ਕੈਨੇਡਾ ਨੇ ਸ਼ਾਹੀ ਵਿਆਹ ਦੀ ਖੁਸ਼ੀ ''ਚ 50 ਹਜ਼ਾਰ ਡਾਲਰ ਕੀਤੇ ਦਾਨ
Sunday, May 20, 2018 - 01:25 AM (IST)

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਾਰਕਲ ਦੇ ਵਿਆਹ ਦਾ ਜਸ਼ਨ ਮਨਾਉਣ ਲਈ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰਨਗੇ। ਟਰੂਡੋ, ਜਿਨ੍ਹਾਂ ਨੂੰ ਇਸ ਵਿਆਹ 'ਚ ਬੁਲਾਇਆ ਨਹੀਂ ਗਿਆ ਸੀ, ਨੇ ਵਿਆਹ ਦਾ ਜਸ਼ਨ ਮਨਾਉਣ ਲਈ ਇਸ ਸਬੰਧ 'ਚ ਇਕ ਬਿਆਨ ਵੀ ਜਾਰੀ ਕੀਤਾ।
ਟਰੂਡੋ ਨੇ ਆਪਣੇ ਬਿਆਨ 'ਚ ਕਿਹਾ ਕਿ ਸੋਫੀ ਤੇ ਮੈਂ ਕੈਨੇਡਾ ਦੀ ਸਰਕਾਰ ਵਲੋਂ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਵਾਂ ਵਿਆਹਿਆ ਜੋੜਾ ਉਮਰ ਭਰ ਖੁਸ਼ ਰਹੇ ਤੇ ਜ਼ਿੰਦਗੀ ਦੇ ਨਵੇਂ ਸਫਰ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਇਹ ਦਾਨ ਜੰਪਸਟਾਰਟ ਚੈਰਿਟੀ ਨੂੰ ਦਿੱਤਾ ਜਾਵੇਗਾ। ਇਹ ਕੈਨੇਡੀਅਨ ਚੈਰਿਟੀ ਖੇਡਾਂ ਨੂੰ ਉਨ੍ਹਾਂ ਬੱਚਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜੋ ਕਿ ਆਰਥਿਕ ਤੰਗੀ ਕਾਰਨ ਖੇਡਾਂ 'ਚ ਹਿੱਸਾ ਨਹੀਂ ਲੈ ਸਕਦੇ। ਜੰਪਸਟਾਰਟ ਚੈਰਿਟੀ ਨੇ ਤੁਰੰਤ ਟਰੂਡੋ ਦੇ ਬਿਆਨ 'ਤੇ ਰਿਸਪੋਂਡ ਕੀਤਾ ਤੇ ਟਰੂਡੋ ਦੇ ਤੋਹਫੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।