ਲੋਕ ਭਲਾਈ ਕੈਪਟਨ ਸਰਕਾਰ ਦੇ ਏਜੰਡੇ ''ਚ ਸ਼ਾਮਲ ਹੀ ਨਹੀਂ : ਹਰਸਿਮਰਤ

Sunday, May 20, 2018 - 06:18 AM (IST)

ਲੋਕ ਭਲਾਈ ਕੈਪਟਨ ਸਰਕਾਰ ਦੇ ਏਜੰਡੇ ''ਚ ਸ਼ਾਮਲ ਹੀ ਨਹੀਂ : ਹਰਸਿਮਰਤ

ਚੰਡੀਗੜ੍ਹ(ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਦੀ ਗਰੀਬ-ਪੱਖੀ ਸਿਹਤ ਬੀਮਾ 'ਆਯੁਸ਼ਮਾਨ ਭਾਰਤ' ਯੋਜਨਾ ਨੂੰ ਲਾਗੂ ਨਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਲੋਕਾਂ ਦੀ ਭਲਾਈ ਕੈਪਟਨ ਸਰਕਾਰ ਦੇ ਏਜੰਡੇ 'ਚ ਸ਼ਾਮਲ ਹੀ ਨਹੀਂ ਹੈ । ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੂਰੇ ਭਾਰਤ 'ਚ ਲਾਗੂ ਕੀਤੀ ਜਾ ਰਹੀ 'ਆਯੁਸ਼ਮਾਨ ਭਾਰਤ' ਯੋਜਨਾ ਨੂੰ ਲਾਗੂ ਕਰਨ ਤੋਂ ਦਿੱਤੇ ਕੋਰੇ ਜਵਾਬ ਨਾਲ ਪੰਜਾਬ ਸਰਕਾਰ ਦੀ ਗਰੀਬ ਵਿਰੋਧੀ ਤੇ ਲੋਕ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 50 ਕਰੋੜ ਲੋਕਾਂ ਵਾਸਤੇ 5 ਲੱਖ ਪ੍ਰਤੀ ਪਰਿਵਾਰ ਲਈ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਹੈ ਪਰ ਅਜੀਬ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਦੀ ਥਾਂ ਸਿਰਫ 50 ਹਜ਼ਾਰ ਰੁਪਏ ਮੈਡੀਕਲ ਕਵਰ ਵਾਲੀ ਸਕੀਮ ਨੂੰ ਲਾਗੂ ਕਰ ਰਹੀ ਹੈ । 'ਆਯੁਸ਼ਮਾਨ ਭਾਰਤ' ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਕੇਂਦਰੀ ਸਿਹਤ ਮੰਤਰਾਲੇ ਨੇ ਹਰ ਸਾਲ 50 ਕਰੋੜ ਲਾਭਪਾਤਰੀਆਂ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਸਿਹਤ ਬੀਮਾ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਹੈ । ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਵਿੱਤੀ ਬੋਝ ਕੇਂਦਰ ਅਤੇ ਰਾਜਾਂ ਵਲੋਂ ਕ੍ਰਮਵਾਰ 60:40 ਦੇ ਅਨੁਪਾਤ ਨਾਲ ਉਠਾਇਆ ਜਾਣਾ ਹੈ । 


Related News