ਹੜ੍ਹ ਪੀੜਤਾਂ ਨੂੰ ਰਾਹਤ ਕਣਕ ਬੀਜ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
Saturday, Nov 08, 2025 - 05:44 PM (IST)
ਸੁਲਤਾਨਪੁਰ ਲੋਧੀ (ਅਸ਼ਵਨੀ) : ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਹੋ ਰਹੀ ਹੈ। ਉਥੇ ਹੀ ਦੂਜੇ ਪਾਸੇ ਐੱਸ.ਜੀ.ਪੀ.ਸੀ. ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਵਿਚ ਭੇਜੇ ਕਣਕ ਦੇ ਬੀਜ ਦੀ ਵੰਡ ਨੂੰ ਲੈ ਕੇ ਕਥਿਤ ਖੱਜਲਖੁਆਰੀ ਅਤੇ ਕਾਣੀ ਵੰਡ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਬੀਜ ਦੀ ਕਥਿਤ ਕਾਣੀ ਵੰਡ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨੇੜਲੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਦੇ ਵਾਸੀ ਕਿਸਾਨ ਅੰਗ੍ਰੇਜ਼ ਸਿੰਘ ਪੁੱਤਰ ਬਲਵੀਰ ਸਿੰਘ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਹ ਤਹਿਸੀਲ ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਪੰਜਾਬ ਦਾ ਰਹਿਣ ਵਾਲਾ ਹੈ। ਉਸ ਦੀ ਪਿਛਲੇ ਦਿਨੀ ਹੜ੍ਹ ਆਉਣ ਕਰਕੇ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ।
ਉਸਨੇ ਦੱਸਿਆ ਕਿ ਜਿਨ੍ਹਾ ਵਿਅਕਤੀਆ ਦੀ ਫਸਲ ਬਰਬਾਦ ਹੋਈ ਹੈ ਤੇ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ, ਵਾਸਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਕਣਕ ਦਾ ਬੀਜ ਭੇਜਿਆ ਗਿਆ ਹੈ। ਇਸ ਸੰਬੰਧੀ ਜੋ ਲਿਸਟ ਬਣੀ ਹੈ, ਉਸ ਵਿਚ ਉਸਦਾ \"ਅੰਗ੍ਰੇਜ ਸਿੰਘ\" ਤੇ ਮਾਤਾ ਸੁਖਵਿੰਦਰ ਕੌਰ ਦਾ ਨਾਮ ਦਰਜ ਵੀ ਦਰਜ ਹੈ, ਬਾਵਜੂਦ ਇਸਦੇ ਵਾਰ ਵਾਰ ਗੇੜੇ ਮਾਰਨ 'ਤੇ ਬੀਜ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਸਾਰਾ ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਉਸ ਨੇ ਐੱਸ.ਜੀ. ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲੋਂ ਇਨਸਾਫ ਦੀ ਮੰਗ ਕਰਦੇ ਆਪਣੇ ਹਿੱਸੇ ਦੇ ਕਣਕ ਦਾ ਬੀਜ ਜਲਦੀ ਉਪਲੱਬਧ ਕਰਵਾਉਣ ਦੀ ਬੇਨਤੀ ਕੀਤੀ ਹੈ।
