ਕਸ਼ਮੀਰ ''ਚ ਹੜਤਾਲ, ਜਨਜੀਵਨ ਪ੍ਰਭਾਵਿਤ
Sunday, Jun 03, 2018 - 12:00 PM (IST)

ਸ਼੍ਰੀਨਗਰ— ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਮੌਲਵੀ ਉਮਰ ਫਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਦੇ ਸਾਂਝੀ ਵਿਰੋਧੀ ਲੀਡਰਸ਼ਿਪ (ਜੇ. ਆਰ. ਐੱਲ.) ਵਲੋਂ ਘਾਟੀ 'ਚ ਕਥਿਤ ਰੂਪ 'ਚ ਵਧ ਰਹੀਆਂ ਆਮ ਨਾਗਰਿਕਾਂ ਦੀਆਂ ਮੌਤਾਂ, ਧਾਰਮਿਕ ਸਥਾਨਾਂ ਅਤੇ ਸ਼ਹੀਦਾਂ ਦੀਆਂ ਕਬਰਾਂ ਨਾਲ ਛੇੜਛਾੜ, ਜਾਮੀਆ ਮਸਜਿਦ ਖੇਤਰ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ, ਤਿਹਾੜ ਸਣੇ ਵੱਖ-ਵੱਖ ਜੇਲਾਂ 'ਚ ਕਸ਼ਮੀਰੀ ਕੈਦੀਆਂ ਨਾਲ ਹੋ ਰਹੇ ਗਲਤ ਵਤੀਰੇ ਦੇ ਖਿਲਾਫ ਸ਼ਨੀਵਾਰ ਨੂੰ ਹੜਤਾਲ ਦੇ ਐਲਾਨ ਅਤੇ ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਸ਼੍ਰੀਨਗਰ ਸਣੇ ਸਮੁੱਚੀ ਘਾਟੀ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਅੱਜ ਸਾਰੇ ਸਿੱਖਿਆ ਸੰਸਥਾਨਾਂ ਨੂੰ ਬੰਦ ਕਰਨ ਦੇ ਇਲਾਵਾ ਘਾਟੀ 'ਚ ਰੇਲ ਸੇਵਾ ਫਿਲਹਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਸਈਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਨੂੰ ਨਜ਼ਰਬੰਦ ਰੱਖਿਆ ਗਿਆ, ਜਦਕਿ ਯਾਸੀਨ ਮਲਿਕ ਨੂੰ ਅੱਜ ਸਵੇਰੇ ਪੁਲਸ ਨੇ ਹਿਰਾਸਤ 'ਚ ਲੈ ਲਿਆ। ਸ਼੍ਰੀਨਗਰ ਦੇ ਬਾਹਰੀ ਇਲਾਕਿਆਂ, ਸਿਵਲ ਲਾਈਨਜ਼ ਅਤੇ ਨਵੇਂ ਇਲਾਕਿਆਂ 'ਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਸ਼ਹਿਰ ਦੇ ਨਵੇਂ ਇਲਾਕਿਆਂ ਅਤੇ ਡੱਲ ਝੀਲ ਦੀਆਂ ਕੁਝ ਸੜਕਾਂ 'ਤੇ ਵਾਹਨ ਨਹੀਂ ਦਿਸੇ। ਹਾਲਾਂਕਿ ਕੁਝ ਨਿੱਜੀ ਵਾਹਨਾਂ ਨੂੰ ਚਲਦੇ ਦੇਖਿਆ ਗਿਆ। ਹੜਤਾਲ ਦੇ ਕਾਰਨ ਸਰਕਾਰੀ ਦਫਤਰ ਅਤੇ ਬੈਂਕਾਂ 'ਚ ਵੀ ਕੰਮਕਾਜ ਪ੍ਰਭਾਵਿਤ ਰਿਹਾ।