ਜ਼ਰਾ ਬਚ ਕੇ ! ਘੱਟ ਵਜ਼ਨੀ ਵੱਟਿਆਂ ਨਾਲ ਵੇਚੀਆਂ ਜਾ ਰਹੀਆਂ ਨੇ ਫਲ-ਸਬਜ਼ੀਆਂ
Thursday, May 31, 2018 - 05:03 AM (IST)
ਦੋਰਾਹਾ(ਗੁਰਮੀਤ ਕੌਰ)-ਜ਼ਰਾ ਬੱਚ ਕੇ! ਦੋਰਾਹਾ ਇਲਾਕੇ 'ਚ ਕੁਝ ਕੁ ਰੇਹੜੀਆਂ-ਫੜ੍ਹੀਆਂ ਵਾਲੇ ਜੋ ਕਿ ਫਲ-ਸਬਜ਼ੀਆਂ ਵਗੈਰਾ ਵੇਚਦੇ ਹਨ, ਵੱਲੋਂ ਘੱਟ ਵਜ਼ਨੀ ਵੱਟੇ ਰੱਖ ਕੇ ਗਾਹਕਾਂ ਨੂੰ ਘੱਟ ਫਲ-ਸਬਜ਼ੀਆਂ ਤੋਲ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਤੋਂ ਫਲ-ਸਬਜ਼ੀਆਂ ਖਰੀਦਣ ਵਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਕੁਝ ਦੋਰਾਹਾ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਫਰੂਟ ਵੇਚ ਰਹੇ ਇਕ ਰੇਹੜੀ-ਫੜ੍ਹੀ ਵਾਲੇ 'ਤੇ ਸ਼ੱਕ ਪੈਣ 'ਤੇ ਇਕ ਕਿਲੋਗ੍ਰਾਮ ਵਾਲਾ ਵੱਟਾ ਚੈੱਕ ਕੀਤਾ ਗਿਆ ਤਾਂ ਵੱਟੇ ਦਾ ਵਜ਼ਨ 100 ਗ੍ਰਾਮ ਘੱਟ ਪਾਇਆ ਗਿਆ ਤੇ ਵੱਟੇ 'ਚੋਂ 100 ਗ੍ਰਾਮ ਦੇ ਸਿੱਕੇ ਕੱਢੇ ਹੋਏ ਸਨ ਜਦੋਂ ਫਰੂਟ ਵਿਕਰੇਤਾ ਨੂੰ ਪੁੱਛਿਆ ਗਿਆ ਕਿ ਵੱਟਾ ਘੱਟ ਭਾਰ ਦਾ ਕਿਉਂ ਰੱਖਿਆ ਹੋਇਆ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੇਰਾ ਵੱਟਾ ਕੋਈ ਚੋਰੀ ਕਰ ਕੇ ਲੈ ਗਿਆ ਤੇ ਘੱਟ ਭਾਰ ਵਾਲਾ ਵੱਟਾ ਮੇਰੀ ਰੇਹੜੀ 'ਤੇ ਰੱਖ ਗਿਆ। ਰੇਹੜੀ ਵਾਲੇ ਦਾ ਅਜਿਹਾ ਜਵਾਬ ਸੁਣ ਕੇ ਹੈਰਾਨੀ ਦੀ ਹੱਦ ਨਾ ਰਹੀ। ਭਾਵੇਂ ਹਰ ਵਿਅਕਤੀ ਰੇਹੜੀ-ਫੜ੍ਹੀ ਵਾਲੇ ਤੋਂ ਫਲ-ਸਬਜ਼ੀ ਉਸ ਨੂੰ ਗਰੀਬ ਸਮਝ ਕੇ ਖਰੀਦਦਾ ਹੈ, ਪਰ ਉਹ ਇਸ ਗੱਲ ਤੋਂ ਸ਼ਾਇਦ ਅਣਜਾਣ ਹੁੰਦੇ ਹਨ ਕਿ ਅਜਿਹੇ ਕੁਝ ਗਰੀਬ ਦਿਖਣ ਵਾਲੇ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਲੋਕਾਂ ਨੂੰ ਘੱਟ ਭਾਰ ਦੇ ਵੱਟਿਆਂ ਰਾਹੀਂ ਘੱਟ ਫਲ-ਸਬਜ਼ੀਆਂ ਵੇਚ ਕੇ ਪੂਰੇ ਪੈਸੇ ਲੈ ਕੇ ਚੂਨਾ ਲਾਇਆ ਜਾ ਰਿਹਾ ਹੈ। ਰੋਜ਼ਾਨਾ ਫਲ-ਸਬਜ਼ੀਆਂ ਖਰੀਦਣ ਵਾਲੇ ਲੋਕਾਂ ਨੂੰ ਅਜਿਹੇ ਫਲ-ਸਬਜ਼ੀ ਵਿਕਰੇਤਾਵਾਂ ਤੋਂ ਸੁਚੇਤ ਹੋ ਕੇ ਵੱਟੇ ਵਗੈਰਾ ਚੈੱਕ ਕਰ ਕੇ ਹੀ ਸਬਜ਼ੀ ਖਰੀਦਣੀ ਚਾਹੀਦੀ ਹੈ ਤਾਂ ਜੋ ਰੇਹੜੀਆਂ-ਫੜ੍ਹੀਆਂ ਵਾਲਿਆਂ ਦੀ ਇਸ ਚਲਾਕੀ ਨੂੰ ਫੜ ਕੇ ਫੂਡ ਸਪਲਾਈ ਵਿਭਾਗ ਨੂੰ ਸੂਚਿਤ ਕਰ ਕੇ ਕਾਰਵਾਈ ਕੀਤੀ ਜਾ ਸਕੇ।
