ਬਲਾਤਕਾਰ ਪੀੜਤਾ ਨੂੰ ਮਿਲਿਆ ਇਨਸਾਫ, ਮਿਲੇਗਾ 6800 ਕਰੋੜ ਰੁਪਏ ਦਾ ਮੁਆਵਜ਼ਾ

05/25/2018 4:24:06 PM

ਵਾਸ਼ਿੰਗਟਨ (ਬਿਊਰੋ)- ਅਮਰੀਕਾ ਦੀ ਅਦਾਲਤ ਨੇ ਬਲਾਤਕਾਰ ਮਾਮਲੇ ਵਿਚ ਇਤਿਹਾਸਿਕ ਫੈਸਲਾ ਦਿੱਤਾ ਹੈ। ਜਿਊਰੀ ਨੇ ਪੀੜਤਾ ਨੂੰ ਇਕ ਅਰਬ ਡਾਲਰ (6,800 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। ਪੀੜਤਾ ਦੇ ਵਕੀਲਾਂ ਨੇ ਦੱਸਿਆ ਕਿ ਅਮਰੀਕਾ ਵਿਚ ਜਿਊਰੀ ਵੱਲੋਂ ਬਲਾਤਕਾਰ ਮਾਮਲੇ ਵਿਚ ਮੁਆਵਜ਼ੇ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਰਾਸ਼ੀ ਹੈ। ਇਸ ਮਾਮਲੇ ਵਿਚ ਦੋਸ਼ੀ ਸੁਰੱਖਿਆ ਗਾਰਡ ਬ੍ਰੈਂਡਨ ਲਮਾਰ ਜ਼ੈਚਰੀ 20 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ। 
ਪੀੜਤਾ ਨਾਲ ਜਦੋਂ ਬਲਾਤਕਾਰ ਕੀਤਾ ਗਿਆ ਸੀ ਉਸ ਸਮੇਂ ਉਹ ਨਾਬਾਲਗ ਸੀ। ਪੀੜਤ ਲੜਕੀ ਦੀ ਮਾਂ ਰੇਨੇਟਾ ਚੇਸਟਨ ਥਾਰਟਨ ਨੇ ਸਾਲ 2015 ਵਿਚ ਮੁਕੱਦਮਾ ਦਰਜ ਕਰਵਾਇਆ ਸੀ। ਪੀੜਤਾ ਨੇ ਜਿਊਰੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ,''ਮੇਰੇ ਮਾਮਲੇ ਵਿਚ ਦਿੱਤਾ ਗਿਆ ਫੈਸਲਾ ਇਹ ਦਰਸਾਉਂਦਾ ਹੈ ਕਿ ਜੇ ਤੁਸੀਂ ਨਿਆਂ ਹਾਸਲ ਕਰਨ ਪ੍ਰਤੀ ਦ੍ਰਿੜ ਹੋ ਤਾਂ ਅੰਤ ਬਿਹਤਰ ਹੋਵੇਗਾ।'' ਇਕ ਨਿਊਜ਼ ਏਜੰਸੀ ਦੀ ਜਾਣਕਾਰੀ ਮੁਤਾਬਕ ਪੀੜਤਾ ਸਾਲ 2012 ਵਿਚ ਆਪਣੇ ਬੁਆਏਫਰੈਂਡ ਨਾਲ ਇਕ ਦੋਸਤ ਦੇ ਜਨਮਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਜਾਰਜੀਆ ਗਈ ਸੀ। ਉੱਥੇ ਦੋਸ਼ੀ ਗਾਰਡ ਜ਼ੈਚਰੀ ਨੇ ਹਥਿਆਰ ਦਿਖਾ ਕੇ ਉਸ ਦੇ ਬੁਆਏਫਰੈਂਡ ਨੂੰ ਡਰਾਇਆ ਅਤੇ ਬਾਅਦ ਵਿਚ ਸਾਰਿਆਂ ਸਾਹਮਣੇ ਉਸ ਦਾ ਬਲਾਤਕਾਰ ਕੀਤਾ। ਉਸ ਸਮੇਂ ਪੀੜਤਾ ਦੀ ਉਮਰ 14 ਸਾਲ ਸੀ। 

PunjabKesari
ਪੀੜਤਾ ਦੀ ਮਾਂ ਰੇਨੇਟਾ ਚੇਸਟਨ ਨੇ ਇਸ ਮਾਮਲੇ ਵਿਚ ਕ੍ਰਾਈਮ ਪ੍ਰੀਵੈਨਸ਼ਨ ਏਜੰਸੀ ਨਾਮਕ ਸੁਰੱਖਿਆ ਏਜੰਸੀ ਨੂੰ ਵੀ ਦੋਸ਼ੀ ਠਹਿਰਾਇਆ ਸੀ। ਘਟਨਾ ਸਮੇਂ ਜ਼ੈਚਰੀ ਇਸੇ ਏਜੰਸੀ ਵਿਚ ਕੰਮ ਕਰਦਾ ਸੀ। ਰੇਨੇਟਾ ਨੇ ਸੁਰੱਖਿਆ ਏਜੰਸੀ 'ਤੇ ਲਾਪਰਵਾਹੀ ਵਰਤਣ ਅਤੇ ਸੁਰੱਖਿਆ ਗਾਰਡ ਨੂੰ ਸਹੀ ਸਿਖਲਾਈ ਨਾ ਦੇਣ ਦਾ ਦੋਸ਼ ਲਗਾਇਆ ਸੀ। ਜਿਊਰੀ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਸਹੀ ਮੰਨਿਆ ਅਤੇ ਸੁਰੱਖਿਆ ਏਜੰਸੀ ਨੂੰ ਇਕ ਅਰਬ ਡਾਲਰ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਜਿਊਰੀ ਨੇ ਸਪਸ਼ੱਟ ਕੀਤਾ ਕਿ ਸੁਰੱਖਿਆ ਏਜੰਸੀ ਦੀ ਵਿੱਤੀ ਸਮਰੱਥਾ ਇੰਨੀ ਨਾ ਹੋਣ ਕਾਰਨ ਮੁਆਵਜ਼ੇ ਦੀ ਰਾਸ਼ੀ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ। ਪੀੜਤਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਿਊਰੀ ਦਾ ਫੈਸਲਾ ਦੱਸਦਾ ਹੈ ਕਿ ਲੋਕਾਂ ਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਫਿਲਹਾਲ ਪੀੜਤਾ ਫੋਰਟ ਵੈਲੀ ਸਟੇਟ ਯੂਨੀਵਰਸਿਟੀ ਵਿਚ ਸੋਸ਼ਲ ਵਰਕ ਦੀ ਪੜ੍ਹਾਈ ਕਰ ਰਹੀ ਹੈ। ਅਮਰੀਕੀ ਕਾਨੂੰਨ ਵਿਭਾਗ ਮੁਤਾਬਕ ਦੇਸ਼ ਵਿਚ ਹਰ ਸਾਲ ਬਲਾਤਕਾਰ ਅਤੇ ਯੌਣ ਹਿੰਸਾ ਨਾਲ ਜੁੜੇ ਲੱਗਭਗ 3.21 ਲੱਖ ਮਾਮਲੇ ਸਾਹਮਣੇ ਆਉਂਦੇ ਹਨ।


Related News