ਸੂਬੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਪਹਿਲ ਕਦਮੀ, ਲਾਏ ਜਾ ਰਹੇ CCTV ਕੈਮਰੇ
Tuesday, Jan 14, 2025 - 01:16 PM (IST)
ਜਲੰਧਰ : ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸਮੇਂ-ਸਮੇਂ 'ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਸੁਰੱਖਿਆ ਸਹੂਲਤ ਮੁਹੱਈਆ ਕਰਨਾ ਹੈ। ਇਸ ਵੱਲ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਦਿਸ਼ਾ 'ਚ ਠੋਸ ਕਦਮ ਚੁੱਕਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਹ ਕੈਮਰੇ ਲਾਉਣ ਦੀ ਸ਼ੁਰੂਆਤ ਜਨਤਕ ਥਾਵਾਂ ਤੋਂ ਕੀਤੀ ਗਈ ਹੈ।
ਸਰਕਾਰ ਵਲੋਂ ਹੁਣ ਤੱਕ 19 ਕਰੋੜ ਤੋਂ ਵੀ ਵੱਧ ਰਕਮ ਇਸ ਦੇ ਲਈ ਮਨਜ਼ੂਰ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ਦੀਆਂ 585 ਥਾਵਾਂ 'ਤੇ 2127 ਕੈਮਰੇ ਲਾਏ ਜਾ ਚੁੱਕੇ ਹਨ ਅਤੇ ਬਾਕੀ ਕੰਮ ਜਾਰੀ ਹੈ। ਇਨ੍ਹਾਂ ਕੈਮਰਿਆਂ ਰਾਹੀਂ ਜਿੱਥੇ ਸਰਕਾਰ ਦੀ ਮਾੜੇ ਅਨਸਰਾਂ 'ਤੇ ਬਾਜ਼ ਅੱਖ ਰਹੇਗੀ, ਉੱਥੇ ਹੀ ਕਿਸੇ ਵੀ ਵਾਰਦਾਤ ਨੂੰ ਟਰੇਸ ਕੀਤਾ ਜਾ ਸਕੇਗਾ। ਸਰਕਾਰ ਵਲੋਂ ਇਸ ਯੋਜਨਾ ਤਹਿਤ ਸਰਹੱਦੀ ਖੇਤਰਾਂ 'ਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਸਰਹੱਦੀ ਇਲਾਕਿਆਂ 'ਚੋਂ ਹੀ ਪੰਜਾਬ 'ਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਈ ਗੁਆਂਢੀ ਮੁਲਕ ਵਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।