ਜੰਗਲਾਤ ਮੰਤਰੀ ਦੇ ਹਲਕੇ ''ਚ ਸੈਂਕੜੇ ਬਾਂਦਰ ਤੇ ਪਸ਼ੂ-ਧਨ ਨੇ ਭੁੱਖੇ-ਪਿਆਸੇ

Thursday, May 24, 2018 - 12:51 AM (IST)

ਨਾਭਾ(ਜੈਨ)-ਇਹ ਰਿਆਸਤੀ ਸ਼ਹਿਰ ਪੰਜਾਬ ਦਾ ਅਜਿਹਾ ਇਕਲੌਤਾ ਖੇਤਰ ਹੈ, ਜਿਥੇ ਚਾਰ ਜੰਗਲਾਤ ਬੀੜਾਂ ਵਿਚ ਹਜ਼ਾਰਾਂ ਬਾਂਦਰ ਰਹਿੰਦੇ ਹਨ। ਪਿਛਲੇ ਅਰਸੇ ਦੌਰਾਨ ਕਰੋੜਾਂ ਰੁਪਏ ਖਰਚ ਕੇ ਬੀੜਾਂ ਵਿਚ ਕਈ-ਕਈ ਫੁੱਟ ਉੱਚੀਆਂ ਤਾਰਾਂ ਦੀਆਂ ਦੀਵਾਰਾਂ ਬਣਾ ਦਿੱਤੀਆਂ ਗਈਆਂ ਤਾਂ ਜੋ ਪਸ਼ੂ-ਧਨ ਤੇ ਜੰਗਲੀ ਜੀਵ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਉਜਾੜਾ ਨਾ ਕਰ ਸਕਣ ਪਰ ਸਥਾਨਕ ਅਫਸਰਸ਼ਾਹੀ ਦੀ ਕਥਿਤ ਲਾਪਰਵਾਹੀ ਸਦਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕੇ ਵਿਚ ਸੈਂਕੜੇ ਬਾਂਦਰ ਤੇ ਪਸ਼ੂ-ਧਨ ਭੁੱਖੇ-ਪਿਆਸੇ ਤੜਪ ਰਹੇ ਹਨ। ਬੀੜ ਦੁਸਾਂਝ ਤੇ ਬੀੜ ਭਾਦਸੋਂ ਵਿਚ ਲਗਭਗ ਪੰਜ ਹਜ਼ਾਰ ਬਾਂਦਰ ਰਹਿੰਦੇ ਹਨ। ਹੁਣ ਬਾਂਦਰ ਸ਼ਹਿਰੀ ਖੇਤਰ ਵਿਚ ਵੀ ਭੁੱਖੇ ਹੋਣ ਕਾਰਨ ਪ੍ਰਵੇਸ਼ ਕਰ ਗਏ ਹਨ। ਘਰਾਂ ਵਿਚ ਦਾਖਲ ਹੋ ਕੇ ਭੜਥੂ ਪਾ ਰਹੇ ਹਨ। ਥਾਣਾ ਸਦਰ, ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਪੁਰਾਣਾ ਹਾਥੀਖਾਨਾ ਤੇ ਅਲੌਹਰਾਂ ਗੇਟ ਸਥਿਤ ਜੰਗਲਾਤ ਦਫ਼ਤਰ ਵਿਚ ਵੀ ਬਾਂਦਰ ਘੁੰਮਦੇ ਹਨ। ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਸਾਮਾਨ ਖਰਾਬ ਕਰ ਦਿੰਦੇ ਹਨ। ਫਰਿੱਜਾਂ ਵਿਚੋਂ ਖਾਣ ਦੀ ਸਮੱਗਰੀ ਕੱਢ ਲੈਂਦੇ ਹਨ। ਸੜਕਾਂ 'ਤੇ ਬਾਂਦਰ ਖਾਣ ਪੀਣ ਦੀ ਸਮੱਗਰੀ ਲੱਭਣ ਲਈ ਰਾਹਗੀਰਾਂ 'ਤੇ ਹਮਲੇ ਕਰਦੇ ਹਨ। ਬੱਚੇ ਤੇ ਦੁਪਹੀਆ ਵਾਹਨ ਚਾਲਕ ਪਰੇਸ਼ਾਨ ਹਨ। ਬੀੜ ਦੁਸਾਂਝ ਖੇਤਰ ਲਗਭਗ ਦੋ ਦਰਜਨ ਪਿੰਡਾਂ ਦੇ ਲੋਕ ਪਰੇਸ਼ਾਨ ਹਨ। ਸਕੂਲਾਂ ਨੂੰ ਜਾਣ ਵਾਲੇ ਸਾਈਕਲ ਸਵਾਰ ਵਿਦਿਆਰਥੀਆਂ ਅਤੇ ਅਧਿਆਪਕ ਦਹਿਸ਼ਤ ਦੇ ਮਾਹੌਲ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ। ਸ਼ਹਿਰ ਦੇ ਕਈ ਦਾਨੀ ਵਿਅਕਤੀ ਕੇਲੇ, ਛੋਲੇ, ਬਰੈੱਡ, ਮੂੰਗਫਲੀ ਤੇ ਮਿੱਠੀ ਰੋਟੀਆਂ ਲੈ ਕੇ ਬਾਂਦਰਾਂ ਦੀ ਸੇਵਾ ਲਈ ਜਾਂਦੇ ਹਨ। ਕਈ ਭੱਦਰਪੁਰਸ਼ ਸੜਕਾਂ 'ਤੇ ਹੀ ਖੁਰਾਕ ਸਮੱਗਰੀ ਸੁੱਟ ਦਿੰਦੇ ਹਨ। ਲਗਭਗ 200 ਗਊਆਂ ਬੀੜ ਲਾਗੇ ਭੁੱਖੀਆਂ-ਪਿਆਸੀਆਂ ਤੜਪ ਰਹੀਆਂ ਹਨ।  ਪੀਣ ਵਾਲੇ ਪਾਣੀ ਦੀ ਘਾਟ ਹੈ। ਸ਼ਹਿਰ ਵਿਚ ਕਈ ਥਾਈਂ ਬਾਂਦਰਾਂ ਤੋਂ ਬਚਾਅ ਲਈ ਲੰਗੂਰ ਲਿਆਂਦੇ ਗਏ ਹਨ। ਸਮਾਜ ਸੇਵਕ ਗੁਰਚਰਨ ਸਿੰਘ ਪਹਾੜਪੁਰ ਤੇ ਜਗਤਾਰ ਸਿੰਘ ਸਾਧੋਹੇੜੀ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਪਸ਼ੂ-ਧਨ ਤੇ ਬਾਂਦਰਾਂ ਲਈ ਖਾਣ-ਪੀਣ ਦੀ ਸਮੱਗਰੀ ਅਤੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕਰੇ ਕਿਉਂਕਿ ਇਸ ਸਮੇਂ ਪਸ਼ੂਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਐੱਸ. ਡੀ. ਐੱਮ. ਨੂੰ ਨਿਰਦੇਸ਼ ਦਿੱਤਾ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਪਰ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ। ਇਕ 7 ਸਾਲਾ ਬੱਚਾ ਖੂੰਖਾਰ ਕੁੱਤੇ ਦੇ ਸ਼ਿਕਾਰ ਦੀ ਭੇਟ ਚੜ੍ਹ ਗਿਆ। 


Related News