ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਨੂੰ ਮਿਲੇਗਾ ਪੀਣ ਲਈ ਨਹਿਰੀ ਪਾਣੀ : ਸਿੱਧੂ

05/20/2018 6:27:24 AM

ਚੰਡੀਗੜ੍ਹ(ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਯੋਗ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਦੇਖੇ ਸੁਪਨੇ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਅਮਲੀਜਾਮਾ ਪਹਿਨਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਪੜਾਅ ਵਿਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਲਈ 3508.1 ਕਰੋੜ ਦੇ ਪ੍ਰਾਜੈਕਟ ਨੂੰ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ। ਇਸ ਪ੍ਰਾਜੈਕਟ ਦਾ ਕੰਮ ਇਕ ਸਾਲ ਅੰਦਰ ਸ਼ੁਰੂ ਹੋ ਜਾਵੇਗਾ, ਜੋ ਕਿ ਅਗਲੇ ਡੇਢ ਸਾਲ ਅੰਦਰ ਮੁਕੰਮਲ ਹੋ ਜਾਵੇਗਾ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ 'ਚ ਕੀਤਾ।
ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਮੀਨੀ ਪਾਣੀ ਦੇ ਘਟਦੇ ਪੱਧਰ ਅਤੇ ਨਿਘਰਦੇ ਜਾ ਰਹੇ ਮਿਆਰ ਨੂੰ ਸੁਧਾਰਨ ਦੀ ਅਹਿਮੀਅਤ ਨੂੰ ਪਹਿਲਾਂ ਹੀ ਸਮਝ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉਕਤ ਤਿੰਨ ਵੱਡੇ ਸ਼ਹਿਰਾਂ ਦੇ ਵਸਨੀਕਾਂ ਨੂੰ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਲੋੜੀਂਦੇ ਵੱਡੀ ਪੱਧਰ 'ਤੇ ਨਿਵੇਸ਼ ਦੀ ਜ਼ਰੂਰਤ ਨੂੰ ਵੇਖਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਵਿੱਤੀ ਮਦਦ ਲੈਣ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ। ਇਸ ਸਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂੰ ਪ੍ਰਸਾਦ ਅਤੇ ਪੰਜਾਬ ਮਿਊਂਸਪਲ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਜੋਏ ਸ਼ਰਮਾ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਬੀਤੇ ਦਿਨ ਕੇਂਦਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਤੋਂ ਸਿਧਾਂਤਕ ਪ੍ਰਵਾਨਗੀ ਹਾਸਲ ਕੀਤੀ। 
ਇਸ ਤੋਂ ਪਹਿਲਾਂ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਤੋਂ ਪਿਛਲੇ ਮਹੀਨੇ ਇਨ੍ਹਾਂ ਸ਼ਹਿਰਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਾਜੈਕਟ ਲਈ ਤਕਨੀਕੀ ਪ੍ਰਵਾਨਗੀ ਹਾਸਲ ਕੀਤੀ ਸੀ। ਹੁਣ ਪ੍ਰਵਾਨਗੀ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਪ੍ਰਾਜੈਕਟ ਉਡਾਣ ਭਰਨ ਲਈ ਤਿਆਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਪੜਾਅ ਵਿਚ ਜਲੰਧਰ ਸ਼ਹਿਰ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਅਧਿਐਨ ਰਿਪੋਰਟ ਪ੍ਰਗਤੀ ਅਧੀਨ ਹੈ। ਸਿੱਧੂ ਨੇ ਹੋਰ ਵੇਰਵੇ ਦਿੰਦੇ ਦੱਸਿਆ ਕਿ ਲੁਧਿਆਣਾ ਜਿਸ ਦੀ ਵਸੋਂ 16 ਲੱਖ ਹੈ, ਨੂੰ ਸਿੱਧਵਾਂ ਨਹਿਰ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਸ਼ਹਿਰ ਦੀ ਪ੍ਰਾਜੈਕਟ ਲਾਗਤ 1468.86 ਕਰੋੜ ਰੁਪਏ ਹੈ। ਇਸੇ ਤਰ੍ਹਾਂ 11.37 ਲੱਖ ਵਸੋਂ ਵਾਲੇ ਅੰਮ੍ਰਿਤਸਰ ਸ਼ਹਿਰ ਨੂੰ ਨਹਿਰ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਦੀ ਲਾਗਤ 1339.24 ਕਰੋੜ ਰੁਪਏ ਹੈ , ਜਦੋਂ ਕਿ ਪਟਿਆਲਾ ਸ਼ਹਿਰ ਦੀ 4.45 ਲੱਖ ਵਸੋਂ ਲਈ ਭਾਖੜਾ ਨਹਿਰ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।


Related News