ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਵੱਲ ਵੀ ਸਰਕਾਰ ਦੇਵੇਂ ਧਿਆਨ : ਰਾਜੇਆਣਾ

05/17/2018 11:03:36 AM

ਮੋਗਾ (ਗੋਪੀ ਰਾਊਕੇ) - ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦੀ ਮੋਗਾ ਤੂੜੀ ਸ਼ਿਲਕਾ ਯੂਨੀਅਨ ਵਿਖੇ ਇਕ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕੌਮੀ ਇੰਚਾਰਜ ਮਜ਼ਦੂਰ ਸ਼ਕਤੀ ਨਿਰਮਲ ਸਿੰਘ ਰਾਜੇਆਣਾ ਨੇ ਕਿਹਾ ਕਿ ਭਾਰਤ 'ਚ ਨੇਤਾ ਬਹੁਤ ਹਨ ਪਰ ਦਲਿਤ ਵਰਗ ਦੀ ਆਵਾਜ਼ ਸਰਕਾਰ ਦੇ ਕੰਨਾਂ ਤਕ ਪਹੁੰਚਾਉਣ ਲਈ ਕੋਈ ਵੀ ਆਗੂ ਅੱਗੇ ਨਹੀਂ ਆਉਂਦਾ। ਇਸੇ ਕਾਰਨ ਦਿਨ-ਪ੍ਰਤੀਦਿਨ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਵੀ ਔਖਾ ਹੋ ਰਿਹਾ ਹੈ। 
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੌਜੂਦਾ ਕਾਂਗਰਸ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਇਕ ਸਾਲ ਤੋਂ ਲੱਗੀ ਹੋਈ ਹੈ ਪਰ ਮਜ਼ਦੂਰਾਂ ਵਾਸਤੇ ਉਨ੍ਹਾਂ ਦੀ ਦਿਹਾੜੀ ਵਧਾਉਣ ਲਈ ਕੋਈ ਤਨਸ਼ੀਲ ਕੰਮ ਨਹੀਂ ਕੀਤਾ, ਜਿਸ ਕਾਰਨ ਮਜ਼ਦੂਰ ਸ਼ਕਤੀ ਪਾਰਟੀ ਵੱਲੋਂ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੀ ਆਵਾਜ਼ ਸੂਬਾ ਤੇ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਮਨਰੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਤੇ ਪਿਛਲੇ ਰਹਿੰਦੇ ਬਕਾਇਆ ਜਾਰੀ ਕਰਨ, ਦਿਹਾੜੀਦਾਰ ਮਜ਼ਦੂਰਾਂ ਨੂੰ 300 ਰੁਪਏ ਤੋਂ ਵਧਾ ਕੇ 500 ਰੁਪਏ ਦਿਹਾੜੀ ਦੇਣ ਦੀ ਮੰਗ ਕੀਤੀ ਤਾਂ ਜੋ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਪੰਚਾਇਤੀ ਚੋਣਾਂ ਹੋ ਰਹੀਆ ਹਨ, ਜਿਸਦੇ ਵਿਚ ਮਜ਼ਦੂਰ ਸ਼ਕਤੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ। ਇਸ ਮੀਟਿੰਗ ਜਗਰੂਪ ਸਿੰਘ, ਦਵਿੰਦਰ ਸਿੰਘ, ਮੰਗਲ ਸਿੰਘ, ਬੇਅੰਤ ਸਿੰਘ, ਜਗਸੀਰ ਸਿੰਘ, ਬਚਿੱਤਰ ਸਿੰਘ ਆਦਿ ਆਗੂ ਹਾਜ਼ਰ ਸਨ।


Related News