ਵਿਜੀਲੈਂਸ ਦੇ ਨਾਂ ''ਤੇ ਬਲੈਕਮੇਲਿੰਗ ਕਰਨ ਵਾਲਾ ਗ੍ਰਿਫਤਾਰ
Sunday, May 20, 2018 - 04:55 AM (IST)

ਖੰਨਾ(ਸੁਨੀਲ)-ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਲਈ ਵਿਸ਼ੇਸ਼ ਕਰਕੇ ਨਗਰ ਕੌਂਸਲ 'ਚ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਬਲੈਕਮੇਲ ਕਰਨ ਨੂੰ ਲੈ ਕੇ ਆਪਣੇ ਆਪ ਨੂੰ ਆਰ. ਟੀ. ਆਈ. ਐਕਟੀਵਿਸਟ ਦੱਸਣ ਵਾਲਾ ਸਥਾਨਕ ਕ੍ਰਿਸ਼ਨਾ ਨਗਰ ਵਾਸੀ ਰਮਨਦੀਪ ਸਿੰਘ ਆਹਲੂਵਾਲੀਆ ਨੂੰ ਆਖ਼ਿਰਕਾਰ ਅੱਜ ਠੇਕੇਦਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਮੋਹਾਲੀ ਦੀ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕਰਕੇ ਮੋਹਾਲੀ ਲਿਜਾਣ ਤੋਂ ਬਾਅਦ ਉਸ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਵਿਜੀਲੈਂਸ 'ਚ ਇੰਸਪੈਕਟਰ ਤਾਇਨਾਤ ਧਰਮਪਾਲ ਨੇ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀ ਪਿਛਲੇ 20-22 ਦਿਨਾਂ ਤੋਂ ਖੰਨਾ 'ਚ ਠੇਕੇਦਾਰੀ ਦਾ ਕੰਮ ਕਰ ਰਹੇ ਅੰਬੀ ਪੰਡਿਤ ਤੋਂ ਵਿਜੀਲੈਂਸ ਦੇ ਨਾਮ 'ਤੇ ਰਿਸ਼ਵਤ ਦੇ ਰੂਪ 'ਚ ਲੱਖਾਂ ਰੁਪਏ ਦੀ ਡਿਮਾਂਡ ਕਰਨ ਦੇ ਨਾਲ-ਨਾਲ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸਦੇ ਕਾਰਨ ਉਸਨੇ ਇਕ ਸ਼ਿਕਾਇਤ ਉਨ੍ਹਾਂ ਦੇ ਦਫ਼ਤਰ ਮੋਹਾਲੀ ਨੂੰ ਦਿੱਤੀ। ਧਰਮਪਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਠੇਕੇਦਾਰ ਨੂੰ ਇਹ ਕਹਿ ਕੇ ਧਮਕਾ ਰਿਹਾ ਸੀ ਕਿ ਉਸਦਾ ਇਕ ਕਰੀਬੀ ਰਿਸ਼ਤੇਦਾਰ ਵਿਜੀਲੈਂਸ 'ਚ ਕਾਫ਼ੀ ਉਚ ਅਹੁੱਦੇ 'ਤੇ ਤਾਇਨਾਤ ਹੈ, ਜਿਸ ਕਾਰਨ ਉਹ ਵਰਤਮਾਨ ਸਮੇਂ ਦੇ ਨਾਲ-ਨਾਲ ਜੋ ਉਸਨੇ ਪਹਿਲਾਂ ਕੰਮ ਕੀਤੇ ਹਨ, ਦੀ ਜਾਂਚ ਕਰਵਾਉਂਦੇ ਹੋਏ ਜੁਰਮਾਨੇ ਦੇ ਰੂਪ ਵਿਚ ਲੱਖਾਂ ਰੁਪਏ ਪਨੈਲਿਟੀ ਲਗਵਾ ਦੇਵੇਗਾ। ਉਥੇ ਹੀ ਉਸਨੇ ਠੇਕੇਦਾਰ ਨੂੰ ਧਮਕਾਉਂਦੇ ਕਿਹਾ ਕਿ ਇਸਦੇ ਬਦਲੇ ਉਹ ਉਸਨੂੰ 1 ਲੱਖ ਰੁਪਏ ਰਿਸ਼ਵਤ ਦੇਵੇ। ਤੰਗ ਹੋ ਕੇ ਠੇਕੇਦਾਰ ਅੰਬੀ ਪੰਡਿਤ ਨੇ ਇਸਦੀ ਸੂਚਨਾ ਵਿਜੀਲੈਂਸ ਨੂੰ ਦਿੱਤੀ। ਇਸ 'ਤੇ ਵਿਜੀਲੈਂਸ ਦੀ ਇਕ ਟੀਮ, ਜਿਸ ਵਿਚ 10 ਪੁਲਸ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ, ਨੇ ਡੀ. ਐੱਸ. ਪੀ. ਧਰਮਪਾਲ ਦੀ ਅਗਵਾਈ ਵਿਚ ਸ਼ਿਕਾਇਤਕਰਤਾ ਨੂੰ 2-2 ਹਜ਼ਾਰ ਦੇ 25 ਨੋਟ ਸਪ੍ਰੇਅ ਕਰਨ ਉਪਰੰਤ ਆਹਲੂਵਾਲੀਆ ਨੂੰ ਦੇਣ ਦੇ ਲਈ ਫੜਾ ਦਿੱਤੇ, ਜਦੋਂ ਪੈਸੇ ਦੇਣ ਲਈ ਠੇਕੇਦਾਰ ਨੂੰ ਫੋਨ ਕੀਤਾ ਤਾਂ ਉਸਨੇ ਬਾਹਰ ਆਉਣ ਦੀ ਬਜਾਏ ਉਸਨੂੰ ਘਰ ਸੱਦ ਲਿਆ। ਵਿਜੀਲੈਂਸ ਨੇ ਆਪਣਾ ਇਕ ਅਧਿਕਾਰੀ ਠੇਕੇਦਾਰ ਦੇ ਨਾਲ ਉਸਦੇ ਘਰ ਭੇਜ ਦਿੱਤਾ, ਜਿੱਥੇ ਵਿਜੀਲੈਂਸ ਅਧਿਕਾਰੀ ਦੇ ਸਾਹਮਣੇ ਹੀ ਆਹਲੂਵਾਲੀਆ ਨੇ ਸਪ੍ਰੇਅ ਲੱਗੇ 2-2 ਹਜ਼ਾਰ ਦੇ 25 ਨੋਟ ਫੜ ਲਏ, ਜਿਸਦੀ ਸੂਚਨਾ ਉਦੋਂ ਹੋਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਟੀਮ ਨੇ ਆਹਲੂਵਾਲੀਆ ਨੂੰ ਮੌਕੇ 'ਤੇ ਗ੍ਰਿਫਤਾਰ ਕਰਦੇ ਹੋਏ ਰਿਸ਼ਵਤ ਦੇ 50 ਹਜ਼ਾਰ ਰੁਪਏ ਬਰਾਮਦ ਕਰ ਲਏ।