ਚੱਢਾ ਸ਼ੂਗਰ ਮਿਲ ਖਿਲਾਫ ਚੱਲੇਗਾ ਮੁਕੱਦਮਾ

Tuesday, May 22, 2018 - 04:13 AM (IST)

ਚੰਡੀਗੜ੍ਹ (ਅਸ਼ਵਨੀ)  - ਬਿਆਸ ਨਦੀ ਪ੍ਰਦੂਸ਼ਣ ਦੇ ਮਾਮਲੇ 'ਚ ਚੱਢਾ ਸ਼ੂਗਰ ਮਿਲ ਖਿਲਾਫ ਮੁਕੱਦਮਾ ਚੱਲੇਗਾ। ਬਟਾਲਾ ਕੋਰਟ ਨੇ ਵਣਜੀਵ ਵਿਭਾਗ ਦੀ ਅਰਜ਼ੀ 'ਤੇ ਸੁਣਵਾਈ ਦੀ ਤਾਰੀਖ ਮੁਕੱਰਰ ਕਰ ਦਿੱਤੀ ਹੈ। ਅਗਲੀ ਸੁਣਵਾਈ ਇਕ ਹਫ਼ਤੇ ਬਾਅਦ ਹੋਵੇਗੀ। ਸ਼ੂਗਰ ਮਿਲ ਖਿਲਾਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਣਜੀਵ ਵਿਭਾਗ ਨੇ ਕੋਰਟ 'ਚ ਅਰਜ਼ੀ ਦਾਖਲ ਕੀਤੀ ਸੀ। ਪਠਾਨਕੋਟ ਦੇ ਡਵੀਜ਼ਨ ਫਾਰੈਸਟ ਅਫਸਰ ਰਾਜੇਸ਼ ਮਹਾਜਨ ਮੁਤਾਬਕ ਕੋਰਟ ਨੇ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਵਿਭਾਗ ਵੱਲੋਂ ਮਾਮਲੇ ਸਬੰਧੀ ਜੁੜੇ ਕੁਝ ਤੱਥ ਮੰਗੇ ਹਨ। ਹਫ਼ਤੇ ਬਾਅਦ ਅਗਲੀ ਸੁਣਵਾਈ 'ਤੇ ਇਨ੍ਹਾਂ ਨੂੰ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਵਣਜੀਵ ਵਿਭਾਗ ਨੇ ਇਸ ਮਾਮਲੇ 'ਚ ਪਹਿਲਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਸ਼ਿਕਾਇਤ 'ਤੇ ਹੀ ਕਈ ਇਤਰਾਜ਼ ਲਾ ਦਿੱਤੇ ਸਨ। ਇਸ ਲਈ ਵਿਭਾਗ ਨੂੰ ਸਿੱਧੇ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ।
ਕਮੇਟੀ ਅੱਜ ਸੌਂਪੇਗੀ ਰਿਪੋਰਟ
ਬਿਆਸ ਪ੍ਰਦੂਸ਼ਣ ਮਾਮਲੇ 'ਤੇ ਮੰਗਲਵਾਰ ਨੂੰ ਜਾਂਚ ਰਿਪੋਰਟ ਪੇਸ਼ ਹੋਣੀ ਹੈ। ਵਾਤਾਵਰਣ ਮੰਤਰੀ ਓ. ਪੀ. ਸੋਨੀ ਦੇ ਨਿਰਦੇਸ਼ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰਜ਼ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂਕਿ ਬਿਆਸ ਪ੍ਰਦੂਸ਼ਣ ਦੇ ਅਸਲ ਕਾਰਨ ਦਾ ਪਤਾ ਲਾਇਆ ਜਾ ਸਕੇ। ਬੋਰਡ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕਮੇਟੀ ਨੇ ਮੌਕੇ ਦਾ ਮੁਆਇਨਾ ਕਰ ਕੇ ਸਾਰੇ ਤੱਥਾਂ ਦੀ ਜਾਂਚ-ਪੜਤਾਲ ਕੀਤੀ ਹੈ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਹ ਰਿਪੋਰਟ ਤਹਿ ਕਰੇਗੀ ਕਿ ਸ਼ੂਗਰ ਮਿਲ ਖਿਲਾਫ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ, 1986 ਅਤੇ ਦਿ ਵਾਟਰ (ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪਾਲਿਊਸ਼ਨ) ਐਕਟ, 1974 ਤਹਿਤ ਮਾਮਲਾ ਦਰਜ ਹੋਵੇਗਾ ਜਾਂ ਨਹੀਂ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀ ਜਾਂਚ ਤੋਂ ਪਹਿਲਾਂ ਹੀ ਕਹਿੰਦੇ ਰਹੇ ਹਨ ਕਿ ਇਹ ਸਿਰਫ਼ ਇਕ ਹਾਦਸਾ ਹੈ।
ਵਣਜੀਵ ਵਿਭਾਗ ਨੇ ਇਕ ਦਿਨ ਰੋਕੀ ਜਾਂਚ ਮੁਹਿੰਮ
ਉਧਰ, ਹਰੀਕੇ ਪੱਤਣ ਵਿਚ ਪ੍ਰਦੂਸ਼ਣ ਕਾਰਨ ਵਣਜੀਵ ਵਿਭਾਗ ਨੇ ਇਕ ਦਿਨ ਲਈ ਜਾਂਚ ਮੁਹਿੰਮ 'ਤੇ ਰੋਕ ਲਾ ਦਿੱਤੀ ਹੈ। ਚੀਫ ਵਾਈਲਡ ਲਾਈਫ ਵਾਰਡਨ ਕੁਲਦੀਪ ਕੁਮਾਰ ਅਨੁਸਾਰ ਜਦੋਂ ਤੋਂ ਬਿਆਸ 'ਚ ਸ਼ੂਗਰ ਮਿਲ ਦਾ ਸੀਰਾ ਘੁਲਿਆ ਹੈ, ਉਦੋਂ ਤੋਂ ਵਣਜੀਵ ਵਿਭਾਗ ਦਾ ਸਟਾਫ ਲਗਾਤਾਰ ਜਲ ਜੀਵਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਾਂਚ ਮੁਹਿੰਮ ਚਲਾ ਰਿਹਾ ਹੈ। ਹਰੀਕੇ ਪੱਤਣ 'ਚ ਪਾਣੀ ਕਾਫ਼ੀ ਪ੍ਰਦੂਸ਼ਿਤ ਹੈ, ਇਸ ਲਈ ਇਥੇ ਕਿਸ਼ਤੀ ਦੇ ਜ਼ਰੀਏ ਸਰਚ ਨਹੀਂ ਹੋ ਪਾ ਰਹੀ ਹੈ। ਇਸ ਲਈ ਇਕ ਦਿਨ ਲਈ ਜਾਂਚ ਮੁਹਿੰਮ ਰੋਕ ਦਿੱਤੀ ਗਈ ਹੈ। ਹਾਲਾਂਕਿ ਫੀਲਡ ਸਟਾਫ ਬਿਆਸ ਦੇ ਕਿਨਾਰਿਆਂ 'ਤੇ ਦੂਰਬੀਨ ਦੇ ਜ਼ਰੀਏ ਸਰਚ ਜਾਰੀ ਰੱਖੇਗਾ। ਉਂਝ ਹਾਲੇ ਤੱਕ ਬਿਆਸ ਨਦੀ ਵਿਚ 2 ਡਾਲਫਿਨ ਅਤੇ ਇਕ ਬੇਬੀ ਡਾਲਫਿਨ ਤੋਂ ਇਲਾਵਾ 2 ਦਰਜਨ ਤੋਂ  ਜ਼ਿਆਦਾ ਘੜਿਆਲ ਦੇਖੇ ਜਾ ਚੁੱਕੇ ਹਨ।


Related News