ਭਾਰਤੀ-ਅਮਰੀਕੀ ਦੀ IT ਕੰਪਨੀ ਨੂੰ H-1B ਵੀਜ਼ਾ ਪ੍ਰੋਗਰਾਮ ਦੇ ਉਲੰਘਣ ਲਈ ਲੱਗਾ ਜੁਰਮਾਨਾ
Wednesday, May 02, 2018 - 05:15 PM (IST)

ਵਾਸ਼ਿੰਗਟਨ— ਕੈਲੀਫੋਰਨੀਆ ਵਿਚ ਇਕ ਭਾਰਤੀ ਮੂਲ ਦੇ ਅਮਰੀਕੀ ਦੀ ਸੂਚਨਾ ਤਕਨਾਲੋਜੀ ਕੰਪਨੀ 'ਤੇ ਵਿਦੇਸ਼ ਤੋਂ ਲਿਆਏ ਗਏ ਕਰਮਚਾਰੀਆਂ ਨੂੰ ਘੱਟ ਤਨਖਾਹ ਦੇ ਕੇ ਐਚ-1ਬੀ ਵੀਜ਼ਾ ਪ੍ਰੋਗਰਾਮ ਦਾ ਉਲੰਘਣ ਕਰਨ ਦੇ ਦੋਸ਼ ਵਿਚ ਜੁਰਮਾਨਾ ਲਗਾਇਆ ਗਿਆ ਹੈ। ਲੇਬਰ ਵਿਭਾਗ ਨੇ ਕੰਪਨੀ ਨੂੰ ਆਪਣੇ 12 ਵਿਦੇਸ਼ੀ ਕਰਮਚਾਰੀਆਂ ਨੂੰ 1,73,044 ਡਾਲਰ ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਹੈ, ਜਿਸ ਵਿਚ ਜ਼ਿਆਦਾਤਰ ਭਾਰਤੀ ਹਨ। ਇਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਨੇ ਐਚ-1ਬੀ ਪ੍ਰੋਗਰਾਮ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਘੱਟ ਤਨਖਾਹ ਦਿੱਤੀ ਸੀ।
ਅਮਰੀਕਾ ਦੇ ਲੇਬਰ ਅਤੇ ਮਜ਼ਦੂਰ ਵਿਭਾਗ ਦੀ ਜਾਂਚ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਸੂਚਨਾ ਤਕਨਾਲੋਜੀ ਕੰਪਨੀ ਕਲਾਊਡਵਿਕ ਤਕਨਾਲੋਜੀਜ਼ ਨੇ ਭਾਰਤ ਤੋਂ ਕੁੱਝ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ 8,300 ਡਾਲਰ ਤਨਖਾਹ ਦੇ ਵਾਅਦੇ ਨਾਲ ਸੱਦਿਆ ਸੀ, ਜਦੋਂ ਕਿ ਉਨ੍ਹਾਂ ਨੂੰ ਸਿਰਫ 800 ਡਾਲਰ ਪ੍ਰਤੀ ਮਹੀਨੇ ਦਾ ਭੁਗਤਾਨ ਕੀਤਾ ਗਿਆ। ਕੰਪਨੀ ਦੀ ਵੈਬਸਾਈਟ 'ਤੇ ਉਪਲੱਬਧ ਸੂਚਨਾ ਮੁਤਾਬਕ ਕੈਲੀਫੋਰਨੀਆ ਦੇ ਨੇਵਾਰਕ ਵਿਚ ਮਸ਼ਹੂਰ ਸਿਲੀਕਾਨ ਵੈਲੀ ਵਿਚ ਸਥਿਤ ਇਸ ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਮਣੀ ਛਾਬੜਾ ਹਨ। ਜਾਂਚਕਰਤਾਵਾਂ ਨੇ ਦੇਖਿਆ ਕਿ ਕੰਪਨੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਕਰਮਚਾਰੀਆਂ ਦੀ ਤਨਖਾਹ ਵਿਚੋਂ ਕਟੌਤੀ ਕੀਤੀ ਹੈ।