ਬਾਜ਼ਾਰ ਦੀ ਚਾਲ ''ਤੇ ਇਨ੍ਹਾਂ ਫੈਕਟਰ ਦਾ ਦਿਸੇਗਾ ਅਸਰ

05/20/2018 3:35:04 PM

ਮੁੰਬਈ— ਬੀਤੇ ਹਫਤੇ ਗਿਰਾਵਟ 'ਚ ਰਹਿਣ ਵਾਲੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਅਗਲੇ ਹਫਤੇ ਕੌਮਾਂਤਰੀ ਰੁਖ, ਕੱਚੇ ਤੇਲ ਦੀਆਂ ਕੀਮਤਾਂ, ਭਾਰਤੀ ਕਰੰਸੀ ਦੀ ਚਾਲ ਅਤੇ ਕੰਪਨੀਆਂ ਦੇ ਵਿੱਤੀ ਨਤੀਜਿਆਂ ਨਾਲ ਤੈਅ ਹੋਵੇਗੀ। ਪਿਛਲੇ ਹਫਤੇ ਸੈਂਸੈਕਸ 687.49 ਅੰਕ ਯਾਨੀ 1.93 ਫੀਸਦੀ ਦੀ ਹਫਤਾਵਾਰੀ ਗਿਰਾਵਟ ਨਾਲ 34,848.30 'ਤੇ ਅਤੇ ਨਿਫਟੀ 210.10 ਅੰਕ ਯਾਨੀ 1.94 ਫੀਸਦੀ ਡਿੱਗ ਕੇ 10,594.40 'ਤੇ ਬੰਦ ਹੋਇਆ ਸੀ। ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 448.31 ਅੰਕ ਡਿੱਗ ਕੇ 15,895.68 'ਤੇ ਅਤੇ ਸਮਾਲ ਕੈਪ 491.31 ਅੰਕ ਦੀ ਗਿਰਾਵਟ 'ਚ 17,326.78 'ਤੇ ਬੰਦ ਹੋਇਆ। ਹੁਣ ਅਗਲੇ ਹਫਤੇ ਵਿਦੇਸ਼ੀ ਸੰਕੇਤਾਂ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਬਾਜ਼ਾਰ ਦੀ ਚਾਲ ਨਿਰਧਾਰਤ ਕਰਨਗੇ। 

22 ਮਈ ਨੂੰ ਡਾ. ਰੈਡੀਜ਼, ਸਿਪਲਾ, ਬਾਟਾ ਇੰਡੀਆ, ਭਾਰਤੀ ਸਟੇਟ ਬੈਂਕ, ਆਂਧਰਾ ਬੈਂਕ ਅਤੇ ਆਈ. ਓ. ਸੀ. ਦੇ ਨਤੀਜੇ ਜਾਰੀ ਹੋਣਗੇ। ਉੱਥੇ ਹੀ, 23 ਮਈ ਨੂੰ ਟਾਟਾ ਮੋਟਰਜ਼ ਅਤੇ ਜੈੱਟ ਏਅਰਵੇਜ਼, 24 ਮਈ ਨੂੰ ਗੇਲ ਅਤੇ ਗਲੈਕਸੋ ਸਮਿਥ ਕਲਾਈਨ, ਫਿਰ 25 ਨੂੰ ਸਨ ਫਾਰਮਾ, ਟੈੱਕ ਮਹਿੰਦਰਾ, ਕੈਡਿਲਾ ਹੈਲਥਕੇਅਰ, ਐੱਨ. ਬੀ. ਸੀ. ਸੀ., ਬੈਂਕ ਆਫ ਬੜੌਦਾ ਅਤੇ ਬੀ. ਈ. ਐੱਮ. ਐੱਲ. ਦੇ ਵਿੱਤੀ ਨਤੀਜੇ ਜਾਰੀ ਹੋਣ ਹਨ। ਮਾਹਰਾਂ ਮੁਤਾਬਕ, ਬੀਤੇ ਹਫਤੇ ਸ਼ਨੀਵਾਰ ਨੂੰ ਕਰਨਾਟਕ 'ਚ ਹੋਏ ਰਾਜਨੀਤਕ ਡਰਾਮੇ ਦਾ ਅਸਰ ਵੀ ਅਗਲੇ ਹਫਤੇ ਸ਼ੇਅਰ ਬਾਜ਼ਾਰ 'ਤੇ ਦਿਸੇਗਾ। ਸ਼ਨੀਵਾਰ ਨੂੰ ਭਾਜਪਾ ਦੇ ਬੀ. ਐੱਸ. ਯੇਦੀਰੱਪਾ ਨੂੰ ਹਾਈ ਵੋਲਟਜ਼ ਡਰਾਮੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਨਿਵੇਸ਼ਕਾਂ ਨੇ ਇਸ ਘਟਨਾ ਦੇ ਬਾਅਦ ਇਹ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕੀ 2019 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੁਬਾਰਾ ਸੱਤਾ 'ਚ ਆਵੇਗੀ। ਇਨ੍ਹਾਂ ਸਭ ਫੈਕਟਰ ਦਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ।


Related News