ਜਲੰਧਰ ਤੋਂ ਡਿਊਟੀ ''ਤੇ ਆਇਆ ਪੁਲਸ ਕਰਮੀ ਮੋਹਾਲੀ ''ਚ ਹਾਦਸੇ ਦਾ ਸ਼ਿਕਾਰ
Saturday, Jun 02, 2018 - 12:08 PM (IST)

ਮੋਹਾਲੀ (ਕੁਲਦੀਪ) : ਜਲੰਧਰ ਸ਼ਹਿਰ ਦੇ ਇਕ ਪੁਲਸ ਸਟੇਸ਼ਨ ਤੋਂ ਮੋਹਾਲੀ ਦੇ ਫੇਜ਼-4 ਸਥਿਤ ਲੈਬਾਰਟਰੀ ਵਿਚੋਂ ਕੇਸਾਂ ਦੀਆਂ ਰਿਪੋਰਟਾਂ ਲੈਣ ਆਇਆ ਪੁਲਸ ਕਰਮਚਾਰੀ ਅਮਰਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ । ਉਸ ਨੂੰ ਇਲਾਜ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਦੀ ਲੱਤ 'ਤੇ ਦੋ ਥਾਵਾਂ 'ਤੇ ਫਰੈਕਚਰ ਆਏ ਹਨ ।
ਹਸਪਤਾਲ ਵਿਚ ਇਲਾਜ ਅਧੀਨ ਕਾਂਸਟੇਬਲ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਦੇ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਵਿਚ ਤਾਇਨਾਤ ਹੈ । ਅੱਜ ਉਹ ਫੇਜ਼-4 ਮੋਹਾਲੀ ਸਥਿਤ ਲੈਬ ਤੋਂ ਰਿਪੋਰਟਾਂ ਲੈਣ ਲਈ ਆਇਆ ਸੀ । ਰਿਪੋਰਟਾਂ ਲੈਣ ਉਪਰੰਤ ਉਹ ਕਿਸੇ ਐਕਟਿਵਾ ਸਕੂਟਰ 'ਤੇ ਲਿਫਟ ਲੈ ਕੇ ਪੀ. ਟੀ. ਐੱਲ. ਲਾਈਟਾਂ 'ਤੇ ਪਹੁੰਚਿਆ, ਜਿਥੋਂ ਪੈਦਲ ਚੱਲ ਕੇ ਉਸਨੇ ਬੱਸ ਸਟੈਂਡ ਤਕ ਜਾਣਾ ਸੀ ਤੇ ਜਲੰਧਰ ਲਈ ਬੱਸ ਲੈਣੀ ਸੀ ।
ਲਾਈਟਾਂ 'ਤੇ ਸਕੂਟਰ ਰੁਕਣ 'ਤੇ ਅਜੇ ਉਹ ਉਤਰਨ ਹੀ ਲੱਗਾ ਸੀ ਕਿ ਇਕ ਸਾਈਡ ਤੋਂ ਆਈ ਲੋਗਾਨ ਕਾਰ ਨੇ ਉਸ ਐਕਟਿਵਾ ਸਕੂਟਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਚਾਲਕ ਕਾਰ ਸਮੇਤ ਫਰਾਰ ਹੋ ਗਿਆ । ਸਕੂਟਰ ਨੂੰ ਕਾਰ ਦੀ ਟੱਕਰ ਲੱਗਣ ਨਾਲ ਕਾਂਸਟੇਬਲ ਅਮਰਜੀਤ ਸਿੰਘ ਹੇਠਾਂ ਡਿਗ ਗਿਆ ਅਤੇ ਉਸ ਤੋਂ ਉੱਠਿਆ ਨਹੀਂ ਗਿਆ । ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਦੌਰਾਨ ਪੁਲਸ ਦੀ ਪੀ. ਸੀ. ਆਰ. ਪਾਰਟੀ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਹ ਇਲਾਜ ਅਧੀਨ ਹੈ।