ਪਾਕਿ ਦੀ ਸਿੰਧੂ ਜਲ ਸੰਧੀ ਸੰਬੰਧੀ ਸ਼ਿਕਾਇਤਾਂ ''ਤੇ ਵਿਸ਼ਵ ਬੈਂਕ ''ਚ ਸੁਣਵਾਈ ਸ਼ੁਰੂ

Tuesday, May 22, 2018 - 10:07 AM (IST)

ਪਾਕਿ ਦੀ ਸਿੰਧੂ ਜਲ ਸੰਧੀ ਸੰਬੰਧੀ ਸ਼ਿਕਾਇਤਾਂ ''ਤੇ ਵਿਸ਼ਵ ਬੈਂਕ ''ਚ ਸੁਣਵਾਈ ਸ਼ੁਰੂ

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨੀ ਵਫਦ ਨੇ ਵਿਸ਼ਵ ਬੈਂਕ ਦੇ ਸਾਹਮਣੇ ਸਿੰਧੂ ਜਲ ਸੰਧੀ ਵਿਚ ਭਾਰਤ ਦੀ ਕਥਿਤ ਉਲੰਘਣਾ ਦਾ ਮਾਮਲਾ ਉਠਾਇਆ ਹੈ। ਜਿਸ ਨੇ ਸੰਧੀ ਦੇ ਤਹਿਤ ਦੋਸਤਾਨਾ ਹੱਲਾਂ ਦੇ ਮੌਕੇ ਲੱਭਣ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਵਿਚ 330 ਮੈਗਾਵਾਟ ਕਿਸ਼ਨਗੰਗਾ ਪਣਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਕੁਝ ਦਿਨਾਂ ਬਾਅਦ ਕੱਲ ਇਸ ਮਾਮਲੇ 'ਤੇ ਬੈਠਕ ਹੋਈ। ਪਾਕਿਸਤਾਨ ਨੂੰ ਇਤਰਾਜ਼ ਹੈ ਕਿ ਉਸ ਦੇ ਦੇਸ਼ ਵਿਚ ਵਹਿ ਕੇ ਆਉਣ ਵਾਲੀ ਨਦੀ 'ਤੇ ਪ੍ਰੋਜੈਕਟ ਸ਼ੁਰੂ ਕਰਨ ਨਾਲ ਪਾਣੀ ਦੀ ਸਪਲਾਈ ਵਿਚ ਰੁਕਾਵਟ ਹੋਵੇਗੀ। 
ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਸ਼ੁੱਕਰਵਾਰ ਨੂੰ ਪਣਬਿਜਲੀ ਪ੍ਰੋਜੈਕਟ ਦੇ ਉਦਘਾਟਨ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਦੋਵੇਂ ਦੇਸ਼ਾਂ ਵਿਚਕਾਰ ਝਗੜੇ ਦੇ ਨਿਪਟਾਰੇ ਬਿਨਾ ਇਸ ਦਾ ਉਦਘਾਟਨ 'ਸਿੰਧੂ ਜਲ ਸੰਧੀ 1960' ਦੀ ਉਲੰਘਣਾ ਹੈ। ਜਿਸ ਦੇ ਤਹਿਤ ਸਾਂਝੀ ਨਦੀਆਂ ਵਿਚ ਪਾਣੀ ਦੀ ਵਰਤੋਂ ਲਈ ਨਿਯਮ ਬਣਾਏ ਗਏ ਹਨ। ਵਿਸ਼ਵ ਬੈਂਕ ਦੇ ਬੁਲਾਰੇ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ,''ਸਿੰਧੂ ਜਲ ਸੰਧੀ ਇਕ ਬਹੁਤ ਮਹੱਤਵਪੂਰਣ ਅੰਤਰ ਰਾਸ਼ਟਰੀ ਸਮਝੌਤਾ ਹੈ। ਜੋ ਭਾਰਤ-ਪਾਕਿਸਤਾਨ ਨੂੰ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਅਤੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰਭਾਵੀ ਜਲ ਪ੍ਰਬੰਧਨ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਲੋੜੀਂਦਾ ਸਰਕਾਰੀ ਢਾਂਚਾ ਪ੍ਰਦਾਨ ਕਰਦਾ ਹੈ।'' ਬੁਲਾਰੇ ਨੇ ਕਿਹਾ,''ਬੈਠਕਾਂ ਵਿਚ ਪਾਕਿਸਤਾਨੀ ਵਫਦ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਅਤੇ ਸੰਧੀ ਦੇ ਤਹਿਤ ਦੋਸਤਾਨਾ ਹੱਲਾਂ ਦੇ ਮੌਕੇ ਲੱਭਣ 'ਤੇ ਚਰਚਾ ਕੀਤੀ ਜਾ ਰਹੀ ਹੈ।'' ਵਿਸ਼ਵ ਬੈਂਕ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਸ਼ਿਕਾਇਤਾਂ ਦੀ ਪ੍ਰਕਿਰਤੀ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਕਰਵਾਈ। ਮਾਮਲੇ 'ਤੇ ਚਰਚਾ ਅੱਜ ਵੀ ਜਾਰੀ ਰਹੇਗੀ। 
ਪਾਕਿਸਤਾਨੀ ਵਫਦ ਦੀ ਅਗਵਾਈ ਅਟਾਰਨੀ ਜਨਰਲ ਅਸ਼ਤਰ ਔਸਾਫ ਕਰ ਰਹੇ ਹਨ। ਇਸਲਾਮਾਬਾਦ ਦਾ ਇਤਰਾਜ਼ ਹੈ ਕਿ ਪਣਬਿਜਲੀ ਪ੍ਰੋਜੈਕਟ ਦੋਹਾਂ ਦੇਸ਼ਾਂ ਵਿਚਕਾਰ ਹੋਈ ਸਿੰਧੂ ਜਲ ਸੰਧੀ (ਆਈ. ਡਬਲਊ. ਟੀ.) ਵਿਚ ਦਿੱਤੇ ਮਾਪਦੰਡਾਂ ਦੇ ਤਹਿਤ ਨਹੀਂ ਹੈ। ਉੱਥੇ ਭਾਰਤ ਦਾ ਕਹਿਣਾ ਹੈ ਕਿ ਪ੍ਰੋਜੈਕਟ ਸੰਧੀ ਦੇ ਮਾਨਕਾਂ ਦੇ ਤਹਿਤ ਤਿਆਰ ਕੀਤਾ ਗਿਆ ਹੈ।


Related News