ਜ਼ਮੀਨ ਦੀ ਤਕਸੀਮ ਲਈ ਵਫਦ ਡੀ. ਸੀ. ਨੂੰ ਮਿਲਿਆ

05/26/2018 10:51:05 AM

ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)—ਕਿਰਤੀ ਕਿਸਾਨ ਯੂਨੀਅਨ ਦਾ ਵਫਦ ਬਹਿਰਾਮਪੁਰ 'ਚ ਸਿਆਸੀ ਦਬਾਅ ਤਹਿਤ ਜ਼ਮੀਨ ਦੀ ਤਕਸੀਮ ਦੇ ਕੇਸ ਲਟਕਾਉਣ ਖਿਲਾਫ ਅਤੇ ਕੇਸ ਦਾ ਨਿਪਟਾਰਾ ਜਲਦ ਕਰਵਾ ਕੇ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ। 
ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਤ੍ਰਿਲੋਕ ਸਿੰਘ ਨੇ ਦੱਸਿਆ ਕਿ ਪਿੰਡ ਨੀਵਾਂ ਧਕਾਲਾ ਦੀ ਰਮੇਸ਼ ਕੌਰ ਪਤਨੀ ਅਵਿਨਾਸ਼ ਸਿੰਘ ਤੋਂ 22 ਜੁਲਾਈ 2013 ਨੂੰ ਬਲਜਿੰਦਰ ਕੌਰ ਪਤਨੀ ਤਰਲੋਕ ਸਿੰਘ ਨੇ ਜ਼ਮੀਨ ਖਰੀਦੀ ਸੀ, ਜਿਸ 'ਤੇ ਲਗਾਤਾਰ 4 ਸਾਲਾਂ ਤੋਂ ਕਾਬਜ਼ ਸੀ ਅਤੇ ਕਾਸ਼ਤ ਕਰਦੀ ਆ ਰਹੀ ਸੀ ਪਰ ਬੀਤੇ ਸਾਲ 2017 ਦੀਆਂ ਚੋਣਾਂ ਤੋਂ ਬਾਅਦ ਸਿਆਸੀ ਦਬਾਅ ਕਾਰਨ ਤਕਸੀਮ ਦੇ ਕੇਸ ਨੂੰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਤਕਸੀਮ ਨਾ ਹੋਣ ਦਾ ਕਾਰਨ ਸਿਆਸੀ ਦਬਾਅ ਹੈ ਕਿਉਂਕਿ ਇਹ ਜ਼ਮੀਨ ਉਨ੍ਹਾਂ ਦੀ ਪਤਨੀ ਨੇ ਖਰੀਦੀ ਸੀ ਅਤੇ ਉਹ ਕਿਸਾਨੀ ਸੰਘਰਸ਼ਾਂ 'ਚ ਸਰਗਰਮ ਰਹਿੰਦੇ ਹਨ। 
ਉਨ੍ਹਾਂ ਦੀ ਸਰਗਰਮੀ ਕਾਰਨ ਬਹੁਤੇ ਰਾਜਨੀਤਕ ਆਗੂ ਉਨ੍ਹਾਂ ਖਿਲਾਫ ਹਨ। ਇਸ ਲਈ ਆਪਣੇ ਸਿਆਸੀ ਰਸੂਖ ਦਾ ਫਾਇਦਾ ਲੈ ਕੇ ਜ਼ਮੀਨ ਦੀ ਤਕਸੀਮ ਦਾ ਕੇਸ ਲਟਕਾਇਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਉਨ੍ਹਾਂ ਨੂੰ ਮਸਲੇ ਦਾ ਨਿਪਟਾਰਾ ਜਲਦ ਕਰਨ ਦਾ ਭਰੋਸਾ ਦਿਵਾਇਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ 10 ਦਿਨਾਂ ਅੰਦਰ ਨਾ ਹੋਇਆ ਤਾਂ ਉਹ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕਰਨਗੇ। ਵਫਦ 'ਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਫੌਜੀ, ਚੰਨਣ ਸਿੰਘ ਦੌਰਾਂਗਲਾ, ਜਰਨੈਲ ਸਿੰਘ ਝਬਕਰਾ ਆਦਿ ਹਾਜ਼ਰ ਸਨ।


Related News