HIV ਪੀੜਤ ਵਿਅਕਤੀ ਨੂੰ ਮਿਲਿਆ ਇਨਸਾਫ, ਮੁਆਵਜ਼ੇ ਸਮੇਤ ਵਾਪਸ ਮਿਲੀ ਨੌਕਰੀ

05/22/2018 5:35:11 PM

ਬੀਜਿੰਗ (ਬਿਊਰੋ)— ਚੀਨ ਵਿਚ ਰਹਿੰਦੇ ਇਕ ਵਿਅਕਤੀ ਦੀ ਕਿਸਮਤ ਅਦਾਲਤ ਦੇ ਇਕ ਫੈਸਲੇ ਨੇ ਬਦਲ ਦਿੱਤੀ ਹੈ। ਅਸਲ ਵਿਚ ਐੱਚ. ਆਈ. ਵੀ ਪੋਜ਼ੀਟਿਵ ਹੋਣ ਕਾਰਨ ਇਸ ਵਿਅਕਤੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹੁਣ ਅਦਾਲਤ ਦੇ ਫੈਸਲੇ ਦੇ ਬਾਅਦ ਉਸ ਨੂੰ ਕੰਪਨੀ ਨੇ ਦੁਬਾਰਾ ਨੌਕਰੀ 'ਤੇ ਰੱਖ ਲਿਆ ਹੈ। ਇਸ ਦੇ ਨਾਲ ਹੀ 60 ਹਜ਼ਾਰ ਯੁਆਨ ਬਤੌਰ ਹਰਜ਼ਾਨੇ ਦੇ ਤੌਰ 'ਤੇ ਦਿੱਤੇ ਹਨ।
ਦੱਸਣਯੋਗ ਹੈ ਕਿ ਵਿਅਕਤੀ ਅਤੇ ਕੰਪਨੀ ਦੀ ਪਛਾਣ ਗੁਪਤ ਰੱਖੀ ਗਈ ਹੈ। ਇਕ ਸਾਲ ਤੱਕ ਕਾਨੂੰਨੀ ਲੜਾਈ ਲੜਨ ਮਗਰੋਂ ਦੱਖਣੀ-ਪੱਛਮੀ ਸਿਚੁਆਨ ਸੂਬੇ ਦੇ ਜੇਈ ਪੇਂਗ (ਬਦਲਿਆ ਹੋਇਆ ਨਾਮ) ਨੂੰ ਨੌਕਰੀ 'ਤੇ ਜਾਣ ਦਾ ਮੌਕਾ ਮਿਲਿਆ ਹੈ। ਜੇਈ ਨੇ ਬੀਤੇ ਸਾਲ 7 ਅਪ੍ਰੈਲ ਨੂੰ ਕੰਪਨੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਇਕ ਮਹੀਨੇ ਦੇ ਟੈਸਟ ਦੇ ਬਾਅਦ ਜੇਈ ਨੂੰ ਕਿਹਾ ਗਿਆ ਕਿ ਉਸ ਨੂੰ ਆਨ ਰੋਲ ਕੀਤਾ ਜਾਵੇਗਾ। ਇਸ ਦੇ ਤਹਿਤ ਉਸ ਨੂੰ ਹੈਲਥ ਚੈਕਅੱਪ ਲਈ ਭੇਜਿਆ ਗਿਆ। ਚੈਕਅੱਪ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ ਕਿ ਉਹ ਐੱਚ. ਆਈ. ਵੀ ਪੋਜ਼ੀਟਿਵ ਹੈ। ਰਿਪੋਰਟ ਦੇਖ ਕੇ ਉਸ ਦੇ ਬੌਸ ਦਾ ਰਵੱਈਆ ਉਸ ਪ੍ਰਤੀ ਬਦਲ ਗਿਆ। 
ਜੂਨ ਵਿਚ ਉਸ ਨੂੰ ਕਿਹਾ ਗਿਆ ਕਿ ਉਹ ਘਰ ਜਾ ਕੇ ਆਰਾਮ ਕਰੇ। ਉਦੋਂ ਉਸ ਨੂੰ 3 ਹਜ਼ਾਰ ਯੁਆਨ ਦਿੱਤੇ ਗਏ। ਬੌਸ ਦੇ ਫੈਸਲੇ ਨਾਲ ਨਿਰਾਸ਼ ਹੋ ਕੇ ਉਸ ਨੇ ਅਦਾਲਤ ਦਾ ਦਰਵਾਜਾ ਖੜਕਾਇਆ। ਲੱਗਭਗ ਇਕ ਸਾਲ ਦੀ ਅਦਾਲਤੀ ਕਾਰਵਾਈ ਦੇ ਬਾਅਦ ਜੇਈ ਨੂੰ ਆਖਿਰ ਇਨਸਾਫ ਮਿਲ ਹੀ ਗਿਆ।


Related News