ਕੇ. ਐੱਲ. ਐੱਫ. ਨੇ ਪੰਜਾਬ ''ਚ ਸ਼ਿਵ ਸੈਨਾ ਦੇ 2 ਵੱਡੇ ਆਗੂਆਂ ਦੀ ਕੀਤੀ ਸੀ ਹੱਤਿਆ

Monday, May 21, 2018 - 06:10 AM (IST)

ਕੇ. ਐੱਲ. ਐੱਫ. ਨੇ ਪੰਜਾਬ ''ਚ ਸ਼ਿਵ ਸੈਨਾ ਦੇ 2 ਵੱਡੇ ਆਗੂਆਂ ਦੀ ਕੀਤੀ ਸੀ ਹੱਤਿਆ

ਚੰਡੀਗੜ੍ਹ , ਨਵੀਂ ਦਿੱਲੀ (ਭਾਸ਼ਾ) ¸ ਸ਼ਿਵ ਸੈਨਾ ਦੇ ਪੰਜਾਬ ਦੇ ਆਗੂ ਸਤਪਾਲ ਸ਼ਰਮਾ ਅਤੇ ਦੁਰਗਾ ਪ੍ਰਸਾਦ ਗੁਪਤਾ ਦੀ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਵਲੋਂ ਕੀਤੀ ਗਈ ਹੱਤਿਆ ਸੰਬੰਧੀ 15 ਵਿਅਕਤੀਆਂ ਵਿਰੁੱਧ ਦੋ ਦੋਸ਼ ਪੱਤਰ ਦਾਖਲ ਕੀਤੇ ਗਏ ਹਨ। ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਐਤਵਾਰ ਦੱਸਿਆ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਆਈ. ਪੀ. ਸੀ., ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਅਤੇ ਹਥਿਆਰ ਕਾਨੂੰਨ ਦੀਆਂ   ਵੱਖ-ਵੱਖ ਧਾਰਾਵਾਂ ਹੇਠ ਇਹ ਦੋਸ਼ ਪੱਤਰ ਦਾਖਲ ਕੀਤੇ ਗਏ ਹਨ।
ਸਤਪਾਲ ਸ਼ਰਮਾ ਤੇ ਉਨ੍ਹਾਂ ਦੇ ਬੇਟੇ ਦੀ ਪਿਛਲੇ ਸਾਲ 25 ਫਰਵਰੀ ਨੂੰ ਲੁਧਿਆਣਾ ਦੇ ਜਗੇੜਾ ਇਲਾਕੇ ਵਿਚ ਨਾਮ ਚਰਚਾ ਘਰ ਵਿਖੇ ਹੱਤਿਆ ਕਰ ਦਿੱਤੀ ਗਈ ਸੀ। ਦੁਰਗਾ ਪ੍ਰਸਾਦ ਗੁਪਤਾ ਦੀ ਖੰਨਾ ਵਿਖੇ 23 ਅਪ੍ਰੈਲ 2016 ਨੂੰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਦੋਵੇਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਸਨ। ਐੱਨ. ਆਈ. ਏ. ਨੇ ਕਿਹਾ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸ਼ਰਮਾ, ਉਨ੍ਹਾਂ ਦੇ ਬੇਟੇ ਅਤੇ ਗੁਪਤਾ ਦੀ ਹੱਤਿਆ ਕੇ. ਐੱਲ. ਐੱਫ. ਦੇ ਆਗੂਆਂ ਵਲੋਂ ਰਚੀ ਗਈ ਸਾਜ਼ਿਸ਼ ਅਧੀਨ ਕੀਤੀ ਗਈ। ਜਨਵਰੀ 2016 ਅਤੇ ਅਕਤੂਬਰ 2017 ਦਰਮਿਆਨ ਪੰਜਾਬ 'ਚ ਹੱਤਿਆ ਜਾਂ ਹੱਤਿਆ ਦੇ ਯਤਨ ਦੀਆਂ 8 ਘਟਨਾਵਾਂ ਵਾਪਰੀਆਂ । ਇਸ ਮਹੀਨੇ ਇਸ ਸੰਬੰਧੀ  ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ।
ਏਜੰਸੀ ਮੁਤਾਬਕ ਸਾਜ਼ਿਸ਼ ਦਾ ਮੰਤਵ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਨੂੰ ਅਸਥਿਰ ਕਰਨਾ ਅਤੇ ਸੂਬੇ ਵਿਚ ਅੱਤਵਾਦ ਨੂੰ ਮੁੜ ਤੋਂ ਜ਼ਿੰਦਾ ਕਰਨਾ ਸੀ। ਇਹ ਸਾਜ਼ਿਸ਼ ਪਾਕਿਸਤਾਨ, ਬਰਤਾਨੀਆ,    ਆਸਟ੍ਰੇਲੀਆ, ਫਰਾਂਸ, ਇਟਲੀ, ਯੂ. ਏ. ਈ. ਅਤੇ ਕਈ ਹੋਰ ਦੇਸ਼ਾਂ ਵਿਚ ਰਚੀ ਗਈ ਸੀ।


Related News