ਮਨਰੇਗਾ ਦੇ ਰਿਹੈ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ
Thursday, May 31, 2018 - 02:45 AM (IST)
ਅੰਮ੍ਰਿਤਸਰ, (ਦਲਜੀਤ)- ਮੁਕਾਬਲੇ ਦੇ ਇਸ ਯੁੱਗ 'ਚ ਜਿਥੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਤਕਨੀਕਾਂ ਨਾਲ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਹੀ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਸਿੱਖਿਆ ਨੂੰ ਦਿਲਚਸਪ ਬਣਾਉਣ ਲਈ ਲਗਾਤਾਰ ਕੰਮ ਹੋ ਰਿਹਾ ਹੈ। ਪੜ੍ਹੋ ਪੰਜਾਬ ਅਤੇ ਸਰਬ ਸਿੱਖਿਆ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮਨਰੇਗਾ ਅਧੀਨ ਗ੍ਰਾਮ ਪੰਚਾਇਤ ਦੇਵੀਦਾਸਪੁਰਾ ਬਲਾਕ ਜੰਡਿਆਲਾ ਗੁਰੂ ਦੇ ਸਰਕਾਰੀ ਹਾਈ ਸਕੂਲ 'ਚ ਸਟਾਫ ਵੱਲੋਂ ਮੈਥੇਮੈਟੀਕਲ ਪਾਰਕ ਦੀ ਉਸਾਰੀ ਕਰਵਾਈ ਗਈ ਹੈ।
ਕਰਨਦੀਪ ਸਿੰਘ ਏ. ਪੀ. ਓ. ਜੰਡਿਆਲਾ ਗੁਰੂ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿ) ਅੰਮ੍ਰਿਤਸਰ ਰਵਿੰਦਰ ਸਿੰਘ ਦੀ ਅਗਵਾਈ 'ਚ ਮੈਥ ਪਾਰਕ ਦਾ ਪ੍ਰਾਜੈਕਟ ਮੁਕੰਮਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਮਹਿਸੂਸ ਕੀਤਾ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਸਭ ਤੋਂ ਔਖਾ ਵਿਸ਼ਾ ਮੈਥ ਦਾ ਹੀ ਲੱਗਦਾ ਹੈ, ਜਿਸ ਦੇ ਹੱਲ ਲਈ ਹੀ ਮੈਥ ਪਾਰਕ ਦੀ ਉਸਾਰੀ ਬਾਰੇ ਸੋਚਿਆ ਗਿਆ ਸੀ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਾਠਕ੍ਰਮ ਅਨੁਸਾਰ ਹਿਸਾਬ ਦੇ ਵਿਸ਼ੇ 'ਚ ਵਰਤੇ ਜਾਂਦੇ ਹਰ ਡਾਇਆਗ੍ਰਾਮ ਜਿਵੇਂ ਤ੍ਰਿਭੁਜ, ਘਣ, ਸਿਲੰਡਰ, ਸ਼ੰਕੂ, ਅਰਧ ਵਿਆਸੀ ਖੰਡ, ਚੱਕਰ ਖੰਡ, ਕੋਨ ਆਦਿ ਨੂੰ 3 ਆਕਾਰ (ਥ੍ਰੀ-ਡਾਈਮੈਂਸ਼ਨ) ਵਿਚ ਉਨ੍ਹਾਂ ਦੇ ਫਾਰਮੂਲਿਆਂ ਸਮੇਤ ਇਸ ਪਾਰਕ ਨੂੰ ਬਣਾਇਆ ਗਿਆ ਹੈ।
ਇਸ ਪਾਰਕ ਦੇ ਆਲੇ-ਦੁਆਲੇ ਪੈਨਸਿਲ ਰੂਪ 'ਚ ਪਿੱਲਰ ਬਣਾਏ ਗਏ ਹਨ ਅਤੇ ਉਨ੍ਹਾਂ 'ਤੇ 26 ਤੱਕ ਪਹਾੜੇ ਲਿਖਵਾਏ ਗਏ ਹਨ। ਬਲਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਅਨੁਸਾਰ ਹਰ ਕਲਾਸ ਦਾ ਇਕ ਪੀਰੀਅਡ ਮੈਥ ਟੀਚਰ ਵੱਲੋਂ ਮੈਥ ਪਾਰਕ 'ਚ ਲਾਇਆ ਜਾਂਦਾ ਹੈ ਅਤੇ ਜਿਹੜੇ ਡਾਇਆਗ੍ਰਾਮ ਵਿਦਿਆਰਥੀਆਂ ਨੂੰ ਪਹਿਲਾਂ ਕਿਤਾਬ ਤੋਂ ਸਮਝਣੇ ਮੁਸ਼ਕਿਲ ਸਨ, ਉਹ ਹੁਣ ਉਨ੍ਹਾਂ ਨੂੰ ਜਲਦ ਸਮਝ ਆ ਰਹੇ ਹਨ ਤੇ ਬੱਚਿਆਂ ਦੀ ਹਿਸਾਬ ਪੜ੍ਹਨ ਦੀ ਰੁਚੀ ਵੀ ਵਧਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਅੱਧੀ ਛੁੱਟੀ ਵੇਲੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਖੇਡ-ਖੇਡ 'ਚ ਪਹਾੜੇ ਪੜ੍ਹਦੇ ਅਤੇ ਯਾਦ ਕਰਦੇ ਦੇਖੇ ਜਾ ਸਕਦੇ ਹਨ। ਵਿਦਿਆਰਥੀਆਂ ਦੀ ਮੈਥ ਪ੍ਰਤੀ ਵੱਧਦੀ ਰੁਚੀ ਤੋਂ ਮਨਰੇਗਾ ਅਧੀਨ ਬਣਾਇਆ ਮੈਥ ਪਾਰਕ ਆਪਣਾ ਮਕਸਦ ਪੂਰਾ ਕਰਦਾ ਨਜ਼ਰ ਆ ਰਿਹਾ ਹੈ।
