ਆਫ਼ ਦਿ ਰਿਕਾਰਡ ; ਜੰਮੂ-ਕਸ਼ਮੀਰ ’ਚ ਕੀ ਚੱਲ ਰਿਹਾ ਹੈ
Sunday, Sep 20, 2026 - 11:27 AM (IST)
ਜਦੋਂ ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਤੋਂ ਲੱਦਾਖ ਭੇਜਿਆ ਗਿਆ, ਤਾਂ ਕਈ ਲੋਕਾਂ ਨੇ ਕਿਹਾ ਕਿ ਇਹ ਸਜ਼ਾ ਦੇ ਤੌਰ ’ਤੇ ਪੋਸਟਿੰਗ ਹੈ। ਹੁਣ ਜਦੋਂ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਚਾਰਜ ਦਿੱਤਾ ਗਿਆ ਹੈ, ਕਿਉਂਕਿ ਮੌਜੂਦਾ ਇੰਚਾਰਜ ਮਨੋਜ ਸਿਨ੍ਹਾ ਅਮਰੀਕਾ ਚਲੇ ਗਏ ਹਨ ਤਾਂ ਸਿਆਸੀ ਗਲਿਆਰਿਆਂ ’ਚ ਸਵਾਲ ਉੱਠ ਰਹੇ ਹਨ।
ਮਨੋਜ ਸਿਨ੍ਹਾ ਹਾਲੇ ਆਈ. ਆਈ. ਟੀ.-ਬੀ. ਐੱਚ. ਯੂ. ਦੇ ਪੁਰਾਣੇ ਵਿਦਿਆਰਥੀਆਂ ਦੇ ਇਕ ਈਵੈਂਟ ’ਚ ਭਾਸ਼ਣ ਦੇਣ ਲਈ ਅਮਰੀਕਾ ’ਚ ਹਨ। ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਨੋਜ ਸਿਨ੍ਹਾ ਨੂੰ ਕੋਈ ਨਵਾਂ ਰੋਲ ਦਿੱਤਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੇ 6 ਸਾਲਾਂ ਤੋਂ ਵੱਧ ਸਮੇਂ ਤੱਕ ਜੰਮੂ-ਕਸ਼ਮੀਰ ਦੇ ਐੱਲ. ਜੀ. ਵਜੋਂ ਕੰਮ ਕੀਤਾ ਹੈ। ਭਾਜਪਾ ਦੇ ਗਲਿਆਰਿਆਂ ’ਚ ਅਜਿਹੀਆਂ ਖ਼ਬਰਾਂ ਹਨ ਕਿ ਮਨੋਜ ਸਿਨ੍ਹਾ ਨੂੰ ਨਵੰਬਰ ’ਚ ਯੂ. ਪੀ. ਤੋਂ ਰਾਜ ਸਭਾ ’ਚ ਲਿਆਂਦਾ ਜਾ ਸਕਦਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਯੂਨੀਅਨ ਕੈਬਨਿਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਕ ਚਰਚਾ ਇਹ ਵੀ ਹੈ ਕਿ ਜਦੋਂ ਕੈਬਨਿਟ ਅਤੇ ਦੂਜੇ ਬਦਲਾਅ ਹੋਣਗੇ, ਤਾਂ ਵਿਨੈ ਕੁਮਾਰ ਸਕਸੈਨਾ ਨੂੰ ਆਖਰਕਾਰ ਜੰਮੂ-ਕਸ਼ਮੀਰ ਦਾ ਫੁੱਲ-ਟਾਈਮ ਕੰਮ ਦਿੱਤਾ ਜਾ ਸਕਦਾ ਹੈ। ਸਕਸੈਨਾ ਦੇ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਤੋਂ ਬਾਅਦ ਇਹ ਅੰਦਾਜ਼ੇ ਹੋਰ ਤੇਜ਼ ਹੋ ਗਏ ਹਨ। ਹਾਲਾਂਕਿ ਫਿਲਹਾਲ ਸਿਨ੍ਹਾ ਦੇ ਅਮਰੀਕੀ ਦੌਰੇ ਨੇ ਸਿਆਸੀ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ।
