੋ ਗਏ। ਜ਼ਿਲਾ ਪੁਲਸ ਅਧਿਕਾਰੀ ਸ਼ਹਿਜ਼ਾਦ ਨਦੀਮ ਬੁਖਾਰੀ ਨੇ ਕਿਹਾ ਕਿ ਹਮਲਾਵਰ ਨੇ ਖੈਬਰ ਪਖਤੂਨਖਵਾ ਦੇ ਨੌਸ਼ੇਰਾ ਜ਼ਿਲੇ ਦੇ ਕਚਿਹਰੀ ਚੌਂਕ ਨੇੜੇ ਮਾਲ ਰੋਡ ਉੱਤੇ ਵਾਹਨ ਦੇ ਨੇੜੇ ਖੁਦ ਨੂੰ ਬੰਬ ਨਾਲ ਉਡਾ ਲਿਆ। ਬਚਾਅ ਟੀਮ ਅਤੇ ਸੁਰੱਖਿਆ ਅਧਿਕਾਰੀ ਧਮਾਕੇ ਤੋਂ ਬਾਅਦ ਮੌਕੇ ਉੱਤੇ ਪਹੁੰਚੇ। ਫੌਜ ਨੇ ਕਿਹਾ ਕਿ ਧਮਾਕੇ ਵਿਚ ਸਿਰਫ ਚਾਰ ਜਵਾਨ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੌਸ਼ੇਰਾ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੁਖਾਰੀ ਨੇ ਕਿਹਾ ਕਿ ਧਮਾਕੇ ਵਿਚ ਤਕਰੀਬਨ ਪੰਜ ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਗਵਰਨਰ ਇਕਬਾਲ ਜਫਰ ਝਾਗਰਾ ਅਤੇ ਮੁੱਖ ਮੰਤਰੀ ਪਰਵੇਜ਼ ਖਟਕ ਨੇ ਰਮਜ਼ਾਨ ਦੌਰਾਨ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।